ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਿੰਡ ਸ਼ਾਮ ਖੇੜਾ ਦੇ ਨਸ਼ਾ ਤਕਸਰ ਦਾ ਘਰ ਕੀਤਾ ਸੀਲ

ਮਲੋਟ: ਮਾਨਯੋਗ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ, ਡੀ.ਜੀ.ਪੀ ਪੰਜਾਬ ਵੱਲੋਂ ਸੂਬੇ ਅੰਦਰ ਚਲਾਈ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਸ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜਿੱਥੇ ਪਿੰਡਾਂ/ਸ਼ਹਿਰਾਂ ਵਿੱਚ ਸ਼ੱਕੀ ਪੁਰਸ਼ਾਂ ਦੇ ਟਿਕਾਣਿਆ ਤੇ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਉੱਥੇ ਹੀ ਨਾਕਾਬੰਦੀ ਕਰ ਏਰੀਏ ਨੂੰ ਸੀਲ ਕਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਨਸ਼ੇ ਵੇਚਣ ਵਾਲੀਆਂ ਨੂੰ ਫੜ ਕੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਨਸ਼ਾ ਤਸਕਰਾਂ ਖਿਲਾਫ ਹੈਵੀ ਕਾਮਰਸ਼ੀਅਲ ਮਾਤਰਾ ਦੇ ਐੱਨ.ਡੀ.ਪੀ.ਐੱਸ ਐਕਟ ਦੇ ਮੁਕੱਦਮੇ ਦਰਜ਼ ਹਨ ਤੇ ਉਹਨਾਂ ਵੱਲੋਂ ਨਸ਼ਾ ਤਸਕਰੀ ਰਾਹੀਂ ਬਣਾਈ ਗਈ ਪ੍ਰਾਪਰਟੀ ਨੂੰ ਫਰੀਜ਼ ਕਰਵਾਉਣ ਲਈ 68-ਐੱਫ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਪਾਸ ਭੇਜਿਆ ਜਾ ਰਿਹਾ ਹੈ। ਇਸੇ ਤਹਿਤ ਸ. ਜਸਪਾਲ ਸਿੰਘ ਡੀ.ਐੱਸ.ਪੀ (ਸਬ ਡਵੀਜ਼ਨ ਲੰਬੀ) ਅਤੇ ਐੱਸ.ਆਈ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਕਬਰਵਾਲਾ ਵੱਲੋਂ ਕਾਰਵਾਈ ਕਰਦੇ ਹੋਏ ਕਮਰਸ਼ੀਅਲ ਮਾਤਰਾ ਦੇ ਮੁਜਰਮ ਦਾ ਘਰ ਸੀਲ ਕੀਤਾ ਗਿਆ ਹੈ।

ਇਸ ਮੌਕੇ ਸ. ਜਸਪਾਲ ਸਿੰਘ ਡੀ.ਐੱਸ.ਪੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇੱਕ ਨਾਮੀ ਨਸ਼ਾ ਤਸਕਰ ਛਿੰਦਰਪਾਲ ਸਿੰਘ ਉਰਫ਼ ਛਿੰਦੂ ਪੁੱਤਰ ਜੀਤ ਸਿੰਘ ਜੋ ਪਿੰਡ ਸ਼ਾਮ ਖੇੜਾ ਦਾ ਵਾਸੀ ਹੈ, ਜਿਸ ਦੇ ਖਿਲਾਫ  ਐੱਨ.ਡੀ.ਪੀ.ਐੱਸ ਐਕਟ ਦੇ 9 ਮੁਕੱਦਮੇ ਦਰਜ਼ ਹਨ ਅਤੇ ਪਾਸੋਂ ਕਾਮਰਸ਼ੀਅਲ ਮਾਤਰਾ ਵਿੱਚ ਹੈਰੋਇਨ ਅਤੇ ਨਸ਼ੀਲ਼ੀਆਂ ਗੋਲੀਆਂ ਬ੍ਰਾਮਦ ਹੋਈਆ ਸਨ। ਜਿਸਦੇ ਘਰ ਦੀ ਪ੍ਰਾਪਰਟੀ ਜਿਸ ਦੀ ਕੀਮਤ 37,94367 ਰੁਪਏ ਬਣਦੀ ਹੈ ਉਸ ਦੀ ਪ੍ਰਾਪਰਟੀ ਨੂੰ ਅਟੈਚਮੈਂਟ ਲਈ 68 ਐੱਫ, ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਭੇਜਿਆ ਸੀ। ਜਿਸ ਦੇ ਆਰਡਰ ਮੌਸੂਲ ਹੋਣ ਤੇ ਉਸਦੇ ਘਰ ਦੇ ਬਾਹਰ ਨੋਟਿਸ ਲਗਾਇਆ ਗਿਆ ਹੈ ਕਿ ਹੁਣ ਉਹ ਇਹ ਘਰ ਵੇਚ ਨਹੀ ਸਕੇਗਾ ਅਤੇ ਜਿਸਦਾ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਚੱਲੇਗਾ। ਡੀ.ਐੱਸ.ਪੀ ਨੇ ਦੱਸਿਆ ਕਿ ਨਸ਼ੇ ਦੀ ਤਸਕਰੀ ਕਰਨ ਵਾਲੇ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ, ਤੁਸੀ ਇਸਦੀ ਜਾਣਕਾਰੀ ਸਾਡੇ ਹੈਲਪ ਲਾਈਨ ਨੰਬਰ 80549-42100 ਤੇ ਵਟ੍ਹਸਐਪ ਮੈਸੇਜ ਜਾਂ ਫੋਨ ਕਰਕੇ ਦੇ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। Author: Malout Live