District News

ਟੋਕਿਓ ਓਲੰਪਿਕ ਲਈ ਚੁਣੀ ਗਈ ਕਮਲਪ੍ਰੀਤ ਕੌਰ ਨੂੰ ਜ਼ਿਲਾ ਪ੍ਰਸਾਸ਼ਨ ਵੱਲੋ 5 ਲੱਖ ਰੁਪਏ ਦੀ ਦਿੱਤੀ ਗਈ ਸਹਾਇਤਾ ਰਾਸ਼ੀ ਸਰਕਾਰ ਕਮਲਪ੍ਰੀਤ ਕੌਰ ਦੀ ਹਰ ਸੰਭਵ ਸਹਾਇਤਾ ਲਈ ਤੱਤਪਰ- ਡੀਸੀ ਮੁਕਤਸਰ

ਸ੍ਰੀ ਮੁਕਤਸਰ ਸਾਹਿਬ :- ਪ੍ਰਾਚੀਨ ਡਿਸਕਸ ਥੋਰ ਖੇਡ ਵਿਚ ਪਿਛਲੇ 9 ਸਾਲ ਦਾ ਰਾਸ਼ਟਰੀ ਰਿਕਾਰਡ ਤੋੜ ਕੇ 23 ਜੁਲਾਈ 2021 ਤੋ ਸ਼ੁਰੂ ਹੋਣ ਜਾ ਰਹੇ ਟੋਕੀਓ (ਜਪਾਨ) ਉਲੰਪਿਕ ਲਈ ਚੁਣੀ ਗਈ ਕਬਰਵਾਲਾ ਪਿੰਡ ਦੀ ਕਮਲਪ੍ਰੀਤ ਕੌਰ ਦਾ ਅੱਜ ਜ਼ਿਲਾ ਪ੍ਰਸਾਸ਼ਨ ਅਤੇ ਸਥਾਨਕ ਲੀਡਰਾਂ ਵੱਲੋ ਉਚੇਚੇ ਤੌਰ ਤੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਵਿਚ ਸਨਮਾਨ ਕੀਤਾ ਗਿਆ। ਇਸ ਦੌਰਾਨ ਜ਼ਿਲਾ ਪ੍ਰਸਾਸ਼ਨ ਵੱਲੋ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਵੱਲੋ ਕਮਲਪ੍ਰੀਤ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦੀ ਅਜਿਹੇ ਖਿਡਾਰੀਆਂ ਪ੍ਰਤੀ ਸੰਵੇਦਨਸ਼ੀਲਤਾ ਦਾ ਇਥੋਂ ਪਤਾ ਲਗਦਾ ਹੈ ਕਿ ਇਸ ਹੋਣਹਾਰ ਖਿਡਾਰਣ ਲਈ ਮੁੱਖ ਮੰਤਰੀ ਦਫ਼ਤਰ ਵਿਖੇ ਸਵੇਰੇ ਭੇਜੀ ਪ੍ਰਤੀਬੇਨਤੀ ਦਾ ਜਵਾਬ ਸ਼ਾਮ ਨੂੰ ਹੀ 10 ਲੱਖ ਰੁਪਏ ਦੇ ਐਲਾਨ ਨਾਲ ਆ ਗਿਆ।

ਇਹ ਧਨ ਰਾਸ਼ੀ ਵੀ ਆਉਣ ਵਾਲੇ ਕੁੱਝ ਹੀ ਦਿਨਾਂ ਵਿਚ ਕਮਲਪ੍ਰੀਤ ਨੂੰ ਸੌਂਪ ਦਿੱਤੀ ਜਾਵੇਗੀ ਤਾਂ ਜੋ ਇਸ ਖਿਡਾਰਣ ਨੂੰ ਉਲੰਪਿਕ ਲਈ ਅਭਿਆਸ ਕਰਨ ਵਿਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਾਬਕਾ ਭਾਰਤੀ ਹਾਕੀ ਟੀਮ ਦੇ ਕਪਤਾਨ, ਉਲੰਪਿਅਨ ਅਤੇ ਐਸ.ਪੀ ਰਾਜਪਾਲ ਸਿੰਘ ਨੇ ਵੀ ਆਪਣੇ ਸੰਬੋਧਨ ਵਿਚ ਕਮਲਪ੍ਰੀਤ ਕੌਰ ਨੂੰ ਵਧਾਈ ਦਿੱਤੀ। ਉਨਾਂ ਆਪਣਾ ਉਲੰਪਿਕ ਦਾ ਤਜੁਰਬਾ ਸਾਂਝਾ ਕਰਦਿਆਂ ਕਿਹਾ ਕਿ ਇਹ ਕਮਲਪ੍ਰੀਤ ਦੀ ਜਿੱਤ ਦਾ ਪਹਿਲਾ ਪੜਾਅ ਹੈ। ਉਨਾਂ ਕਿਹਾ ਕਿ ਕਮਲਪ੍ਰੀਤ ਨੂੰ ਉਲੰਪਿਕ ਵਿਲੇਜ਼ ਵਿਚ ਆਪਣੀ ਇਕਾਗਰਤਾ ਵੱਲ ਖਾਸ ਧਿਆਨ ਦੇਣਾ ਪਵੇਗਾ। ਕਿਉਂ ਜੋ ਇਸ ਦੌਰਾਨ ਜ਼ਿਆਦਾਤਰ ਖਿਡਾਰੀਆਂ ਦਾ ਮਨ ਡੋਲ ਜਾਂਦਾ ਹੈ ਅਤੇ ਉਨਾਂ ਨੂੰ ਹਾਰ ਦਾ ਮੁੰਹ ਦੇਖਣਾ ਪੈਂਦਾ ਹੈ। ਇਸ ਦੇ ਨਾਲ ਹੀ ਉਹਨਾ ਨੇ ਕਮਲਪ੍ਰੀਤ ਕੌਰ ਨੂੰ ਅਭਿਆਸ ਦੌਰਾਨ ਕਿਸੇ ਵੀ ਕਿਸਮ ਦੀ ਸੱਟ ਤੋਂ ਬਚ ਕੇ ਰਹਿਣ ਦੀ ਵੀ ਸਲਾਹ ਦਿੱਤੀ ਹੈ। ਇਸ ਮੌਕੇ ਹੋਰਨਾ ਤੋ ਇਲਾਵਾ ਐਸ.ਡੀ.ਐਮ ਗਿਦੜਬਾਹਾ ਓਮ ਪ੍ਰਕਾਸ਼, ਜ਼ਿਲਾ ਪ੍ਰਸ਼ੀਦ ਚੇਅਰਮੈਨ ਨਰਿੰਦਰ ਕਾਉਣੀ, ਜ਼ਿਲਾ ਕਾਂਗਰਸ ਪ੍ਰਧਾਨ ਹਰਚਰਨ ਸਿੰਘ ਬਰਾੜ, ਸਾਬਕਾ ਜ਼ਿਲਾ ਕਾਂਗਰਸ ਪ੍ਰਧਾਨ ਗੁਰਦਾਸ ਗਿਰਧਰ, ਬਲਾਕ ਪ੍ਰਧਾਨ ਭਿੰਦਰ ਸ਼ਰਮਾ ਅਤੇ ਕਾਂਗਰਸ ਲੀਡਰ ਜਗਤਪਾਲ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Back to top button