ਐੱਸ.ਡੀ.ਐਮ-ਕਮ-ਰਿਟਰਨਿੰਗ ਅਫਸਰ -086 ਵੱਲੋਂ ਰਾਜਨੀਤਿਕ ਪਾਰਟੀਆਂ, ਪ੍ਰਿੰਟਿੰਗ ਪ੍ਰੈੱਸ, ਰੈਸਟੋਰੈਂਟ, ਮੈਰਿਜ ਪੈਲੇਸ ਮਾਲਕਾਂ ਨਾਲ ਕੀਤੀ ਗਈ ਮੀਟਿੰਗ
ਮਲੋਟ:- ਸ਼੍ਰੀਮਤੀ ਸਵਰਨਜੀਤ ਕੌਰ, ਪੀ.ਸੀ.ਐੱਸ, ਐੱਸ.ਡੀ.ਐਮ-ਕਮ-ਰਿਟਰਨਿੰਗ ਅਫਸਰ -086 ਮੁਕਤਸਰ ਸਾਹਿਬ ਵੱਲੋਂ ਵਿਧਾਨ ਸਭਾ ਹਲਕਾ -086 ਨਾਲ ਸੰਬੰਧਿਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਅਤੇ ਪ੍ਰਿੰਟਿੰਗ ਪ੍ਰੈੱਸ, ਰੈਸਟੋਰੈਂਟ, ਮੈਰਿਜ ਪੈਲੇਸ ਮਾਲਕਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਤੇ ਜ਼ਿਲ੍ਹਾ ਚੋਣ ਅਫਸਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਇਲੈਕਸ਼ਨ ਦੇ ਸੰਬੰਧ ਵਿੱਚ ਚੋਣ ਜਾਬਤਾ ਅਤੇ ਕੋਰੋਨਾ ਦੇ ਪ੍ਰਭਾਵਿਤ ਖਤਰੇ ਨੂੰ ਦੇਖਦੇ ਹੋਏ ਹਦਾਇਤਾਂ ਜਾਰੀ ਕੀਤੀਆ ਜਾ ਚੁੱਕੀਆਂ ਹਨ, ਜਿਸ ਦੇ ਬਾਰੇ ਵਿੱਚ ਪ੍ਰੈੱਸ, ਮੀਡੀਆ ਅਤੇ ਇਸ ਦਫਤਰ ਵੱਲੋਂ ਆਪ ਨੂੰ ਮੀਟਿੰਗਾਂ ਰਾਹੀਂ ਦੱਸਿਆ ਜਾ ਚੁੱਕਿਆਂ ਹੈ। ਆਪਣਾ ਰਾਜਨੀਤਿਕ ਪ੍ਰਚਾਰ ਕਰਦੇ ਸਮੇਂ ਇਨ੍ਹਾਂ ਹਦਾਇਤਾਂ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਚੋਣਾਂ ਦੇ ਕੰਮ ਨੂੰ ਵਧੀਆਂ, ਨਿਰਪੱਖ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਪ੍ਰਿੰਟਿੰਗ ਪ੍ਰੈਸ ਮਾਲਕਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਜੋ ਪ੍ਰਚਾਰ ਸਮੱਗਰੀ ਪ੍ਰਿੰਟ ਕਰਵਾਈ ਜਾਵੇਗੀ, ਉਸ ਵਿੱਚ ਕੋਈ ਅਜਿਹਾ ਮੈਟੀਰਿਅਲ ਨਾ ਛਾਪਿਆ ਜਾਵੇ ਜਿਸ ਨਾਲ ਕਿਸੇ ਧਰਮ , ਜਾਤ ਜਾਂ ਰਾਜਨੀਤਿਕ ਪਾਰਟੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ ਅਤੇ ਕਿਸੇ ਝਗੜੇ ਜਾਂ ਅਮਨ-ਕਾਨੂੰਨ ਦੀ ਸਥਿਤੀ ਪੈਦਾ ਕਰਦੀ ਹੋਵੇ।
ਜੇਕਰ ਕਿਸੇ ਪ੍ਰਿੰਟਿੰਗ ਪ੍ਰੈੱਸ ਵੱਲੋਂ ਅਜਿਹੀ ਸਮੱਗਰੀ ਛਾਪਣ ਸੰਬੰਧੀ ਪ੍ਰਸ਼ਾਸਨ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਸ ਤੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਤੇ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਰੈਸਟੋਰੈਂਟ, ਮੈਰਿਜ ਪੈਲੇਸ ਮਾਲਕਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਕੋਰੋਨਾ ਦਾ ਮੁੜ ਪਸਾਰ ਹੋ ਰਿਹਾ ਹੈ ਅਤੇ ਦਿਨੋ-ਦਿਨ ਇਸ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਇਲੈਕਸ਼ਨ ਕਮਿਸ਼ਨ ਵੱਲੋਂ ਰਾਜਨੀਤਿਕ ਰੈਲੀਆਂ ਅਤੇ ਇਕੱਠਾਂ ਤੇ ਪਾਬੰਦੀ ਲਗਾਈ ਹੋਈ ਹੈ। ਜ਼ਾਹਿਰ ਹੈ ਕਿ ਰਾਜਨੀਤਿਕ ਪਾਰਟੀਆਂ ਆਪਣੇ ਪ੍ਰਚਾਰ ਲਈ ਆਪਣੇ ਰੈਸਟੋਰੈਂਟਾਂ ਜਾਂ ਮੈਰਿਜ ਪੈਲੇਸ ਵਿੱਚ ਇਕੱਠ ਕਰਨ ਦਾ ਉਪਰਾਲਾ ਕਰਨ। ਜੇਕਰ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਕੀਤੀ ਗਈ ਕੋਈ ਅਜਿਹੀ ਬੁਕਿੰਗ ਜਾਂ ਕੋਰੋਨਾਂ ਨਿਯਮਾਂ ਦਾ ਉਲੰਘਣ ਪ੍ਰਸ਼ਾਸਨ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਉਸਦੇ ਖਿਲਾਫ ਵੀ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਲਈ ਐੱਸ.ਡੀ.ਐਮ- ਕਮ-ਰਿਟਰਨਿੰਗ ਅਫਸਰ -086 ਵੱਲੋਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਅਤੇ ਪ੍ਰਿੰਟਿੰਗ ਪ੍ਰੈੱਸ, ਰੈਸਟੋਰੈਂਟ, ਮੈਰਿਜ ਪੈਲੇਸ ਮਾਲਕਾਂ ਨੂੰ ਅਪੀਲ ਕੀਤੀ ਗਈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਅਨੁਸਾਰ ਆਪਣਾ ਪ੍ਰਚਾਰ, ਬੁਕਿੰਗ ਅਤੇ ਪ੍ਰਿੰਟਿੰਗ ਆਦਿ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ।