ਪੰਜਾਬ 'ਚ ਠੰਡ ਨੂੰ ਲੈ ਕੇ 'ਰੈੱਡ ਅਲਰਟ ਜਾਰੀ, ਪੂਰੇ ਉੱਤਰੀ ਭਾਰਤ 'ਚ ਸੀਤ ਲਹਿਰ ਦਾ ਜ਼ੋਰ

ਮਲੋਟ: ਪੰਜਾਬ ਹੀ ਨਹੀਂ ਦੇਸ਼ ਭਰ ਵਿੱਚ ਕੜਾਕੇ ਦੀ ਠੰਢ ਲਗਾਤਾਰ ਵੱਧਦੀ ਜਾ ਰਹੀ ਹੈ। ਸੰਘਣੀ ਧੁੰਦ ਕਾਰਨ ਵੀ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਤੋਂ ਬਚਣ ਲਈ ਲੋਕਾਂ ਨੂੰ ਅੱਗ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਮੌਸਮ ਨੂੰ ਲੈ ਕੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਆਉਣ ਵਾਲੇ ਦਿਨਾਂ 'ਚ ਠੰਢ ਅਤੇ ਸੰਘਣੀ ਧੁੰਦ ਦਾ ਕਹਿਰ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਮੌਸਮ ਵਿਭਾਗ ਮੁਤਾਬਿਕ ਵੀਰਵਾਰ ਤੱਕ ਪੰਜਾਬ 'ਚ ਮੌਸਮ ਇਸੇ ਤਰ੍ਹਾਂ ਰਹਿਣ ਦੀ ਵੀ ਸੰਭਾਵਨਾ ਜਤਾਈ ਹੈ।

ਇੰਨ੍ਹਾਂ ਹੀ ਨਹੀਂ ਸ਼ੁੱਕਰਵਾਰ ਨੂੰ ਪੰਜਾਬ 'ਚ ਬੱਦਲਵਾਈ ਦੇ ਰਹਿਣ ਦੀ ਸੰਭਾਵਨਾ ਅਤੇ ਮੀਂਹ ਦੇ ਛਿੱਟੇ ਵੀ ਪੈ ਸਕਦੇ ਹਨ। ਕੜਾਕੇ ਦੀ ਠੰਢ ਕਾਰਨ ਜਿੱਥੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉੱਥੇ ਹੀ ਸੜਕਾਂ ਤੇ ਵੀ ਵਾਹਨਾਂ ਦੀ ਰਫ਼ਤਾਰ ’ਤੇ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੰਘਣੀ ਧੁੰਦ ਕਾਰਨ ਕਈ ਟਰੇਨਾਂ ਰੱਦ ਅਤੇ ਕਈ ਆਪਣੇ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਜਿਸ ਕਾਰਨ ਯਾਤਰੀਆਂ ਨੂੰ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ 9 ਜਨਵਰੀ ਯਾਨੀ ਅੱਜ ਤੋਂ 8ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਦੇ ਤਕਰੀਬਨ 5 ਜ਼ਿਲ੍ਹਿਆਂ ’ਚ 4 ਡਿਗਰੀ ਤੋਂ ਘੱਟ ਤਾਪਮਾਨ ਰਿਕਾਰਡ ਕੀਤਾ ਗਿਆ ਹੈ। Author: Malout Live