ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਚਿੜੀਆ ਘਰ 31 ਮਾਰਚ 2020 ਤੱਕ ਬੰਦ ਰੱਖਣ ਦੇ ਹੁਕਮ

ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੋਰੋਨਾ ਵਾਇਰਸ ਦੇ ਰੋਜਾਨਾਂ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਵਿਚਲੇ ਸਾਰੇ ਚਿੜਿਆਘਰਾਂ ਨੂੰ 31 ਮਾਰਚ 2020 ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਕੋਰੋਨਾ ਵਾਇਰਸ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਮੱਸਿਆ ਨੂੰ ਟਾਲਣ ਲਈ ਇਹਤਿਆਤ ਵਜੋਂ ਲਿਆ ਗਿਆ ਹੈ। ਚੰਡੀਗੜ ਦੇ ਨੇੜੇ ਛੱਤਬੀੜ ਵਿਖੇ ਇਕ ਵੱਡਾ ਚਿੜੀਆਘਰ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਵਿਚ ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਸਮਰਾਲਾ ਨੇੜੇ ਨੀਲੋਂ ਵਿਖੇ ਚਾਰ ਹੋਰ ਛੋਟੇ ਚਿੜੀਆਘਰ ਹਨ।  ਔਸਤਨ ਤਕਰੀਬਨ 4000 ਸੈਲਾਨੀ ਰੋਜ਼ਾਨਾ ਇਨ੍ਹਾਂ ਚਿੜੀਆਘਰਾਂ ਵਿੱਚ ਆਉਂਦੇ ਹਨ ਜਦੋਂਕਿ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਇੱਥੇ ਆਉਣ ਵਾਲਿਆਂ ਦੀ ਗਿਣਤੀ 10,000 ਦੇ ਕਰੀਬ ਹੋ ਜਾਂਦੀ ਹੈ ਅਤੇ ਗਰਮੀਆਂ ਅਤੇ ਸਰਦੀਆਂ ਦੇ ਮੌਸਮ ਵਿਚ ਛੁੱਟੀਆਂ ਦੌਰਾਨ ਇਹ ਗਿਣਤੀ ਹੋਰ ਵੱਧ ਜਾਂਦੀ ਹੈ। ਜਿਸ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਅਤੇ ਜਿੰਮ ਆਦਿ 31 ਮਾਰਚ ਤੱਕਬੰਦ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਸਕੂਲਾਂ ‘ਚ ਸਿਰਫ਼ ਪ੍ਰੀਖਿਆ ਹੀ ਹੋਣਗੀਆਂ।