ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਬਦਲਿਆ ਪੈਟਰਨ, ਵਿਦਿਆਰਥੀ ਅਤੇ ਅਧਿਆਪਕ ਪ੍ਰੇਸ਼ਾਨ

ਮਲੋਟ (ਪੰਜਾਬ): ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਅਹਿਮ ਫੈਸਲਾ ਲਿਆ ਹੈ, ਜਿਸ ਨੂੰ ਲੈ ਕੇ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਦੀ ਨੀਂਦ ਉੱਡ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਗਲੇ ਸਾਲ ਤੋਂ ਆਪਣੀਆਂ ਪ੍ਰੀਖਿਆਵਾਂ ਦੇ ਪੈਟਰਨ ਵਿੱਚ ਤਬਦੀਲੀ ਕੀਤੀ ਜਾਣੀ ਸੀ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚੋਂ ਪਾਸ ਹੋ ਕੇ ਨਿਕਲ ਰਹੇ ਵਿਦਿਆਰਥੀਆਂ ਵਿੱਚੋਂ ਬਹੁਤ ਘੱਟ ਵਿਦਿਆਰਥੀ ਅਜਿਹੇ ਹਨ, ਜੋ ਯੂ.ਪੀ.ਐੱਸ.ਸੀ ਜਾਂ ਪੀ.ਸੀ.ਐੱਸ ਵਰਗੇ ਮੁਕਾਬਲਿਆਂ ਵਿੱਚ ਅੱਗੇ ਆਉਂਦੇ ਸਨ। ਇਸ ਲਈ ਸਿੱਖਿਆ ਬੋਰਡ ਨੇ ਸੀ.ਬੀ.ਐੱਸ.ਈ ਵਾਲਾ ਪੈਟਰਨ ਅਪਣਾਉਣ ਲਈ ਅਗਲੇ ਸਾਲ ਤੋਂ ਤਿਆਰੀ ਆਰੰਭ ਕਰ ਦਿੱਤੀ ਸੀ,

ਪਰ ਹੁਣ ਅਚਾਨਕ ਹੀ ਰਾਤੋ-ਰਾਤ ਸਿੱਖਿਆ ਬੋਰਡ ਨੇ ਆਪਣਾ ਸਾਰਾ ਹੀ ਪੈਟਰਨ ਇਸੇ ਸਾਲ ਦੀਆਂ ਪ੍ਰੀਖਿਆਵਾਂ ਤੋਂ ਹੀ ਬਦਲਣ ਦਾ ਫੈਸਲਾ ਕਰ ਲਿਆ ਹੈ, ਜਿਸ ਕਾਰਨ ਵਿਦਿਆਰਥੀ, ਉਨ੍ਹਾਂ ਦੇ ਮਾਪੇ ਅਤੇ ਅਧਿਆਪਕ ਬਹੁਤ ਹੀ ਪ੍ਰੇਸ਼ਾਨ ਹੋ ਗਏ ਹਨ। ਸਿੱਖਿਆ ਵਿਭਾਗ ਇਸ ਪੈਟਰਨ ਨੂੰ ਲਾਗੂ ਕਰਨ ਲਈ ਗੰਭੀਰ ਦਿਖਾਈ ਦੇ ਰਿਹਾ ਹੈ ਅਤੇ ਉਸ ਨੇ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਸਾਰੇ ਲੈਕਚਰਾਰਾਂ ਦੇ ਸੈਮੀਨਾਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਥੋੜੇ ਸਮੇਂ ਵਿੱਚ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਨਵੇਂ ਪੈਟਰਨ ਦੀ ਤਿਆਰੀ ਕਰਵਾ ਸਕਣਗੇ। Author: Malout Live