District News

ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਰੋਸ ਧਰਨਾ

ਸ੍ਰੀ ਮੁਕਤਸਰ ਸਾਹਿਬ– ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਵਲੋਂ ਸਥਾਨਕ ਡੀਪੂ ਵਿਖੇ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਠੇਕਾ ਆਧਾਰਿਤ ਕਾਮਿਆਂ ਨੂੰ ਸਮੇਂ ਸਿਰ ਤਨਖ਼ਾਹ ਨਾ ਮਿਲਣ ਸਬੰਧੀ ਰੋਸ ਜਾਹਰ ਕੀਤਾ ਗਿਆ । ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੰਟਰੈਕਟ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਜਨਰਲ ਮੈਨੇਜਰ ਦੀ ਅਸਾਮੀ ਖਾਲੀ ਪਈ ਹੈ, ਜਿਸ ਕਰਕੇ ਮੁਲਾਜ਼ਮਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਦੱਸਿਆ ਕਿ ਠੇਕੇਦਾਰ ਕੰਪਨੀ ਤਹਿਤ ਕੰਮ ਕਰਦੇ ਮੁਲਾਜ਼ਮਾਂ ਦੇ ਕੰਮ ਦਾ ਮਹੀਨਾ 21 ਤੋਂ ਅਗਲੀ 20 ਤਰੀਕ ਤੱਕ ਹੁੰਦਾ ਹੈ, ਪਰ 21 ਸਤੰਬਰ ਨੂੰ ਮਹੀਨਾ ਖ਼ਤਮ ਹੋਣ ਉਪਰੰਤ ਅੱਜ 11 ਅਕਤੂਬਰ ਤੱਕ ਉਨ੍ਹਾਂ ਦੀ ਤਨਖ਼ਾਹ ਦੀ ਅਦਾਇਗੀ ਨਹੀਂ ਹੋਈ । ਉਨ੍ਹਾਂ ਦੱਸਿਆ ਕਿ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਹਰ ਮਹੀਨੇ 1 ਤਰੀਕ ਨੂੰ ਅਦਾਇਗੀ ਕਰ ਦਿੱਤੀ ਜਾਂਦੀ ਹੈ, ਪਰ ਵਿਭਾਗ ਵਲੋਂ ਠੇਕਾ ਮੁਲਾਜ਼ਮਾਂ ਨਾਲ ਹਰ ਮਹੀਨੇ ਧੱਕਾ ਕੀਤਾ ਜਾਂਦਾ ਹੈ । ਆਗੂਆਂ ਨੇ ਮੰਗ ਕੀਤੀ ਕਿ ਲਹਿਰੀ ਪ੍ਰੋਵਾਈਡਰ ਅਧੀਨ ਕੰਮ ਕਰਦੇ ਮੁਲਾਜ਼ਮਾਂ ਦੀ ਹਰ ਮਹੀਨੇ ਦੀ ਤਨਖ਼ਾਹ 1 ਤਰੀਕ ਤੇ ਵਿਭਾਗ ਵਿਚ ਕੰਟਰੈਕਟ ਅਧਾਰ ‘ਤੇ ਕੰਮ ਕਰਦੇ ਵਰਕਰਾਂ ਦੀ ਹਰ ਮਹੀਨੇ ਦੀ ਤਨਖ਼ਾਹ 5 ਤਰੀਕ ਤੱਕ ਦਿੱਤੀ ਜਾਵੇ । ਇਸ ਮੌਕੇ ਸੂਬਾ ਸਰਪ੍ਰਸਤ ਕਮਲ ਕੁਮਾਰ ਨੇ ਕਿਹਾ ਕਿ ਠੇਕੇਦਾਰੀ ਤਹਿਤ ਕੰਮ ਕਰਕੇ ਵਰਕਰਾਂ ਨੂੰ 8 ਹਜ਼ਾਰ ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ, ਜੋ ਅੱਜ ਦੀ ਮਹਿੰਗਾਈ ਮੁਤਾਬਿਕ ਬਹੁਤ ਥੋੜ੍ਹਾ ਹੈ । ਉਨ੍ਹਾਂ ਦੱਸਿਆ ਕਿ ਪਨਬਸ ਯੂਨੀਅਨ ਵਲੋਂ ਟਰੈਫ਼ਿਕ ਮੈਨੇਜਰ ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਜੇਕਰ ਮੰਗਾਂ ਸਬੰਧੀ ਧਿਆਨ ਨਾ ਦਿੱਤਾ ਗਿਆ ਤਾਂ 15 ਅਕਤੂਬਰ ਤੋਂ ਦੁਬਾਰਾ ਸੰਘਰਸ਼ ਕੀਤਾ ਜਾਵੇਗਾ । ਇਸ ਮੌਕੇ ਹਰਜਿੰਦਰ ਸਿੰਘ, ਤਰਸੇਮ ਸਿੰਘ, ਅਜੀਤ ਸਿੰਘ, ਬਲਕਾਰ ਸਿੰਘ, ਗੁਰਪਾਲ ਸਿੰਘ, ਅਵਤਾਰ ਸਿੰਘ ਤੇ ਮੱਖਣ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

Back to top button