ਠੋਸ ਕਚਰੇ ਦੇ ਪ੍ਰਬੰਧਨ ਸਬੰਧੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਬੈਠਕ
ਸ੍ਰੀ ਮੁਕਤਸਰ ਸਾਹਿਬ :- ਨੈਸ਼ਨਲ ਗ੍ਰੀਨ ਟਿ੍ਰਬਿਉਨਲ ਵਲੋਂ ਕੇਸ ਨੰਬਰ 606 ਆਫ 2018 ਤਹਿਤ ਕੀਤੇ ਹੁਕਮਾਂ ਦੀ ਰੌਸ਼ਨੀ ਵਿਚ ਠੋਸ ਕਚਰੇ ਦੇ ਪ੍ਰਬੰਧਨ ਲਈ ਗਠਿਤ ਜ਼ਿਲਾ ਪੱਧਰੀ ਟਾਸਕ ਫੋਰਸ ਦੀ ਪਲੇਠੀ ਬੈਠਕ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੌਰਾਨ ਠੋਸ ਕਚਰੇ ਦੇ ਪ੍ਰਬੰਧਨ ਸਬੰਧੀ ਠੋਸ ਕਚਰੇ ਦੇ ਨਿਪਟਾਰੇ ਦੀ ਯੋਜਨਾਬੰਦੀ ਤੇ ਵਿਚਾਰ ਵਟਾਂਦਰਾਂ ਕੀਤਾ ਗਿਆ। ਬੈਠਕ ਦੌਰਾਨ ਐਸਡੀਓ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਸ੍ਰੀ ਰਵੀਪਾਲ ਨੇ ਦੱਸਿਆ ਕਿ ਨਗਰ ਕੌਸਲਾਂ ਦੇ ਕਚਰੇ ਦੇ ਪ੍ਰਬੰਧਨ ਲਈ ਸਰਕਾਰੀ ਦਿਸ਼ਾ ਨਿਰਦੇਸ਼ਾ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਉਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਘਰ ਦੇ ਪੱਧਰ ਤੇ ਗਿੱਲੇ ਅਤੇ ਸੁੱਕੇ ਕੂੜੇ ਦਾ ਵਰਗੀਕਰਨ ਹੋਵੇਗਾ। ਇਸ ਤੋਂ ਬਾਅਦ ਨਗਰ ਕੋਂਸਲ ਦੇ ਵਰਗੀਕਰਨ ਕੇਂਦਰ ਤੇ ਇਸਦਾ ਵਰਗੀਕਰਨ ਕੀਤਾ ਜਾਵੇਗਾ। ਗਿੱਲੇ ਕੂੜੇ ਤੋਂ ਵਰਗੀਕੰਪੋਸਟ ਤਿਆਰ ਕੀਤੀ ਜਾਵੇਗੀ ਜਦ ਕਿ ਬਾਕੀ ਕੂੜੇ ਵਿਚੋ ਰੀਸਾਈਕਲ ਹੋਣ ਯੋਗ ਵਸਤਾਂ ਅਲਗ ਕਰਕੇ ਬਾਕੀ ਦਾ ਕੂੜਾ ਡੰਪ ਵਿਖੇ ਭੇਜਿਆ ਜਾਵੇਗਾ। ਇਸ ਮੌਕੇ ਕਾਰਜ ਸਾਧਕ ਅਫਸਰਾਂ ਸ੍ਰੀ ਵਿਪਨ ਗੋਇਲ ਅਤੇ ਸ. ਜਗਸੀਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲਾਂ ਵਲੋਂ ਇਸ ਸਬੰਧੀ ਹਦਾਇਤਾਂ ਅਤੇ ਤੈਅ ਸਮਾਂ ਹੱਦ ਅੰਦਰ ਇਹ ਪ੍ਰੋਜੈਕਟ ਪੂਰਾ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਰਿਚਾ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਿੱਲਾ ਅਤੇ ਸੁੱਕਾ ਕੁੜਾ ਅਲਗ ਕਰਕੇ ਦੇਣ ਅਤੇ ਪੋਲੀਥੀਨ ਦੀ ਵਰਤੋਂ ਬੰਦ ਕਰਕੇ ਆਪਣੇ ਸ਼ਹਿਰਾਂ ਨੂੰ ਸਾਫ ਕਰਨ ਵਿਚ ਸਹਿਯੋਗ ਕਰਨ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਐਚ. ਐਸ ਸਰਾਂ ਨੇ ਆਖਿਆ ਕਿ ਪਿੰਡਾ ਵਿਚ ਵੀ ਵਿਭਾਗ ਲੋਕਾਂ ਨੂੰ ਪੋਲੀਥੀਨ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਬੈਠਕ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਉਪ ਮੰਡਲ ਮੇਜਿਸਟ੍ਰੇਟ ਸ੍ਰੀਮਤੀ ਵੀਰਪਾਲ ਕੌਰ, ਮਲੋਟ ਦੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਗੋਪਾਲ ਸਿੰਘ ਅਤੇ ਗਿੱਦੜਬਾਹਾ ਦੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਓਮ ਪ੍ਰਕਾਸ਼ ਵੀ ਹਾਜ਼ਰ ਸਨ।