Punjab

ਪੰਜਾਬ ‘ਚ ਔਰਤਾਂ ਲਈ ਖਾਸ ਸੁਵਿਧਾ ਸ਼ੁਰੂ, ਸਾਧਨ ਨਾ ਹੋਣ ‘ਤੇ ਪੁਲਸ ਪਹੁੰਚਾਏਗੀ ਘਰ

ਚੰਡੀਗਡ਼੍ਹ/ਜਲੰਧਰ:- ਔਰਤਾਂ ਦੀ ਸੁਰੱਖਿਆ ਪ੍ਰਤੀ ਵਧ ਰਹੀ ਫਿਕਰਮੰਦੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁੱਕਵਾਂ ਸਾਧਨ ਨਾ ਮਿਲਣ ਦੀ ਸੂਰਤ ’ਚ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫਤ ਪੁਲਸ ਸਹਾਇਤਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।

ਸੂਬਾ ਭਰ ’ਚ ਇਹ ਸਹੂਲਤ 100, 112 ਅਤੇ 181 ਨੰਬਰ ’ਤੇ ਮੌਜੂਦ ਹੋਵੇਗੀ, ਜਿਨ੍ਹਾਂ ਰਾਹੀਂ ਸੰਪਰਕ ਕਰਨ ਵਾਲੀ ਮਹਿਲਾ ਤੁਰੰਤ ਪੁਲਸ ਕੰਟਰੋਲ ਰੂਮ (ਪੀ. ਸੀ. ਆਰ.) ਨਾਲ ਜੁਡ਼ ਜਾਵੇਗੀ। ਮੁੱਖ ਮੰਤਰੀ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਇਹ ਸੁਵਿਧਾ ਸੂਬੇ ਭਰ ’ਚ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਘਰੋਂ ਲਿਜਾਣ ਅਤੇ ਛੱਡਣ ਦੀ ਸੁਵਿਧਾ ਉਨ੍ਹਾਂ ਮਹਿਲਾਵਾਂ ਨੂੰ ਹਾਸਲ ਹੋਵੇਗੀ, ਜਿਨ੍ਹਾਂ ਦੀ ਟੈਕਸੀ ਜਾਂ ਥ੍ਰੀ-ਵ੍ਹੀਲਰ ਵਰਗੇ ਸੁਰੱਖਿਅਤ ਵਾਹਨ ਤੱਕ ਪਹੁੰਚ ਨਾ ਹੋਵੇ। ਔਰਤਾਂ ’ਚ ਸੁਰੱਖਿਆ ਦੀ ਭਾਵਨਾ ਵਜੋਂ ਮੁੱਖ ਮੰਤਰੀ ਨੇ ਹੁਕਮ ਦਿੱਤੇ ਕਿ ਆਵਾਜਾਈ ਦੌਰਾਨ ਸਬੰਧਤ ਔਰਤ ਨਾਲ ਘੱਟੋ-ਘੱਟ ਇਕ ਮਹਿਲਾ ਪੁਲਸ ਅਫ਼ਸਰ ਜ਼ਰੂਰ ਹੋਣੀ ਚਾਹੀਦੀ ਹੈ।
ਡੀ. ਜੀ. ਪੀ. ਨੇ ਇਸ ਸਬੰਧੀ ਦੱਸਿਆ ਕਿ ਸੂਬੇ ’ਚ ਮੋਹਾਲੀ, ਪਟਿਆਲਾ ਅਤੇ ਬਠਿੰਡਾ ਸਮੇਤ ਹੋਰ ਵੱਡੇ ਸ਼ਹਿਰਾਂ ’ਚ ਪੁਲਸ ਹੈੱਡਕੁਆਰਟਰਾਂ ’ਤੇ ਸਮਰਪਿਤ ਪੀ. ਸੀ. ਆਰ. ਵਾਹਨ ਮੌਜੂਦ ਹੋਣਗੇ। ਹਰੇਕ ਜ਼ਿਲੇ ’ਚ ਇਸ ਸਕੀਮ ਨੂੰ ਅਮਲ ’ਚ ਲਿਆਉਣ ਲਈ ਡੀ. ਐੱਸ. ਪੀ./ਏ. ਸੀ. ਪੀ. (ਔਰਤਾਂ ਵਿਰੁੱਧ ਅਪਰਾਧ ਵਿੰਗ) ਨੋਡਲ ਅਫ਼ਸਰ ਵਜੋਂ ਤਾਇਨਾਤ ਹੋਵੇਗੀ। ਇਨ੍ਹਾਂ ਮਹਿਲਾ ਪੁਲਸ ਅਫ਼ਸਰਾਂ ਦੇ ਸੰਪਰਕ ਨੰਬਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵੈੱਬਸਾਈਟਾਂ ’ਤੇ ਉਪਲੱਬਧ ਹੋਣਗੇ। ਏ. ਡੀ. ਜੀ. ਪੀ. (ਅਪਰਾਧ) ਗੁਰਪ੍ਰੀਤ ਕੌਰ ਦਿਓ ਇਸ ਸੁਵਿਧਾ ਲਈ ਸੂਬਾਈ ਨੋਡਲ ਅਫ਼ਸਰ ਹੋਣਗੇ।

Leave a Reply

Your email address will not be published. Required fields are marked *

Back to top button