ਸੰਘਣੀ ਧੁੰਦ ਕਾਰਨ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ, ਦਿਨ ਅਤੇ ਰਾਤ ਦੇ ਤਾਪਮਾਨ ਵਿੱਚ 12-13 ਡਿਗਰੀ ਸੈਲਸੀਅਸ ਦਾ ਅੰਤਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਹਾਈਵੇ ਦੇ ਮੁਕਾਬਲੇ ਸ਼ਹਿਰ ਵਿੱਚ ਧੁੰਦ ਦਾ ਪ੍ਰਭਾਵ ਘੱਟ ਦਿਖਾਈ ਦੇ ਰਿਹਾ ਹੈ ਪਰ ਨਿਗਮ ਦੀ ਹੱਦ ਤੋਂ ਬਾਹਰ ਨਿਕਲਣ ’ਤੇ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ ਅਤੇ ਕਈ ਲੋਕ ਆਪਣੇ ਰੁਟੀਨ ਕੰਮਕਾਜ ਨੂੰ ਮੁਲਤਵੀ ਕਰਨ ਲਈ ਮਜ਼ਬੂਰ ਹੋ ਰਹੇ ਹਨ। ਹੁਣ ਮੌਸਮ ਵਿੱਚ ਹੋ ਰਹੇ ਬਦਲਾਅ ਕਾਰਨ ਸਵੇਰੇ ਭਾਰੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੁਪਹਿਰ ਵਿੱਚ ਮੌਸਮ ਆਮ ਹੋਣ ਲੱਗਾ ਹੈ। ਦਿਨ-ਰਾਤ ਦੇ ਤਾਪਮਾਨ ਵਿੱਚ 13 ਡਿਗਰੀ ਤੋਂ ਜ਼ਿਆਦਾ ਦਾ ਫਰਕ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਮੌਸਮ ਵਿੱਚ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਇਸ ਕਾਰਨ ਸਾਵਧਾਨੀਆਂ ਅਪਣਾਉਣ ਦੀ ਲੋੜ ਹੈ ਕਿਉਂਕਿ ਇਹ ਅੰਤਰ ਆਮ ਜਨ-ਜੀਵਨ ਨੂੰ ਬੇਹਾਲ ਕਰ ਰਿਹਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਦੁਪਹਿਰ ਨੂੰ ਧੁੱਪ ਦੌਰਾਨ ਲੋਕ ਮੋਟੇ ਕੱਪੜੇ ਘੱਟ ਪਹਿਨਦੇ ਹਨ ਅਤੇ ਸ਼ਾਮ ਨੂੰ ਕਈ ਲੋਕ ਕੱਪੜਿਆਂ ਦੀ ਗਿਣਤੀ ਵਧਾਉਣਾ ਭੁੱਲ ਜਾਂਦੇ ਹਨ, ਜੋ ਕਿ ਠੰਡ ਲੱਗਣ ਦਾ ਕਾਰਨ ਬਣ ਸਕਦਾ ਹੈ। ਇਸ ਲਈ ਸ਼ਾਮ ਸਮੇਂ ਘਰੋਂ ਬਾਹਰ ਜਾਣ ਵਾਲਿਆਂ ਨੂੰ ਆਪਣਾ ਬਚਾਅ ਕਰਨ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਆਲਮ ਇਹ ਹੈ ਕਿ ਆਮ ਜਨ-ਜੀਵਨ ਬੇਹੱਦ ਪ੍ਰਭਾਵਿਤ ਹੋ ਰਿਹਾ ਹੈ। ਅਗਲੇ ਕੁੱਝ ਦਿਨਾਂ ਤਕ ਮੀਂਹ ਦੀ ਸੰਭਾਵਨਾ ਨਹੀਂ ਹੈ, ਜਿਸ ਕਾਰਨ ਅਜਿਹਾ ਲੱਗ ਰਿਹਾ ਹੈ ਕਿ ਸਰਦੀ ਵਿੱਚ ਵੱਡੀ ਰਾਹਤ ਮਿਲਣ ਵਿਚ ਹਾਲੇ ਸਮਾਂ ਲੱਗੇਗਾ। Author: Malout Live