ਸਿਹਤ ਵਿਭਾਗ ਵੱਲੋਂ ਵਿਸ਼ਵ ਲੈਪਰੋਸੀ ਦਿਵਸ ਸੰਬੰਧੀ ਕੁਸ਼ਟ ਆਸ਼ਰਾਮ ਵਿੱਚ ਦਿੱਤਾ ਗਿਆ ਦਵਾਈਆਂ ਅਤੇ ਸਮਾਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਕੁਸ਼ਟ ਰੋਗ ਨੂੰ ਖਤਮ ਲਈ ਚਲਾਏ ਜਾ ਰਹੇ ਲੈਪਰੋਸੀ ਈਰੈਡੀਕੇਸ਼ਨ ਪ੍ਰੋਗਰਾਮ ਅਧੀਨ ਵਿਸ਼ਵ ਲੈਪਰੋਸੀ ਦਿਵਸ ਦੇ ਸੰਬੰਧ ਵਿਚ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਕੁਸ਼ਟ ਆਸ਼ਰਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਅਤੇ ਕੁਸ਼ਟ ਆਸ਼ਰਮ ਵਾਸੀ ਸ਼ਾਮਿਲ ਹੋਏ। ਇਸ ਸਮੇਂ ਸਮੂਹ ਹਾਜ਼ਰੀਨ ਨੂੰ ਡਾ. ਆਲਮਜੀਤ ਸਿੰਘ ਜਿਲ੍ਹਾ ਲੈਪਰੋਸੀ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਸ਼ਟ ਰੋਗ ਪੂਰੀ ਤਰ੍ਹਾਂ ਇਲਾਜਯੋਗ ਹੈ। ਜੇਕਰ ਕਿਸੇ ਵਿਅਕਤੀ ਦੀ ਚਮੜੀ ਦੇ ਤਾਂਬੇ ਰੰਗ ਦੇ ਸੁੰਨ ਧੱਬੇ, ਚਮੜੀ ਦਾ ਸੁੰਨਾਪਣ, ਨਸਾਂ ਮੋਟੀਆਂ ਅਤੇ ਸਖਤ, ਚਮੜੀ ਤੇ ਠੰਡੇ ਅਤੇ ਗਰਮ ਦਾ ਭੇਦ ਨਾ ਲੱਗਣਾ,ਨਾ ਠੀਕ ਹੋਣ ਵਾਲੇ ਜਖਮ ਹੋ ਜਾਣ ਤਾਂ
ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਵਿਖੇ ਜਾ ਕੇ ਆਪਣਾ ਚੈਕਅੱਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸਪਰਪਿਤ 30 ਜਨਵਰੀ ਹਰ ਸਾਲ ਵਿਸ਼ਵ ਲੈਪਰੋਸੀ ਦਿਵਸ ਮਨਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਲੈਪਰੋਸੀ ਮਰੀਜਾਂ ਨਾਲ ਕਿਸੇ ਤਰ੍ਹਾ ਦਾ ਭੇਦਭਾਵ ਨਾ ਕਰਨ ਸੰਬੰਧੀ ਪ੍ਰੇਰਿਤ ਕੀਤਾ ਜਾਂਦਾ ਹੈ। ਕਿਉਂਕਿ ਲੈਪਰੋਸੀ ਰੋਗ ਵੀ ਆਮ ਰੋਗਾਂ ਵਾਂਗ ਹੀ ਹੈ ਅਤੇ ਇਹ ਰੋਗ ਇਕ ਬੈਕਟੀਰੀਆ ਨਾਲ ਹੁੰਦਾ ਹੈ ਅਤੇ ਇਸ ਰੋਗ ਵਿੱਚ ਅੰਧ ਵਿਸ਼ਵਾਸ ਨਹੀ ਕਰਨਾ ਚਾਹੀਦਾ। ਇਸ ਸਮੇਂ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੁਸ਼ਟ ਰੋਗੀਆਂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਬਹੁਔਸ਼ਧੀ ਦਵਾਈਆਂ ਨਾਲ ਕੁਸ਼ਟ ਰੋਗ ਦਾ ਸੌ ਫੀਸਦੀ ਇਲਾਜ ਸੰਭਵ ਹੈ। ਇਸ ਸਮੇਂ ਕੁਸ਼ਟ ਆਸ਼ਰਮ ਵਾਸੀ ਅਤੇ ਮਰੀਜਾਂ ਨੂੰ ਲੋੜੀਦੀਆਂ ਪੱਟੀਆਂ, ਦਵਾਈਆਂ ਅਤੇ ਹੋਰ ਲੋੜੀਂਦਾ ਸਮਾਨ ਦਿੱਤਾ ਗਿਆ। ਇਸ ਸਮੇਂ ਭਗਵਾਨ ਦਾਸ ਜਿਲ੍ਹਾ ਸਿਹਤ ਇੰਸਪੈਕਟਰ, ਸੰਦੀਪ ਕੁਮਾਰ ਸੁਪਰਵਾਇਜ਼ਰ ਅਤੇ ਸਿਹਤ ਸਟਾਫ ਹਾਜ਼ਿਰ ਸੀ। Author: Malout Live