ਜੀ.ਓ.ਜੀ ਨੇ ''ਨਾਨਕ ਬਗੀਚੀ'' ਦੇ ਪੌਦਿਆਂ ਨੂੰ ਸੰਭਾਲਣ ਦਾ ਬੀੜਾ ਚੁੱਕਿਆ

ਮਲੋਟ (ਆਰਤੀ ਕਮਲ):- ਸਾਬਕਾ ਫੌਜੀਆਂ ਦੇ ਸਮੂਹ ਨਾਲ ਸੰਸਥਾਪਤ ਸੰਸਥਾ ਗਾਰਡੀਐਂਸ ਆਫ ਗਵਰਨੈਂਸ (ਜੀ.ਓ.ਜੀ) ਵੱਲੋਂ ਪਿੰਡਾਂ ਅੰਦਰ ਬੀਤੇ ਵਰ•ੇ ਲਾਈ ਨਾਨਕ ਬਗੀਚੀ ਦੇ ਪੌਦਿਆਂ ਨੂੰ ਸੰਭਾਲਣ ਦਾ ਬੀੜਾ ਚੁੱਕਿਆ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲ ਮਲੋਟ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ ਅੰਦਰ 550 ਪੌਦਿਆਂ ਨਾਲ ਨਾਨਕ ਬਗੀਚੀ ਸਥਾਪਿਤ ਕੀਤੀ ਗਈ ਸੀ ।

ਉਹਨਾਂ ਦੱਸਿਆ ਕਿ ਸਾਂਝੀਆਂ ਥਾਵਾਂ ਤੇ ਲੱਗੇ ਇਹਨਾਂ ਪੌਦਿਆਂ ਵਿਚੋਂ ਅੱਧੇ ਤੋਂ ਵੱਧ ਚੱਲ ਚੁੱਕੇ ਹਨ ਪਰ ਅਵਾਰਾ ਪਸ਼ੂਆਂ ਕਾਰਨ ਅਤੇ ਇਸ ਸਾਲ ਦੇ ਸ਼ੁਰੂ ਵਿਚ ਗਰਮੀ ਵੱਧ ਪੈਣ ਨਾਲ ਜਰੂਰ ਕੁਝ ਪੌਦੇ ਸੜ ਗਏ ਹਨ । 2020 ਸਾਵਣ ਦਾ ਮਹੀਨਾ ਭਾਵੇਂ ਅੱਧਾ ਬੀਤ ਚੁੱਕਾ ਹੈ ਪਰ ਇਸ ਸਾਲ ਕੋਵਿਡ19 ਮਹਾਂਮਾਰੀ ਕਾਰਨ ਸਮਾਜਿਕ ਦੂਰੀ ਅਤੇ ਮਾਸਕ ਆਦਿ ਦੇ ਨਿਯਮਾਂ ਅੰਦਰ ਰਹਿ ਕੇ ਆਮ ਨਾਗਰਿਕਾਂ ਤੇ ਸਮਾਜਸੇਵੀਆਂ ਵੱਲੋਂ ਪੌਦਿਆਂ ਪ੍ਰਤੀ ਜਿੰਮੇਵਾਰੀ ਤਹਿ ਕਰਨੀ ਮੁਸ਼ਕਲ ਹੋ ਰਹੀ ਹੈ ਇਸ ਲਈ ਪਿੰਡ ਪੱਧਰ ਤੇ ਤੈਨਾਤ ਜੀ.ਓ.ਜੀ ਨੂੰ ਬਗੀਚੀ ਦੇ ਮਰ ਚੁੱਕੇ ਪੌਦਿਆਂ ਦੀ ਥਾਂ ਨਵੇਂ ਪੌਦੇ ਲਾਉਣ ਲਈ ਕਿਹਾ ਗਿਆ ਹੈ । ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਆਲਮਵਾਲਾ ਦੇ ਜੀ.ਓ.ਜੀ ਸੁਰਜੀਤ ਸਿੰਘ ਦੀ ਅਗਵਾਈ ਵਿਚ ਜੀ.ਓ.ਜੀ ਵਲਾਇਤ ਸਿੰਘ, ਜੀ.ਓ.ਜੀ ਜਗੀਰ ਸਿੰਘ ਅਤੇ ਜੀ.ਓ.ਜੀ ਜਸਕੌਰ ਸਿੰਘ ਨੇ ਸ.ਸ.ਸ.ਸਕੂਲ ਤੋਂ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਹੈ । ਇਸ ਮੌਕੇ ਆਲਮਵਾਲਾ ਪਿੰਡ ਤੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਪੁੱਜੇ ਸੀਨੀਅਰ ਕਾਂਗਰਸੀ ਆਗੂ ਗੁਰਜੀਤ ਸਿੰਘ ਸੇਖੋਂ ਅਤੇ ਸਕੂਲ ਪ੍ਰਿੰਸੀਪਲ ਵਿਕਾਸ ਕੁਮਾਰ ਨੇ ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ ਦਾ ਸਕੂਲ ਵਿਖੇ ਪੁੱਜਣ ਤੇ ਸਵਾਗਤ ਕੀਤਾ ਅਤੇ ਜੀ.ਓ.ਜੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੀ.ਓ.ਜੀ ਫੀਡਬੈਕ ਨਾਲ ਵਿਭਾਗਾਂ ਦਾ ਕੰਮਕਾਜ ਵਿਚ ਪਾਰਦਰਸ਼ਤਾ ਵਧੀ ਹੈ ।