District NewsMalout NewsPunjab

ਲੂਅ ਤੋਂ ਬਚਣ ਲਈ ਸਿਹਤ ਵਿਭਾਗ ਦੁਆਰਾ ਸਿਹਤ ਸਲਾਹ-ਲੂਅ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥ ਪੀਓ: ਡਾ. ਰੰਜੂ ਸਿੰਗਲਾ ਸਿਵਲ ਸਰਜਨ

ਘਰ ਤੋਂ ਬਾਹਰ ਜਾਣ ਸਮੇਂ ਪਾਣੀ ਅਤੇ ਗਿੱਲਾ ਕੱਪੜਾ ਨਾਲ ਲੈ ਕੇ ਜਾਣ ਨਾਲ ਲੂਅ ਲੱਗਣ ਤੋਂ ਬਚਿਆ ਜਾ ਸਕਦਾ ਹੈ

ਮਲੋਟ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ):- ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਵਿੱਚ ਜਿਲ੍ਹਾ ਸਿਹਤ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਆਮ ਲੋਕਾਂ ਨੂੰ ਲੂਅ ਤੋਂ ਬਚਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਡਾ. ਰੰਜੂ ਸਿੰਗਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਰਮ ਹਵਾਵਾਂ ਸਾਡੀ ਤ੍ਰੇਹ (ਪਿਆਸ) ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਖਾਸ ਕਰਕੇ ਅੱਖਾਂ ਅਤੇ ਚਮੜੀ ਨੂੰ ਪੂਰੀ ਤਰ੍ਹਾਂ ਝੁਲਸਾ ਦਿੰਦੀ ਹੈ। ਜ਼ਿਆਦਾ ਗਰਮੀ ਹੋਣ ’ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿੱਚ ਗਰਮੀ ਬਾਹਰ ਕੱਢਦਾ ਹੈ ਅਤੇ ਤਾਪਮਾਨ ਨੂੰ ਨਿਯੰਤਰਿਤ ਰੱਖਦਾ ਹੈ। ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਰੀਰ ਬਾਹਰ ਦੇ ਤਾਪਮਾਨ ਦੇ ਸਮਾਨ ਗਰਮ ਹੋ ਜਾਂਦਾ ਹੈ। ਜਿਸ ਨੂੰ ਲੂਅ ਲੱਗਣਾ ਕਹਿੰਦੇ ਜਾਂ ਫਿਰ ਹੀਟ ਸਟ੍ਰੋਕ ਕਹਿੰਦੇ ਹਨ। ਆਮ ਤੌਰ ’ਤੇ ਲੋਕ ਇਸਨੂੰ ਹਲਕੇ ਵਿੱਚ ਲੈਂਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਲੂਅ ਲੱਗ ਹੀ ਨਹੀਂ ਸਕਦੀ ਪਰੰਤੂ ਇੱਕ ਰਿਪੋਰਟ ਦੇ ਅਨੁਸਾਰ ਲੂਅ ਲੱਗਣਾ (ਹੀਟ ਸਟ੍ਰੋਕ) ਬਹੁਤ ਖਤਰਨਾਕ ਬੀਮਾਰੀ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੋਟਾਪੇ ਤੋਂ ਪੀੜਤ ਲੋਕ, ਦਿਲ ਦੇ ਮਰੀਜ਼, ਸਰੀਰਿਕ ਰੂਪ ਨਾਲ ਕਮਜ਼ੋਰ ਲੋਕ ਤੇ ਕੁੱਝ ਵਿਸ਼ੇਸ਼ ਦਵਾਈਆਂ, ਜਿਨ੍ਹਾਂ ਦਾ ਸਰੀਰ ਦੇ ਰਸਾਇਣਾਂ ਜਾਂ ਖੂਨ ਦੀਆਂ ਨਾਲੀਆਂ ’ਤੇ ਅਸਰ ਪੈਂਦਾ ਹੈ, ਨੂੰ ਖਾਣ ਵਾਲੇ ਲੋਕਾਂ ਨੂੰ ਗਰਮੀ ਲੱਗਣ ਦੇ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਇਸ ਦੇ ਇਲਾਵਾ ਮਜ਼ਦੂਰ ਵਰਗ, ਦਿਹਾੜੀਦਾਰ ਅਤੇ ਬੇ-ਘਰ ਹੋ ਕੇ ਸੜਕਾਂ ਅਤੇ ਰੇਲਵੇ ਸਟੇਸ਼ਨਾਂ ਉੱਤੇ ਰਹਿਣ ਵਾਲੇ ਲੋਕੀਂ ਇਸ ਦਾ ਜਲਦੀ ਸ਼ਿਕਾਰ ਬਣ ਜਾਂਦੇ ਹਨ।

ਗਰਮੀ ਜਾਂ ਲੂਅ ਲੱਗਣ ਦੇ ਲੱਛਣ:

  1. ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ
  2. ਚੱਕਰ ਖਾ ਕੇ ਡਿੱਗ ਪੈਣਾ
  3. ਬੇਚੈਨੀ ਅਤੇ ਘਬਰਾਹਟ
  4. ਹਲਕਾ ਜਾਂ ਤੇਜ਼ ਬੁਖਾਰ
  5. ਜੀਅ ਖਰਾਬ ਹੋਣਾ
  6. ਲੋੜ ਤੋਂ ਜ਼ਿਆਦਾ ਪਿਆਸ ਲੱਗਣਾ
  7. ਸਿਰ ਵਿੱਚ ਤੇਜ਼ ਦਰਦ ਅਤੇ ਉਲਟੀਆਂ ਆਉਣਾ
  8. ਕਮਜ਼ੋਰੀ ਮਹਿਸੂਸ ਹੋਣਾ
  9. ਗਰਮੀ ਕਰਕੇ ਪਿੱਤ ਦਾ ਹੋਣਾ
  10. ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ
  11. ਮਾਸ਼ ਪੇਸ਼ੀਆਂ ਵਿੱਚ ਦਰਦ
  12. ਲਾਲ ਗਰਮ ਤੇਖੁਸ਼ਕ ਚਮੜੀ

ਲੂਅ ਲੱਗਣ ਵਿੱਚ ਮਰੀਜ਼ ਨੂੰ ਪਸੀਨਾ ਆਉਂਦੇ ਰਹਿਣਾ ਇੱਕ ਵਧੀਆ ਲੱਛਣ ਹੈ, ਇਸ ਨਾਲ ਸਰੀਰ ਦਾ ਤਾਪਮਾਨ ਸਥਿਰ ਰਹਿੰਦਾ ਹੈ।

ਖ਼ਤਰਨਾਕ ਸਥਿਤੀ :

  1. ਤੇਜ਼ ਬੁਖਾਰ, ਜੋ 40 ਡਿਗਰੀ ਸੈਲਸੀਅਸ ਜਾਂ 104-105 ਡਿਗਰੀ ਫਾਰਨਹਾਈਟ ਤੋਂ ਜ਼ਿਆਦਾ ਹੋਵੇ
  2. ਸਰੀਰ ਦੇ ਗਰਮ ਹੋਣ ਉੱਤੇ ਪਸੀਨਾ ਆਉਣਾ ਬੰਦ ਹੋ ਜਾਵੇ ਅਤੇ ਚਮੜੀ ਰੁੱਖੀ ਰੁੱਖੀ ਹੋ ਜਾਵੇ
  3. ਮਰੀਜ਼ ਦਾ ਬੇਹੋਸ਼ ਹੋ ਜਾਣਾ, ਘਬਰਾਹਟ ਹੀ ਘਬਰਾਹਟ ਵਿੱਚ ਹੋਣਾ ਜਾਂ ਪਾਗਲਾਂ ਵਰਗਾ ਵਿਵਹਾਰ ਕਰਨ ਲੱਗ ਪੈਣਾ

ਲੂ ਦੇ ਲੱਛਣ ਨਜ਼ਰ ਆਉਣ ਤੇ ਕੀ ਕੀਤਾ ਜਾਵੇ:

  1. ਵਿਅਕਤੀ ਨੂੰ ਛਾਵੇਂ ਬਿਠਾ ਦਿੱਤਾ ਜਾਵੇ
  2. ਵਿਅਕਤੀ ਦੇ ਕੱਪੜੇ ਢਿੱਲੇ ਕਰ ਦਿੱਤੇ ਜਾਣ
  3. ਵਿਅਕਤੀ ਨੂੰ ਪੀਣ ਲਈ ਕੁਝ ਤਰਲ ਪਦਾਰਥ ਦਿੱਤਾ ਜਾਵੇ
  4. ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਦੇ ਲਈ ਠੰਢੇ ਪਾਣੀ ਦੀਆਂ ਪੱਟੀਆਂ ਕੀਤੀਆਂ ਜਾਣ
  5. ਠੰਡੇ ਪਾਣੀ ਨਾਲ ਭਰੇ ਬਾਥਟੱਬ ਵਿੱਚ ਮਰੀਜ਼ ਨੂੰ ਗਲੇ ਤੱਕ ਲਿਟਾਇਆ ਜਾ ਸਕਦਾ ਹੈ
  6. ਬੁਖਾਰ ਨੂੰ ਘੱਟ ਕਰਨ ਦੇ ਲਈ ਆਮ ਦਵਾਈਆਂ ਦਾ ਪ੍ਰਯੋਗ ਨਾ ਕੀਤਾ ਜਾਵੇ
  7. ਮਰੀਜ਼ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਲੈ ਕੇ ਜਾਇਆ ਜਾਵੇ

ਗਰਮੀ ਚ ਲੂਅ ਤੋਂ ਬਚਣ ਦੇ ਲਈ ਕੀ ਕੀਤਾ ਜਾਵੇ:

1. ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਹੋਵੇ ਤਾਂ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਤਾ ਜਾਵੇ
2. ਸੂਤੀ, ਹਲਕੇ ਅਤੇ ਆਰਾਮਦਾਇਕ ਕੱਪੜੇ ਪਾ ਕੇ ਅਤੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ
3. ਤਰਲ ਪਦਾਰਥਾਂ ਜਿਵੇਂ ਪਾਣੀ, ਲੱਸੀ, ਓ.ਆਰ.ਐੱਸ ਦੇ ਘੋਲ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ

ਦੁਪਹਿਰ ਦੇ ਵੇਲੇ ਘਰ ਤੋਂ ਬਾਹਰ ਲੋੜ ਪੈਣ ਤੇ ਹੀ ਨਿਕਲਿਆ ਜਾਵੇ ਕੀ ਨਾ ਕੀਤਾ ਜਾਵੇ:

  1. ਖਾਲੀ ਪੇਟ ਘਰੋਂ ਬਾਹਰ ਨਾ ਨਿਕਲਿਆ ਜਾਵੇ
  2. ਜ਼ਿਆਦਾ ਮਿਰਚ ਅਤੇ ਮਸਾਲੇਦਾਰ ਭੋਜਨ ਤੋਂ ਪ੍ਰਹੇਜ਼ ਕੀਤਾ ਜਾਵੇ
  3. ਕੁਲਰ ਜਾਂ ਏ.ਸੀ ਵਾਲੇ ਕਮਰੇ ਵਿੱਚ ਬੈਠਣ ਤੋਂ ਬਾਅਦ ਇੱਕ ਦਮ ਧੁੱਪ ਵਿੱਚ ਨਾ ਨਿਕਲਿਆ ਜਾਵੇ
  4. ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ

ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੁਆਰਾ ਲੂਅ ਤੋਂ ਬਚਣ ਲਈ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਅਮਲ ਵਿੱਚ ਲਿਆ ਕੇ ਘਰ ਵਿੱਚ ਰਹੋ, ਸੁਰੱਖਿਅਤ ਰਹੋ ਤੇ ਸਵੱਸਥ ਰਹੋ। ਉਹਨਾ ਕਿਹਾ ਕਿ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਹੈ।  ਉਹਨਾਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਅਧੀਨ ਏਰੀਆ ਵਿੱਚ ਸਿਹਤ ਸਟਾਫ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਆਮ ਜਨਤਾ ਨੂੰ ਲੂਅ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇ।

Author : Malout Live

Leave a Reply

Your email address will not be published. Required fields are marked *

Back to top button