ਮਾਨ ਸਰਕਾਰ ਦੀ 300 ਯੂਨਿਟ ਮੁਫ਼ਤ ਸਕੀਮ ਨੂੰ ਖੋਰਾ ਲਗਾਉਣ ਲਈ ਬਿਜਲੀ ਮਹਿਕਮਾਂ ਪੱਬਾਂ ਭਾਰ- ਹਰਪ੍ਰੀਤ ਸਿੰਘ
ਮਲੋਟ: ਪੰਜਾਬ ਵਿੱਚ ਨਵੀਂ ਕ੍ਰਾਂਤੀਕਾਰੀ ਸੋਚ ਨੂੰ ਲੈ ਕੇ ਬਦਲਾਓ ਤਹਿਤ ਆਪ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਹੋਂਦ ਵਿੱਚ ਆਈ ਸਰਕਾਰ ਭਾਵੇਂ ਪੁਰਜੋਰ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੇ ਭਵਿੱਖ ਨੂੰ ਫਿਰ ਤੋਂ ਸੁਨਿਹਰਾ ਕੀਤਾ ਜਾਵੇ ਤੇ ਪੰਜਾਬੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਪੁਰਜੋਰ ਕੋਸ਼ਿਸ਼ ਕੀਤੀ ਜਾਵੇ। ਪਰ ਪੰਜਾਬ ਸਰਕਾਰ ਦੇ ਇਸ ਰਾਹ ਵਿੱਚ ਭ੍ਰਿਸ਼ਟ ਅਨਸਰਾਂ ਵੱਲੋਂ ਸਾਥ ਦੇਣ ਦੀ ਬਜਾਏ ਹਰ ਪੱਧਰ ਤੇ ਘਟੀਆ ਰਾਜਨੀਤੀ ਤਹਿਤ ਰੋੜੇ ਅਟਕਾਏ ਜਾ ਰਹੇ ਹਨ। ਮੁੱਖ ਮੰਤਰੀ ਮਾਨ ਵੱਲੋਂ ਪੰਜਾਬੀਆਂ ਨੂੰ ਹਰ ਮਹੀਨੇ ਬਿਜਲੀ ਬਿਲ ਵਿੱਚ 300 ਯੂਨਿਟ ਦੀ ਰਾਹਤ ਦੇ ਨਤੀਜੇ ਇਸ ਬਿੱਲ ਸਾਈਕਲ ਵਿੱਚ ਸਾਹਮਣੇ ਆਉਣੇ ਹਨ ਤੇ ਪੰਜਾਬੀਆਂ ਵਿੱਚ ਜੀਰੋ ਬਿਲ ਦੇਖ ਕੇ ਖੁਸ਼ੀ ਵੀ ਪਾਈ ਜਾ ਰਹੀ ਹੈ। ਪਰ ਉੱਧਰ ਮਹਿਕਮੇ ਵੱਲੋਂ ਹੀ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਜਾਂ ਇਸ ਸਕੀਮ ਨੂੰ ਖੋਰਾ ਲਾਉਣ ਲਈ ਇਕ ਨਵਾਂ ਆਪਣਾ ਹੀ ਕਾਨੂੰਨ ਸ਼ੁਰੂ ਕਰ ਦਿੱਤਾ ਗਿਆ ਹੈ। ਮਲੋਟ ਸ਼ਹਿਰ ਵਿਚ ਪਤਾ ਲੱਗਾ ਹੈ ਕਿ ਕਰੀਬ 2 ਹਜਾਰ ਖਪਤਕਾਰਾਂ ਨੂੰ ਇਸਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸੇ ਸਾਜਿਸ਼ ਦਾ ਸ਼ਿਕਾਰ ਹੋਏ ਇਕ ਖਪਤਕਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਜਦ ਉਹਨਾਂ ਦਾ ਬਿਜਲੀ ਬਿੱਲ 8 ਹਜਾਰ ਤੋਂ ਉੱਪਰ ਆਇਆ ਤਾਂ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ
ਕਿਉਂਕਿ ਉਹਨਾਂ ਦੀ ਖਪਤ ਤਾਂ ਦੋ ਮਹੀਨੇ ਵਿਚ 500 ਯੂਨਿਟ ਤੋਂ ਵੀ ਘੱਟ ਸੀ। ਇਸ ਸੰਬੰਧੀ ਜਦ ਉਹਨਾਂ ਪੀ.ਐੱਸ.ਪੀ.ਸੀ.ਐੱਲ ਦੀ ਐਪ ਤੇ ਆਨਲਾਈਨ ਸ਼ਿਕਾਇਤ ਪਾਈ ਤਾਂ ਉਹਨਾਂ ਬਿਨਾ ਕੋਈ ਹੱਲ ਕੀਤੇ ਬਿਨਾ ਸ਼ਿਕਾਇਤਕਰਤਾ ਨਾਲ ਸੰਪਰਕ ਕੀਤੇ ਖੁਦ ਹੀ ਸ਼ਾਮ ਤੱਕ ਸ਼ਿਕਾਇਤ ਹੱਲ ਹੋਈ ਕਰਕੇ ਫਾਈਲ ਬੰਦ ਕਰ ਦਿੱਤੀ। ਅੱਜ ਸਵੇਰ ਜਦ ਉਹ ਲਿਖਤੀ ਸ਼ਿਕਾਇਤ ਲੈ ਕੇ ਬਿਜਲੀ ਮਹਿਕਮੇ ਦੇ ਦਫਤਰ ਗਏ ਤਾਂ ਐੱਸ.ਡੀ.ਓ ਸਾਹਿਬ ਮੌਕੇ ਤੇ ਹਾਜਿਰ ਨਹੀ ਸਨ, ਜਦ ਸਟਾਫ ਨਾਲ ਉਹਨਾਂ ਬਿਲ ਦਰੁੱਸਤੀ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਤੁਹਾਡੇ ਮੀਟਰ ਦਾ ਨੰਬਰ ਬਿਜਲੀ ਮਹਿਕਮੇ ਦੇ ਰਿਕਾਰਡ ਨਾਲ ਨਹੀ ਮਿਲਦਾ ਇਸ ਕਰਕੇ ਬਿੱਲ ਰੀਡਿੰਗ ਦੇ ਹਿਸਾਬ ਨਾਲ ਨਹੀ ਐਵਰੇਜ ਦੇ ਹਿਸਾਬ ਨਾਲ ਪਾਇਆ ਗਿਆ ਹੈ। ਹਰਪ੍ਰੀਤ ਸਿੰਘ ਨੇ ਸਟਾਫ ਨੂੰ ਦੱਸਿਆ ਕਿ ਇਹ ਮੀਟਰ ਉਹਨਾਂ ਦੇ ਖੁਦ ਦੇ ਨਾਮ ਤੇ ਹੈ ਅਤੇ 25 ਸਾਲ ਤੋਂ ਜੀਰੋ ਕੋਡ ਤਹਿਤ ਭਾਵ ਬਿਲਕੁਲ ਠੀਕ ਮੀਟਰ ਤਹਿਤ ਹੀ ਬਿੱਲ ਆਉਂਦਾ ਅਤੇ ਅੱਜ ਤੱਕ ਉਹਨਾਂ ਇਕ ਵੀ ਬਿੱਲ ਲੇਟ ਪੇਮੈਂਟ ਨਹੀ ਕੀਤੀ ਅਤੇ ਹੁਣ ਕਈ ਸਾਲਾਂ ਤੋਂ ਆਨਲਾਈਨ ਪੇਮੈਂਟ ਕਰ ਰਹੇ ਹਨ। ਕਦੀ ਵੀ ਮੀਟਰ ਵਿੱਚ ਨੁਕਸ ਨਹੀ ਪਿਆ, ਕਦੀ ਸ਼ਿਕਾਇਤ ਦਰਜ ਨਹੀ ਕਰਵਾਈ ਅਤੇ ਮੀਟਰ ਅੱਜ ਵੀ ਨਵੀਂ ਹਾਲਤ ਵਿੱਚ ਹੀ ਚੱਲ ਰਿਹਾ ਹੈ। ਮੀਟਰ ਘਰ ਦੇ ਅੰਦਰ ਤੋਂ ਬਾਹਰ ਕਰਨ ਸਮੇਂ ਵੀ ਉਹਨਾਂ ਦੇ ਸਾਹਮਣੇ ਹੀ ਸ਼ਿਫਟ ਕੀਤਾ ਗਿਆ ਜਿਸ ਕਰਕੇ ਨੰਬਰ ਨਾ ਮਿਲਣ ਦਾ ਕੋਈ ਸਵਾਲ ਨਹੀ। ਇਸ ਸਮੇਂ ਹੀ ਬਹੁਤ ਸਾਰੇ ਹੋਰ ਖਪਤਕਾਰ ਵੀ ਇਸੇ ਤਰਾਂ ਦੀ ਸ਼ਿਕਾਇਤ ਲੈ ਕੇ ਉੱਥੇ ਪੁੱਜੇ ਜਿਸ ਮਗਰੋਂ ਸਥਿਤੀ ਸਮਝ ਪਈ ਕਿ ਇਹ ਕੋਈ ਗਹਿਰੀ ਰਾਜਨੀਤਿਕ ਸਾਜਿਸ਼ ਰਚੀ ਗਈ ਹੈ। ਖਪਤਕਾਰ ਹਰਪ੍ਰੀਤ ਸਿੰਘ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਉਹ ਜੀ.ਓ.ਜੀ ਤਹਿਸੀਲ ਇੰਚਾਰਜ ਹਨ ਤੇ ਉਹ ਤਾਂ ਖੁਦ ਹੀ ਸ਼ਿਕਾਰ ਹਨ, ਲੋਕਾਂ ਨੂੰ ਕਿਵੇਂ ਇਨਸਾਫ ਦਿਵਾਉਣਗੇ। ਜੀ.ਓ.ਜੀ ਇੰਚਾਰਜ ਨੇ ਕਿਹਾ ਕਿ ਇਸ ਸੰਬੰਧੀ ਉਹ ਮਾਣਯੋਗ ਮੁੱਖ ਮੰਤਰੀ, ਬਿਜਲੀ ਮੰਤਰੀ ਸਮੇਤ ਸਾਰੇ ਉੱਚ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ ਜੀ.ਓ.ਜੀ ਹੈਡਕਵਾਟਰ ਰਾਹੀਂ ਅੱਜ ਹੀ ਭੇਜਣਗੇ ਅਤੇ ਕਿਸੇ ਵੀ ਕੀਮਤ ਤੇ ਸਰਕਾਰੀ ਸਕੀਮ ਪ੍ਰਤੀ ਲੋਕਾਂ ਨੂੰ ਗਲਤਫਹਿਮੀ ਦਾ ਸ਼ਿਕਾਰ ਨਹੀ ਹੋਣ ਦੇਣਗੇ। Author: Malout Live