ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੁੜ ਤੋਂ ਹੋਇਆ ਕੋਰੋਨਾ ਮੁਕਤ
ਮਲੋਟ (ਆਰਤੀ ਕਮਲ) : ਮਲੋਟ ਬਠਿੰਡਾ ਰੋਡ ਤੇ ਪਿੰਡ ਥੇਹੜੀ ਸਾਹਿਬ ਵਿਖੇ ਨਸ਼ਾ ਪੁਨਰਵਾਸ ਕੇਂਦਰ ਨੂੰ ਜ਼ਿਲ੍ਹਾ ਪੱਧਰੀ ਕੋਵਿਡ ਹਸਪਤਾਲ ਵਿਚ ਤਬਦੀਲ ਕਰਨ ਉਪਰੰਤ ਉਥੇ ਪਿੰਡ ਦਾਖਲ ਪਹਿਲੇ ਮਰੀਜ ਨੂੰ ਅੱਜ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ । ਇਸ ਮੌਕੇ ਮਰੀਜ ਅਤੇ ਡਾਕਟਰਾਂ ਦੀ ਹੌਂਸਲਾ ਅਫਜਾਈ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡ੍ਰਾ ਹਰੀ ਨਰਾਇਣ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ ਜਦਕਿ ਉਹਨਾਂ ਨਾਲ ਕੋਵਿਡ ਹਸਪਤਾਲ ਦੇ ਐਸ.ਐਮ.ਓ ਡ੍ਰਾ. ਸੁਨੀਲ ਬਾਂਸਲ ਅਤੇ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਵੀ ਹਾਜਰ ਸਨ ।
ਸਿਵਲ ਸਰਜਨ ਨੇ ਮਰੀਜ ਸੀਆਈਐਸਐਫ ਦੇ ਜਵਾਨ ਮਨਜੀਤ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਠੀਕ ਹੋਣ ਦੀ ਵਧਾਈ ਦਿੱਤੀ । ਇਸ ਮੌਕੇ ਉਹਨਾਂ ਕਿਹਾ ਕਿ ਜਿਲ•ਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੁਣ ਤੱਕ ਕੁੱਲ 67 ਮਰੀਜ ਕਰੋਨਾ ਪਾਜਟਿਵ ਪਾਏ ਗਏ ਸਨ ਅਤੇ ਖੁਸ਼ੀ ਦੀ ਗੱਲ ਹੈ ਕਿ ਸਾਰੇ ਹੀ ਠੀਕ ਹੋ ਕੇ ਘਰ ਪਰਤੇ ਹਨ । ਉਹਨਾਂ ਕਿਹਾ ਕਿ ਡ੍ਰਾ ਬਾਂਸਲ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਡ੍ਰਾ ਪ੍ਰਭਜੋਤ. ਡ੍ਰਾ ਵਿਕਰਮ, ਡ੍ਰਾ ਸਟਿਫਨ ਆਦਿ ਸਮੇਤ ਸਮੁੱਚੇ ਪੈਰਾ ਮੈਡੀਕਲ ਤੇ ਹਸਪਤਾਲ ਦੇ ਬਾਕੀ ਸਟਾਫ ਨੇ ਹਮੇਸ਼ਾਂ ਕੋਵਿਡ ਮਰੀਜਾਂ ਲਈ ਤਨਦੇਹੀ ਨਾਲ ਕੰਮ ਕੀਤਾ ਹੈ ਅਤੇ ਅੱਛੇ ਨਤੀਜੇ ਸਾਹਮਣੇ ਆ ਰਹੇ ਹਨ । ਉਹਨਾਂ ਦੱਸਿਆ ਕਿ ਅੱਜ ਕੋਵਿਡ ਹਸਪਤਾਲ ਇਥੇ ਤਬਦੀਲ ਕਰਨ ਉਪਰੰਤ ਪਹਿਲੇ ਮਰੀਜ ਮਨਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਇਥੇ ਸ਼ਿਫਟ ਕੀਤਾ ਗਿਆ ਸੀ ਅਤੇ ਕਰੀਬ ਹਫਤੇ ਭਰ ਬਾਅਦ ਇਹਨਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਜਾ ਰਹੀ ਹੈ । ਡ੍ਰਾ ਬਾਂਸਲ ਨੇ ਕਿਹਾ ਕਿ ਮਰੀਜ ਮਨਜੀਤ ਸਿੰਘ ਖੁਦ ਬਹੁਤ ਹੌਂਸਲੇ ਵਾਲਾ ਹੈ ਅਤੇ ਇਸਦੇ ਮਨੋਬਲ ਕਾਰਨ ਹੀ ਇਹ ਜਲਦੀ ਤੰਦਰੁਸਤ ਹੋਇਆ ਹੈ । ਮਰੀਜ ਮਨਜੀਤ ਸਿੰਘ ਨੇ ਸਮੁੱਚੇ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਹੀ ਸਟਾਫ ਨੇ ਉਹਨਾਂ ਦਾ ਬਹੁਤ ਧਿਆਨ ਰੱਖਿਆ ਅਤੇ ਖਾਣ ਪੀਣ ਵੀ ਬਹੁਤ ਵਧੀਆ ਸੀ । ਉਹਨਾਂ ਲੋਕਾਂ ਨੂੰ ਕਿਹਾ ਕਿ ਕਰੋਨਾ ਦੀ ਰਿਪੋਰਟ ਪਾਜਿਟਵ ਆਉਣ ਉਪੰਰਤ ਘਬਰਾਉ ਨਾ ਬਲਕਿ ਹੌਂਸਲਾ ਬਣਾਈ ਰੱਖੋ । ਨਾਲ ਹੀ ਇਲਾਜ ਦੌਰਾਨ ਕਸਰਤ ਆਦਿ ਕਰਦੇ ਰਹੋ ਤਾਂ ਇਸ ਬਿਮਾਰੀ ਤੋਂ ਨਿਜਾਤ ਪਾਉਣੀ ਕੁਝ ਮੁਸ਼ਕਲ ਨਹੀ । ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀ ਅਰਾਵਿੰਦ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਡੀ.ਐਮ ਮਲੋਟ ਗੋਪਾਲ ਸਿੰਘ ਦੀ ਰਹਿਨੁਮਾਈ ਹੇਠ ਨਸ਼ਾ ਮੁੜ ਵਸੇਬਾ ਕੇਂਦਰ ਵਿਖੇ ਪੂਰੀਆਂ ਸੁਵਿਧਾਵਾਂ ਵਾਲਾ ਕੋਵਿਡ ਹਸਪਤਾਲ ਸਥਾਪਿਤ ਕੀਤਾ ਗਿਆ ਹੈ ਅਤੇ ਉਮੀਦ ਹੈ ਇਥੇ ਕੋਵਿਡ ਮਰੀਜਾਂ ਦਾ ਇਲਾਜ ਪੂਰੇ ਵਧੀਆ ਤਰੀਕੇ ਨਾਲ ਹੋ ਸਕੇਗਾ । ਇਸ ਮੌਕੇ ਹਸਪਤਾਲ ਦਾ ਸਮੁੱਚਾ ਸਟਾਫ ਮਨਜੀਤ ਸਿੰਘ ਨੂੰ ਹਸਪਤਾਲ ਤੋਂ ਵਿਦਾ ਕਰਨ ਲਈ ਹਾਜਰ ਸੀ ।