ਸ੍ਰੀ ਮੁਕਤਸਰ ਸਾਹਿਬ:- ਟਰੇਡ ਯੂਨੀਅਨਾਂ ਅਤੇ ਵੱਖ-ਵੱਖ ਕਿਸਾਨ ਮੁਲਾਜ਼ਮ ਮਜ਼ਦੂਰ ਸੰਗਠਨਾਂ ਵਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਦਿੱਤੇ ਭਾਰਤ ਬੰਦ ਦੇ ਸੱਦੇ 'ਤੇ ਤਹਿਤ ਵੱਡੀ ਗਿਣਤੀ 'ਚ ਸੰਗਠਨਾਂ ਦੇ ਵਰਕਰ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਇਕੱਠੇ ਹੋਏ। ਇਸ ਮੌਕੇ ਉਨ੍ਹਾਂ ਪਾਰਕ 'ਚ ਮੀਟਿੰਗ ਕਰਨ ਮਗਰੋਂ ਸ਼ਹਿਰ 'ਚ ਰੋਸ ਮਾਰਚ ਕੀਤਾ ਅਤੇ ਮਲੋਟ ਰੋਡ ਬਾਈਪਾਸ ਵਿਖੇ ਚੱਕਾ ਜਾਮ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਸ ਸਮੇਂ ਬੀਤੇ ਦਿਨੀਂ ਜੇ.ਐਨ.ਯੂ. 'ਚ ਹੋਈ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ।

ਲੋਕ ਵਿਰੋਧੀ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਦੇਸ਼ 'ਚ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਦਿਨ-ਬ-ਦਿਨ ਵੱਧ ਰਹੀ ਹੈ। ਕੇਂਦਰ ਸਰਕਾਰ ਸੀ.ਏ.ਏ ਅਤੇ ਐੱਨ. ਆਰ. ਸੀ ਵਰਗੇ ਲੋਕਾਂ ਲਈ ਘਾਤਕ ਕਾਨੂੰਨ ਲਾਗੂ ਕਰ ਰਹੀ ਹੈ। ਯੂਨੀਵਰਸਿਟੀਆਂ 'ਚ ਆਪਣੇ ਹੱਕ ਦੀ ਮੰਗ ਕਰ ਰਹੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਰੋਸ ਮਾਰਚ ਅਤੇ ਚੱਕਾ ਜਾਮ 'ਚ ਆਂਗਣਵਾੜੀ ਵਰਕਰਾਂ, ਰੋਡਵੇਜ਼ ਮੁਲਾਜ਼ਮਾਂ, ਬਿਜਲੀ ਮੁਲਾਜ਼ਮਾਂ, ਜੰਗਲਾਤ ਕਾਮਿਆਂ, ਨਹਿਰੀ ਵਿਭਾਗ ਦੇ ਕਾਮਿਆਂ, ਮੈਡੀਕਲ ਪ੍ਰੈਕਟੀਸ਼ਨਰਜ਼, ਖੇਤ ਮਜ਼ਦੂਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ।