District NewsMalout News

ਨਸ਼ੇ ਨਾਲ ਪੰਜਾਬ ਦੀ ਜਵਾਨੀ ਤਬਾਹ ਕਰਨ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਹੋਈ, ਬੇਅਦਬੀਆਂ ਦੇ ਦੋਸ਼ੀ ਵੀ ਜਲਦ ਹੋਣਗੇ ਸਲਾਖਾਂ ਪਿੱਛੇ

ਮਜੀਠੀਆ ਖਿਲਾਫ ਕੋਈ ਬਦਲਾਖੋਰੀ ਨਹੀਂ, ਸਗੋਂ ਹਾਈਕੋਰਟ ਦੇ ਹੁਕਮਾਂ ਅਨੁਸਾਰ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ-ਮੁੱਖ ਮੰਤਰੀ ਚੰਨੀ

ਮਲੋਟ:- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਹੈ ਕਿ ਉਨ੍ਹਾਂ ਦੀ ਸਰਕਾਰ ਨਸ਼ਾ ਵੇਚਣ ਵਾਲਿਆਂ ਨੂੰ ਬੱਚ ਕੇ ਭੱਜਣ ਨਹੀਂ ਦੇਵੇਗੀ ਅਤੇ ਮਜੀਠੀਆ ਦੇ ਕੇਸ ਵਿੱਚ ਕਾਨੂੰਨ ਆਪਣਾ ਕੰਮ ਕਰੇਗਾ। ਮੁੱਖ ਮੰਤਰੀ ਅੱਜ ਇੱਥੇ ਦੋਦਾ ਪਿੰਡ ਦੀ ਦਾਣਾ ਮੰਡੀ ਵਿੱਚ ਇਕ ਵੱਡੀ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ ਜਿੱਥੇ ਉਨਾਂ ਕਿਹਾ ਕਿ ਰਾਜ ਵਿੱਚੋਂ ਨਸ਼ੇ ਦੇ ਕੋਹੜ ਨੂੰ ਪੂਰੀ ਤਰਾਂ ਨਾਲ ਖਤਮ ਕੀਤਾ ਜਾਵੇਗਾ। ਨਾਲ ਹੀ ਉਨਾਂ ਨੇ ਦੁਹਰਾਇਆ ਕਿ ਮਜੀਠੀਆ ਦੇ ਕੇਸ ਵਿੱਚ ਕੋਈ ਸਿਆਸੀ ਬਦਲਾਖੋਰੀ ਨਹੀਂ ਕੀਤੀ ਜਾ ਰਹੀ ਅਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਗਿੱਦੜਬਾਹਾ ਹਲਕੇ ਦੇ ਵਿਕਾਸ ਲਈ 5 ਕਰੋੜ ਰੁਪਏ ਦੇਣ ਦੇ ਐਲਾਨ ਕਰਨ ਦੇ ਨਾਲ ਨਾਲ ਦੋਦਾ ਪਿੰਡ ਦੇ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ ਅਤੇ ਪੀ.ਆਰ.ਟੀ.ਸੀ ਦੇ ਸਬ-ਡਿਪੂ ਅਤੇ ਗਿੱਦੜਬਾਹਾ ਦੇ ਨਵੇਂ ਬਣਨ ਵਾਲੇ ਬੱਸ ਸਟੈਂਡ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ ਦੀ ਯਾਦਗਾਰ ਬਣਾਈ ਜਾਵੇਗੀ। ਬਿਕਰਮ ਮਜੀਠੀਆ ਤੋਂ ਲਿਖਤੀ ਮੁਆਫੀ ਮੰਗਣ ਲਈ ਅਤੇ ਮਜੀਠੀਆ ਤੇ ਨਸ਼ਾ ਤਸਕਰੀ ਦੇ ਲਗਾਏ ਦੋਸ਼ਾਂ ਨੂੰ ਵਾਪਿਸ ਲੈਣ ਲਈ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਆਪ ਆਗੂ ਭਗਵੰਤ ਮਾਨ ਤੇ ਤਿੱਖਾ ਵਾਰ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਪ ਦੇ ਇੰਨਾਂ ਲੀਡਰਾਂ ਨੂੰ ਹੁਣ ਪੰਜਾਬ ਦੇ ਲੋਕਾਂ ਤੋਂ ਮਜੀਠੀਆ ਨਾਲ ਨਿਭਾਈ ਆਪਣੀ ਲੁਕਵੀਂ ਸਾਂਝ ਲਈ ਮੁਆਫੀ ਮੰਗਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿ ਆਪ ਦੀ ਰਾਜਨੀਤੀ ਦਾ ਪੱਧਰ ਵੇਖੋ, ਇਸ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗੀ ਜਿਨਾਂ ਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਦੋਸ਼ ਹੈ। ਇਸ ਮੌਕੇ ਉਨ੍ਹਾਂ ਨੇ ਮੁੜ ਦੁਹਰਾਇਆ ਕਿ ਜਿਸ ਤਰਾਂ ਨਸ਼ੇ ਦੇ ਮਾਮਲੇ ਵਿਚ ਕਾਰਵਾਈ ਸ਼ੁਰੂ ਹੋਈ ਹੈ ਜਲਦ ਹੀ ਕਾਨੂੰਨ ਬੇਅਦਬੀ ਦੇ ਦੋਸ਼ੀਆਂ ਨਾਲ ਵੀ ਨਜਿੱਠੇਗਾ। ਉਪ-ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਸਰਕਾਰ ਆਪਣੇ ਚੰਗੇ ਕੰਮਾਂ ਨਾਲ ਲੋਕਾਂ ਦਾ ਵਿਸ਼ਵਾਸ਼ ਜਿੱਤ ਰਹੀ ਹੈ ਅਤੇ ਨਾਲ ਦੀ ਨਾਲ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਗਲਤੀਆਂ ਦੀ ਸਫਾਈ ਕਰ ਰਹੀ ਹੈ। ਉਨ੍ਹਾਂ ਨੇ ਗਿੱਦੜਬਾਹਾ ਵਿਖੇ ਪਸ਼ੂ ਖੁਰਾਕ ਫੈਕਟਰੀ ਲਈ 14.50 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।

 

ਇਸ ਮੌਕੇ ਟਰਾਂਸਪੋਰਟ ਮੰਤਰੀ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਰਾਜ ਸਮੇਂ ਪਨਪੇ ਟਰਾਂਸਪੋਰਟ ਮਾਫੀਆ ਨੂੰ ਖਤਮ ਕੀਤਾ ਗਿਆ ਹੈ। ਉਨਾਂ ਨੇ ਆਖਿਆ ਕਿ ਲੋਕ ਮਨਾਂ ਵਿਚੋਂ ਬਾਦਲ ਪਰਿਵਾਰ ਦਾ ਡਰ ਬਹੁਤ ਹੱਦ ਤੱਕ ਘੱਟ ਗਿਆ ਹੈ ਅਤੇ ਜ਼ੇਕਰ ਉਨਾਂ ਨੂੰ ਇਕ ਹੋਰ ਮੌਕਾ ਦਿੱਤਾ ਜਾਵੇ ਤਾਂ ਇਹ ਡਰ ਪੂਰੀ ਤਰਾਂ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਆਪਣੇ ਹਲਕੇ ਦੇ ਲੋਕਾਂ ਦਾ ਵੱਡੀ ਗਿਣਤੀ ਵਿੱਚ ਇਸ ਸਾਮਗਮ ਵਿੱਚ ਪਹੁੰਚਣ ਲਈ ਧੰਨਵਾਦ ਕਰਦਿਆਂ ਮੁੱਖ ਮੰਤਰੀ ਅਤੇ ਉੱਪ-ਮੁੱਖ ਮੰਤਰੀ ਦਾ ਵੀ ਇਲਾਕੇ ਲਈ ਫੰਡ ਜਾਰੀ ਕਰਨ ਲਈ ਸ਼ੁਕਰੀਆਂ ਕੀਤਾ। ਇਸ ਮੌਕੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸੰਸਦ ਮੁਹੰਮਦ ਸਦੀਕ, ਵਿਧਾਇਕ ਕੁਲਬੀਰ ਜੀਰਾ, ਅਮ੍ਰਿਤਾ ਵੜਿੰਗ, ਸਾਬਕਾ ਵਿਧਾਇਕ ਕਰਨ ਕੌਰ ਬਰਾੜ, ਜਿਲ੍ਹਾ ਕਾਂਗਰਸ ਪ੍ਰਧਾਨ ਹਰਚਰਨ ਸਿੰਘ ਬਰਾੜ, ਜਿਲ੍ਹਾ ਪ੍ਰੀਸ਼ਦ ਚੇਅਰਮੈਨ ਨਰਿੰਦਰ ਕਾਉਣੀ, ਸਿੱਧੂ ਮੂਸੇਵਾਲਾ, ਜਗਪਾਲ ਸਿੰਘ ਔਲਖ, ਫਤਿਹ ਬਾਦਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਅਤੇ ਐੱਸ.ਐੱਸ.ਪੀ ਸਰਬਜੀਤ ਸਿੰਘ ਵੀ ਹਾਜਿਰ ਸਨ।

Leave a Reply

Your email address will not be published. Required fields are marked *

Back to top button