Mini Stories

ਅੱਜ ਹੋਰ ਤੇ ਕੱਲ ਨੂੰ ਹੋਰ ਜਿੰਦਗੀ ਦੇ ਰੰਗ ਸੱਜਣਾ

” ਮਹਿਲਾਂ ਨੇ ਰਹਿ ਜਾਣਾ ਇੱਥੇ , 
ਮਾਰ ਜਾਣੀ ਏ ਜਿੰਦੇ ਉਡਾਰੀ। 
ਇੱਕ ਪੈਸੇ ਦੀ ਖਾਤਰ ਐਵੇਂ ਹੀ ਬੰਦਾ , 
ਅੱਜ ਬਣਿਆਂ ਬੰਦੇ ਦਾ ਵੈਰੀ ।”ਅੱਜਕੱਲ ਦੇ ਮਾਹੌਲ ਮੁਤਾਬਿਕ , ਇਹ ਲਾਇਨਾਂ ਬਿਲਕੁਲ ਸਹੀ ਢੁਕਦੀਆਂ ਨੇ । ਹਰ ਕੋਈ ਟੈਨਸਨ ਭਰੀ ਜਿੰਦਗੀ ਤੋਂ ਨਿਜ਼ਾਤ ਚਾਹੁੰਦਾ ਹੈ । ਇਹ ਪਿਆਰੀ ਜਿਹੀ ਜਿੰਦਗੀ , ਦੁੱਖਾਂ ਭਰਿਆ ਦਰੱਖਤ ਬਣਦੀ ਜਾ ਰਹੀ ਹੈ , ਕਿਉਂਕਿ ਅਸੀਂ ਆਪਣੇ ਕੰਮਾਂ ਕਾਜਾਂ ਨੂੰ ਇਸ ਤਰੀਕੇ ਨਾਲ ਸੈਟ ਕੀਤਾ ਹੈ । ਅਸੀਂ ਖੁਦ ਹੀ ਪਹਿਲਾਂ ਵੱਡੀਆਂ ਵੱਡੀਆਂ ਗਲਤੀਆਂ ਕਰਦੇ ਹਾਂ ਅਤੇ ਫਿਰ ਪਛਤਾਉਂਦੇ ਰਹਿੰਦੇ ਹਾਂ । ਦੁਖੀ ਹੁੰਦੇ ਹਾਂ ਅਤੇ ਨਾਲ ਦੂਜਿਆਂ ਨੂੰ ਵੀ ਦੁਖੀ ਕਰਦੇ ਹਾਂ ।ਪਰੰਤੂ ਅਸੀਂ ਕਿੰਨੇ ਵੀ ਦੁਖ ਵਿੱਚ ਹੋਈਏ , ਅਸੀਂ ਜਿੰਦਗੀ ਨੂੰ ਸਦੀਆਂ ਤੱਕ ਜਿਉਣ ਦੀ ਤਮੰਨਾਂ ਰੱਖਦੇ ਹਾਂ ।ਪਰ ਇਹ ਹਰ ਰੋਜ ਰੰਗ ਵਟਾਉਂਦੀ ਰਹਿੰਦੀ ਹੈ । ਇਸ ਗੱਲ ਦਾ ਜਵਾਬ ਤੁਹਾਨੂੰ ਆਪਣੇ ਆਪ ਹੀ ਮਿਲ ਜਾਵੇਗਾ , ਜਦੋਂ ਤੁਸੀਂ ਕਿਸੇ ਸੜਕ ਤੇ ਫਿਰਦੇ ਕਿਸੇ ਭਿਖਾਰੀ ਕੋਲੋਂ ਪੁੱਛੋਗੇ ਕਿ ਉਸਨੂੰ ਜਿੰਦਗੀ ਕਿਹੋ ਜਿਹੀ ਲੱਗਦੀ ਹੈ ਜਾਂ ਫਿਰ ਉਹ ਜਿੰਦਗੀ ਕਿੰਨਾਂ ਚਿਰ ਜੀਣਾ ਚਾਹੁੰਦਾ ਹੈ । ਜਵਾਬ ਹਾਂ ਪੱਖੀ ਹੋਵੇਗਾ ਕਿ ਮੈਨੂੰ ਜਿੱਥੇ ਰੱਬ ਨੇ ਰੱਖਿਆ ਏ ਮੈਂ ਰਾਜੀ ਖੁਸੀ ਹਾਂ । ਮੈਂ ਸਾਰੀ ਉਮਰ ਇਸ ਸੜਕ ਉੱਤੇ ਗੁਜਾਰ ਦਿੱਤੀ ਹੈ , ਇਸ ਗੱਲ ਦਾ ਕੋਈ ਸਿਕਵਾ ਨਹੀਂ । ਪਰ ਮੈਂ ਅਜੇ ਕਈ ਹੋਰ ਸਾਲ ਜਿੰਦਾ ਰਹਿਣਾ ਚਾਹੁੰਦਾ ਹਾਂ । ਕਿਉਂ ? ਕਿਉਂਕਿ ਇਸ ਭਿਖਾਰੀ ਨੇ ਜਿੰਦਗੀ ਜੀਣ ਦਾ , ਹਢਾਉਣ ਦਾ ਢੰਗ ਸਿੱਖ ਲਿਆ ਹੈ । ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਦੁਆਰਾ ਪੁੱਛੇ ਗਏ ਇਸ ਸਵਾਲ ਤੇ ਕੋਈ ਬੰਦਾ ਰੋਣ ਹੀ ਲੱਗ ਪਏ । ਕਿਉਂ ? ਕਿਉਂਕਿ ਉਸਨੇ ਇਹ ਵੱਲ਼ ਨਹੀਂ ਸਿੱਖਿਆ ਹੈ , ਉਹ ਇਸ ਭੀੜ ਵਿੱਚ ਥੱਕ ਗਿਆ ਹੈ । ਉਸਨੇ ਭੂਤ ਕਾਲ ਵਿੱਚ ਬੜੇ ਸੁਪਣੇ ਸਿਰਜੇ ਹੋਣਗੇ । ਜਿੰਨਾਂ ਦੀ ਥੋੜ ਨੇ ਉਸਨੂੰ ਦੁਖੀ ਕਰ ਦਿੱਤਾ ਹੈ । ਸਾਰੀ ਗੱਲ ਦਾ ਨਿਚੋੜ ਇਹੀ ਹੈ ਕਿ ਅਸੀਂ ਦੁਖ ਸੁਖ ਵਿੱਚ , ਆਪਣੀਆਂ ਭਾਵਨਾਵਾਂ , ਜਰੂਰਤਾਂ ਤੇ ਕਾਬੂ ਰੱਖਣਾ ਹੈ । ਇਹ ਜਿੰਦਗੀ ਪਰਮਾਤਮਾ ਤੋਂ ਮਿਲਿਆ , ਦੁਰਲੱਭ ਤੋਹਫਾ ਹੈ । ਇਸਨੂੰ ਅਜਾਈਂ ਨਹੀ ਗਵਾਉਣਾ । ਇਸਨੂੰ ਉਦਾਸ ਹੋ ਕੇ ਨਹੀਂ ਸਗੋਂ ਭਾਣਾ ਮੰਨ ਕੇ , ਉਸ ਅਕਾਲ ਪੁਰਖ ਦੀ ਸਿਫਤ ਸਾਲਾਹ ਕਰਦੇ ਕਰਦੇ ਜਿਉਣਾ ਹੈ ।
ਗੁਰਪ੍ਰੀਤ ਸਿੰਘ ਫੂਲੇਵਾਲਾ , ਮੋਗਾ ।
9914081524


Leave a Reply

Your email address will not be published. Required fields are marked *

Back to top button