District NewsMalout News

ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਨੇ ਏਡਜ਼ ਜਨ ਜਾਗਰੂਕਤਾ ਵੈਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ

ਮਲੋਟ (ਪੰਜਾਬ): ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਮਿਆਰੀ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਡਾ. ਬਲਵੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਵੱਲੋਂ ਪੰਜਾਬ ਵਿੱਚ ਏਡਜ਼ ਜਾਗਰੂਕਤਾ ਵੈਨਾਂ ਨੂੰ ਪੂਰੇ ਪੰਜਾਬ ਵਿੱਚ ਜਾਗਰੂਕਤਾ ਫੈਲਾਉਣ ਲਈ ਰਵਾਨਾ ਕੀਤਾ। ਜਿਲ੍ਹਾ ਬਠਿੰਡਾ ਵਿੱਚ ਵੀ ਇੱਕ ਵੈਨ ਇੱਕ ਮਹੀਨੇ ਲਈ ਜਾਗਰੂਕ ਕਰੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਿਲ੍ਹਾ ਬਠਿੰਡਾ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਏਡਜ਼ ਦੀ ਬਿਮਾਰੀ ਤੋਂ ਬਚਣ ਸੰਬੰਧੀ ਜਾਗਰੂਕ ਕਰਨ ਲਈ ਇੱਕ ਜਾਗਰੂਕਤਾ ਵੈਨ ਪਹੁੰਚੀ ਹੈ, ਜੋ ਆਡੀਓ ਅਤੇ ਵੀਡੀਓ ਨਾਲ ਲੈਸ ਹੈ। ਇਹ ਵੈਨ ਜਿਲ੍ਹਾ ਬਠਿੰਡਾ ਦੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਵੱਖ-ਵੱਖ ਥਾਂਵਾਂ ਤੇ ਏਡਜ਼ ਸੰਬੰਧੀ ਜਾਗਰੂਕ ਕਰੇਗੀ ਅਤੇ ਮਾਹਿਰਾਂ ਵੱਲੋਂ ਏਡਜ਼ ਬਿਮਾਰੀ ਦੇ ਟੈਸਟ ਅਤੇ ਕੌਂਸਲਿੰਗ ਕਰੇਗੀ। ਉਨ੍ਹਾਂ ਦੱਸਿਆ ਕਿ ਏਡਜ਼ ਦੀ ਬਿਮਾਰੀ ਦਾ ਅਜੇ ਤੱਕ ਕੋਈ ਸਥਾਈ ਇਲਾਜ ਸੰਭਵ ਨਹੀਂ ਹੋਇਆ, ਇਸ ਲਈ ਜਾਗਰੂਕਤਾ ਹੀ ਇੱਕੋ ਇੱਕ ਇਲਾਜ ਹੈ।

ਏਡਜ਼ ਦੀ ਬਿਮਾਰੀ ਅਸੁਰੱਖਿਅਤ ਸੰਭੋਗ, ਸੰਕ੍ਰਮਿਤ ਖੂਨ ਚੜ੍ਹਾਉਣ, ਇੱਕ ਸੂਈ ਨਾਲ ਟੀਕੇ ਲਗਾਉਣ ਨਾਲ ਅਤੇ ਪੀੜਿਤ ਮਾਂ ਤੋਂ ਬੱਚੇ ਨੂੰ ਹੋ ਸਕਦਾ ਹੈ। ਜੇਕਰ ਕਿਸੇ ਦੇ ਸਰੀਰ ਵਿੱਚ ਕਮਜ਼ੋਰੀ, ਇੱਕ ਮਹੀਨੇ ਤੋਂ ਦਸਤ ਦੀ ਸ਼ਿਕਾਇਤ, ਘੱਟ ਸਮੇਂ ਵਿੱਚ ਜਿਆਦਾ ਭਾਰ ਘੱਟਣ ਅਤੇ ਵਾਰ-ਵਾਰ ਬਿਮਾਰ ਹੋਣ ਦੀ ਸ਼ਿਕਾਇਤ ਹੈ ਤਾਂ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸਾਰੀਆਂ ਸਰਕਾਰੀ ਸੰਸਥਾਵਾਂ ਵਿੱਚ ਬਣੇ ਏ.ਆਰ.ਟੀ ਸੈਂਟਰਾਂ ਵਿੱਚ ਇਹ ਜਾਂਚ ਮੁਫ਼ਤ ਕੀਤੀ ਜਾਂਦੀ ਹੈ। ਮਰੀਜ਼ ਦੀ ਜਾਂਚ ਰਿਪੋਰਟ ਅਤੇ ਪਹਿਚਾਣ ਗੁਪਤ ਰੱਖੀ ਜਾਂਦੀ ਹੈ। ਇਸ ਮੌਕੇ ਡਾ. ਰਮਨਦੀਪ ਸਿੰਗਲਾ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ, ਡਾ. ਮਯੰਕਜੋਤ ਸਿੰਘ, ਡਾ. ਮਨੀਸ਼ ਗੁਪਤਾ, ਡਾ. ਰੋਜ਼ੀ ਅਗਰਵਾਲ, ਡਾ. ਹੇਅਰ, ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ, ਗਗਨਦੀਪ ਸਿੰਘ ਭੁੱਲਰ, ਸਾਹਿਲ ਪੁਰੀ, ਰੇਨੂੰ ਐਲ.ਟੀ, ਬਲਦੇਵ ਸਿੰਘ ਅਤੇ ਹੋਰ ਸਟਾਫ ਮੌਜੂਦ ਸਨ।

Author: Malout Live

Back to top button