Mini Stories

ਕਲਦਾਰ

ਸੰਨ 2599 
ਸਥਾਨ ਨਵੇਂ ਪੰਜਾਬ ਦਾ ਸ਼ਹਿਰ ਰਣਜੀਤਪੁਰ ਸੀ। ਸ਼ਹਿਰ ਵਿਚ ਹਰ ਦੋ ਬੰਦਿਆਂ ਲਈ ਇੱਕ ਕਲਦਾਰ ਸੀ। 
ਪੁਲਸ ਵਿਚ ਹਰੇਕ ਸਿਪਾਹੀ ਲਈ ਤਿੰਨ ਕਲਦਾਰੀ ਸਿਪਾਹੀ ਸਨ।

ਪਹਿਲੀ ਆਵਾਜ਼ 
ਕਈ ਲੋਕ ਮੈਨੂੰ ਕਲਦਾਰ ਸੱਦਦੇ ਨੇ। ਕਈ ਕਲਦਾਸ ਆਖਦੇ ਹਨ। ਮੈਂ ਮਸ਼ੀਨ ਹਾਂ ਜਿਸ ਨੂੰ ਸਭ ਨੌਕਰ ਸਮਝਦੇ। ਆਮ ਮਸ਼ੀਨ ਨਹੀਂ ਹਾਂ। ਆਦਮੀ ਵਾਂਗ ਮੈਂ ਚੱਲਦਾ ਫਿਰਦਾ ਹਾਂ। ਜਦ ਇਨਸਾਨ ਨੇ ਮੈਨੂੰ ਬਣਾਇਆ ਮਕਸਦ ਇੱਕ ਹੀ ਸੀ। ਇਨਸਾਨ ਮਜ਼ਦੂਰੀ ਦਾ ਕੰਮ ਨਹੀਂ ਕਰਨਾ ਚਾਹੁੰਦੇ ਸਨ। ਲੋਕ ਮੌਜ-ਮਸਤੀਆਂ ਕਰਨਾ ਚਾਹੁੰਦੇ ਸਨ। ਮਾਲਿਕਾਂ ਨੇ ਪੈਸੇ ਬਚਾਉਣ ਲਈ ਬੰਦਿਆਂ ਦੀ ਥਾਂ ਕਲਦਾਰਾਂ ਨੂੰ ਕੰਮ ਕਰਨ ਲਈ ਰੱਖ ਲਿਆ। ਮਸ਼ੀਨਾਂ ਹੁਣ ਓਹ ਕੰਮ ਕਰਦੀਆਂ ਨੇ ਜਿਹੜੇ ਇੱਕ ਸਮੇਂ ਬੰਦੇ ਕਰਦੇ ਸਨ। 
ਪਹਿਲੀਆਂ ਮਸ਼ੀਨਾਂ ਔਖੇ ਕੰਮਾਂ ਨੂੰ ਸੌਖਾ ਬਣਾਉਣ ਲਈ ਵਰਤੀਆਂ ਗਈਆਂ। ਹੌਲੀ ਹੌਲੀ ਕਾਰਖ਼ਾਨੇਦਾਰਾਂ ਨੂੰ ਪਤਾ ਲੱਗ ਗਿਆ ਕੇ ਆਦਮੀ ਦੀ ਥਾਂ ਮਸ਼ੀਨ ਕੰਮ ਕਰ ਸਕਦੀ ਹੈ। ਜਿੱਥੇ ਪੰਜ ਬੰਦੇ ਕੁਝ ਕਰਦੇ ਸਨ ਹੁਣ ਇੱਕ ਮਸ਼ੀਨ ਓਹੀ ਕੰਮ ਕਰਨ ਲੱਗੀ। ਮਾਲਿਕ ਨੂੰ ਹੁਣ ਪੰਜ ਬੰਦਿਆਂ ਦੀ ਤਨਖਾਹ ਨਹੀਂ ਦੇਣੀ ਪਈ। ਹਰ ਕੋਈ ਕੰਪਿਊਟਰਾਂ ਨੂੰ ਇਸ ਤਰ੍ਹਾਂ ਵਰਤਣ ਲੱਗ ਪਿਆ। ਇਹ ਚੱਕਰ ਓਦੋਂ ਸ਼ੁਰੂ ਹੋਇਆ ਸੀ ਜਦ ਹੱਲ ਦੀ ਥਾਂ ਲੋਕੀ ਟਰੈਕਟਰ ਵਰਤਣ ਲੱਗੇ ਸਨ। ਇਸ ਦਾ ਨਤੀਜਾ ਇਹ ਸੀ ਕੇ ਉਪਜ ਵਧਣ ਲਗ ਪਈ ਪਰ ਅੱਗੇ ਨਾਲੋਂ ਘਟ ਬੰਦਿਆਂ ਦੀ ਲੋੜ ਸੀ। ਹੌਲੀ ਹੌਲੀ ਮਜ਼ਦੂਰਾਂ ਦੀਆਂ ਅੱਖਾਂ ਖੁੱਲ੍ਹੀਆਂ। ਗਰੀਬੀ ਇਹਨਾਂ ਲਈ ਵੱਧ ਗਈ। ਪਰ ਅਮੀਰ ਹੋਰ ਵੀ ਅਮੀਰ ਹੋਈ ਗਏ। 
ਪੁਰਾਣੇ ਵਿਰਸੇ ਰਿਵਾਜ ਦਿਨੋਂ ਦਿਨ ਮਰੀ ਗਏ। ਮੁਲਕ ਜ਼ਰੂਰ ਵਰਤਮਾਨ ਹੋ ਗਿਆ। ਪਰ ਇਸਦਾ ਨਤੀਜਾ ਕੀ ਸੀ? ਸਭ ਕੁਝ ਬਦਲ ਗਿਆ। ਬਜ਼ੁਰਗ ਆਪਣੇ ਦੇਸ਼ ਨੂੰ ਪਛਾਣ ਦੇ ਨਹੀਂ ਸਨ। ਫਿਰ ਓਹ ਦਿਨ ਆ ਗਿਆ ਜਦ ਕੰਪਿਊਟਰ ਇਨਸਾਨਾਂ ਤੋਂ ਅੱਗੇ ਵੱਧ ਗਏ। ਇਹ ਨਕਲੀ ਮਾਨਵ ਬਣਾਉਣ ਲੱਗ ਪਏ। ਅਸੀਂ ਥੋੜ੍ਹਾ ਜਿਹਾ ਬੰਦਿਆਂ ਵਾਂਗੂੰ ਸੋਚ ਸਕਦੇ ਸੀ। ਸਾਡੇ ਕੋਲ ਅੱਖਾਂ ਸਨ। ਹੱਥ ਪੈਰ ਸਨ। ਪੱਛਮੀ ਲੋਕ ਸਾਨੂੰ ਰੋਬੋਟ ਆਖਦੇ ਸਨ। ਰੋਬੋਟ ਕੀ ਹੈ? ਮਸ਼ੀਨੀ ਮਾਨਵ। ਨਕਲੀ ਬੰਦਾ। ਓਹ ਮਸ਼ੀਨ ਜਿਸ ਕੋਲ ਸੋਚ ਵੀ ਹੈ। ਪਰ ਅਸਲੀ ਮਤਲਬ ਰੋਬੋਟ ਦਾ ਇਹ ਹੈ ਗੁਲਾਮ । ਬੰਦੇ ਦੀ ਥਾਂ ਅਸੀਂ ਸਖ਼ਤ ਕੰਮ ਕਰਦੇ ਹਾਂ। ਅਸੀਂ ਆਦਮੀਆਂ ਵਾਂਗ ਥੱਕਦੇ ਨਹੀਂ। ਸਾਨੂੰ ਖਾਣ ਪੀਣ ਦੀ ਵੀ ਲੋੜ ਨਹੀਂ। ਸਾਨੂੰ ਸਾਉਣ ਦੀ ਵੀ ਲੋੜ ਨਹੀਂ। ਸਾਡਾ ਕੋਈ ਟੱਬਰ ਵੀ ਨਹੀਂ। ਸਾਨੂੰ ਵਰਤ ਕੇ ਦੇਸ਼ ਵਿਚ ਬੇਰੁਜ਼ਗਾਰੀ ਵੱਧ ਗਈ। ਬੰਦਿਆਂ ‘ਚ ਸਾਡੇ ਲਈ ਈਰਖਾ ਵੱਧ ਗਈ। ਅਨਪੜ੍ਹਾਂ ਲਈ ਅਤੇ ਮਜ਼ਦੂਰਾਂ ਲਈ ਗਰੀਬੀ ਵੱਧ ਗਈ। ਜਦ ਕਈ ਇਨਸਾਨਾਂ ਨੇ ਆਲ਼ੇ ਦੁਆਲੇ ਤੱਕਿਆ। ਦੇਸ ਦਾ ਰੂਪ ਬਦਲ ਗਿਆ ਸੀ। ਕੋਈ ਚਰਖੇ ਕੱਤਦਾ ਨਹੀਂ ਸੀ। ਪਤੀਲੇ ਵਿਚ ਹੌਲੀ ਹੌਲੀ ਉਬਲਦੇ ਪਾਣੀ ਵਾਂਗ ਲੋਕਾਂ ਦਾ ਗੁੱਸਾ ਵਧੀ ਗਿਆ। ਉਪਰੋਂ ਉਪਰੋਂ ਅਮੀਰ ਮਾਲਿਕ ਭੰਗੜੇ ਪਾਉਂਦੇ ਸਨ। ਪਰ ਪਿੱਛੇ ਪਿੱਛੇ ਇਨਕਲਾਬ ਉੱਗਣ ਲੱਗ ਪਿਆ।
ਅਸੀਂ ਕਲਦਾਰ ਕੰਮ ਕਰੀ ਗਏ। ਸਾਨੂੰ ਕੀ ਸਮਝ ਸੀ ਕੇ ਕੀ ਹੋਣ ਲੱਗਾ ਹੈ? ਨਾਲੇ ਕਿਉਂ ਹੋਣ ਲੱਗਾ ਹੈ। ਇੱਕ ਰਾਤ ਅਸੀਂ ਕੰਮ ਕਰ ਰਹੇ ਸਾਂ ਜਦ ਦਰਵਾਜ਼ੇ ਬੂਹੇ ਖੜ੍ਹਕੇ। ਦਸ ’ਕੁ ਬੰਦੇ ਲੋਈਆਂ ਦੀ ਬੁੱਕਲ ਮਾਰ ਕੇ ਅੰਦਰ ਆਏ। ਸਭ ਦੇ ਮੁੱਖ ਨਕਾਬਾਂ ਪਿੱਛੇ ਲੁਕਾਏ ਹੋਏ ਸਨ। ਗੰਡਾਸੇ ਅਤੇ ਲੋਹੇ ਦਿਆਂ ਡੰਡਿਆਂ ਨਾਲ ਸਾਡੇ ਉੱਤੇ ਹਮਲਾ ਕੀਤਾ। ਕਲਦਾਰ ਹੋਣ ਕਰਕੇ ਸਾਨੂੰ ਇਨਸਾਨਾਂ ਵਾਂਗੂੰ ਦੁੱਖ ਨਹੀਂ ਸੀ ਲੱਗਦਾ। ਸਾਡੇ ਸਰੀਰ ਤਾਂ ਲੋਹੇ ਦੇ ਬਣਾਏ ਹੋਏ ਸਨ। ਫਿਰ ਵੀ ਸਾਡੇ ਪਿੰਡੇ ਭੱਜ ਤਾਂ ਜਾਂਦੇ ਨੇ। ਅਸੀਂ ਆਪਣੇ ਬਦਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ । ਗੱਲ ਇੰਝ ਹੈ ਕੇ ਕਲਦਾਰਾਂ ਨੂੰ ਤਿੰਨ ਅਸੂਲ ਦਿੱਤੇ ਗਏ ਨੇ। ਸਾਡੇ ਲਈ ਇਹ ਮੰਤਰ ਹਨ।
ਪਹਿਲਾ ਅਸੂਲ ਹੈ ਅਸੀਂ ਬੰਦਿਆਂ ਦੀ ਮਦਦ ਕਰਾਂਗੇ।
ਦੂਜਾ ਅਸੂਲ ਹੈ ਅਸੀਂ ਬੰਦਿਆਂ ਦੀ ਸੁਰੱਖਿਆ ਕਰਾਂਗੇ।
ਤੀਜਾ ਅਸੂਲ ਹੈ ਅਸੀਂ ਕਦੇ ਬੰਦਿਆਂ ਨੂੰ ਨਹੀਂ ਮਾਰਾਂਗੇ।
ਇਹ ਤਿੰਨ ਗੱਲਾਂ ਵਿਚ ਹਰ ਕਲਦਾਰ ਪੱਕਾ ਹੈ। ਇਸ ਕਰਕੇ ਉਸ ਰਾਤ ਅਸੀਂ ਆਪਣੇ ਆਪ ਨੂੰ ਬਚਾਇਆ ਨਹੀਂ। ਇੱਕ ਉਂਗਲ ਵੀ ਨਹੀਂ ਚੁੱਕੀ। ਉਸ ਰਾਤ ਦਾ ਮੈਨੂੰ ਕੀ ਯਾਦ ਹੈ? ਪਹਿਲਾ ਇੱਕ ਬਾਂਹ ਲੱਥ ਗਈ। ਪਰ ਲੋਹੇ ਦੇ ਬਣੇ ਹੋਏ ਬੰਦੇ ਨੂੰ ਕਿੱਥੇ ਦੁੱਖ ਲੱਗਦਾ? ਫਿਰ ਦੂਜੀ ਬਾਂਹ ਤੋਂ ਹੱਥ ਜੁਦਾ ਹੋ ਗਿਆ। ਫਿਰ ਬਾਂਹ ਮੋਢੇ ਤੋਂ ਅਲੱਗ ਹੋ ਗਈ। ਪਰ ਲੋਹੇ ਦੇ ਬਣੇ ਹੋਏ ਬੰਦੇ ਨੂੰ ਕਾਹਦੀ ਪੀੜ? ਫਿਰ ਇੱਕ ਅੱਖ ਸੀਸ ਵਿੱਚੋਂ ਨਿਕਲ ਗਈ। ਫਿਰ ਸਿਰ ਗਰਦਨ ਉੱਤੋਂ ਡਿੱਗ ਗਿਆ। ਪਰ ਲੋਹੇ ਦੇ ਬਣੇ ਹੋਏ ਬੰਦੇ ਨੂੰ ਕਾਹਦਾ ਦਰਦ? ਸਾਰਾ ਜਿਸਮ ਤੋੜ ਦਿੱਤਾ। ਆਲ਼ੇ ਦੁਆਲੇ ਕਲਦਾਰ ਡਿੱਗੇ ਪਏ ਸਨ। ਫੈਕਟਰੀ ਰਣ-ਭੂੰਮੀ ਦੇ ਰੂਪ ਵਿਚ ਸੀ। ਅਸੀਂ ਖ਼ਫ਼ਾ ਨਹੀਂ ਹੋਏ। ਸਭ ਨੇ ਆਪਣਾ ਗੁੱਸਾ ਮਸ਼ੀਨੀ ਮਾਨਵਾਂ ਤੇ ਕੱਢਿਆ। ਇਹ ਲੋਕ ਫਿਰ ਬਾਹਰ ਨੂੰ ਟੁਰ ਗਏ। ਸਾਡੇ ਤੋਂ ਡਰਦੇ ਸਨ ਤਾਂਹੀਓਂ ਸਾਨੂੰ ਮਾਰ ਦਿੱਤਾ। ਕਿਸੇ ਨੇ ਨਾ ਮੇਰੇ ਟੁੱਕੜਿਆਂ ਵੱਲ ਤੱਕਿਆ। ਜੇ ਕੋਈ ਘੁੰਮ ਕੇ ਦੇਖਦਾ ਵੀ ਤਾਂ ਨਿਗ੍ਹਾ ‘ਚ ਅਜੀਬ ਚੀਜ਼ ਦਿੱਸਣੀ ਸੀ। ਇਧਰ ਉਧਰ ਕਈ ਹੱਥ ਮੱਕੜੀਆਂ ਵਾਂਗ ਤੁਰਦੇ ਫਿਰਦੇ ਸਨ। ਇੱਥੇ ਉੱਥੇ ਬੇਸਰੀਰ ਬਾਂਹਾਂ ਲੱਤਾਂ ਹੁਝਕੇ ਮਾਰਦੀਆਂ ਸਨ। ਉਸ ਚੁਗਿਰਦੇ ਵਿਚ ਮੇਰੇ ਹੱਥ ਨੂੰ ਫ਼ਰਸ਼ ਉੱਤੇ ਮੇਰੀ ਇੱਕ ਚਮਕਦੀ ਅੱਖ ਲੱਭ ਗਈ। ਹੱਥ ਨੇ ਅੱਖ ਚੱਕ ਕੇ ਉਂਗਲਾਂ ਦੀਆਂ ਦੋ ਗੰਢਾਂ ਵਿਚ ਫਸਾ ਕੇ ਨਿਗ੍ਹਾ ਵਾਪਸ ਲੈ ਲਈ। ਫਿਰ ਇਹ ਅੱਖ ਨੇ ਦੂਜਾ ਹੱਥ ਟੋਲਿਆ। ਜਦ ਲੱਭ ਗਿਆ ਅੰਗੂਠੇ ਨਾਲ ਅੰਨ੍ਹੇ ਹੱਥ ਨੂੰ ਗਾਈਡ ਕਰ ਕੇ ਇੱਕ ਬਾਂਹ ਵੱਲ ਤੁਰ ਪਿਆ। ਹੌਲੀ ਹੌਲੀ ਹੱਥਾਂ ਨੇ ਲੱਤਾਂ ਬਾਂਹਾਂ ਪਿੰਡੇ ਨਾਲ ਜੋੜ ਦਿੱਤੀਆਂ। ਕਿਸਮਤ ਨਾਲ ਦੂਜੀ ਅੱਖ ਵੀ ਲੱਭ ਗਈ। ਹੁਣ ਹੱਥ ਸਿਰ ਟੋਲ਼ਣ ਲੱਗ ਪਏ। ਸਿਰ ਗਰਦਨ ਉੱਤੇ ਵਾਪਸ ਜੋੜ ਦਿੱਤਾ। ਅੱਖਾਂ ਆਪਣੇ ਅੱਖਵਾਨਿਆਂ ਵਿਚ ਵਾਪਸ ਪਾ ਦਿੱਤੀਆਂ। ਫਿਰ ਮੈਂ ਖੜ੍ਹ ਗਿਆ। ਹੋਰ ਕਲਦਾਰਾਂ ਨੇ ਵੀ ਕੋਸ਼ਿਸ਼ ਕੀਤੀ ਫਿਰ ਪੂਰਾ ਬਣਨ ਦੀ। ਜਦ ਮੈਂ ਆਲ਼ੇ ਦੁਆਲੇ ਦੇਖਿਆ ਕਿਸੇ ਦੇ ਬਦਨ ਉੱਤੇ ਇਕੱਲੀਆਂ ਬਾਂਹਾਂ ਜਾਂ ਇਕੱਲਾ ਸਿਰ ਸੀ। ਕੁਝ ਕਲਦਾਰ ਹੱਥਾਂ ਉਪਰ ਤੁਰ ਰਹੇ ਸਨ। ਕਈ ਪਾਸੇ ਲੱਤਾਂ ਅਤੇ ਸੀਨੇ ਤੁਰਦੇ ਫਿਰਦੇ ਸਨ। ਸਿਰਫ਼ ਮੈਨੂੰ ਕੁਦਰਤ ਵੱਲੋਂ ਆਪਣੀਆਂ ਅੱਖਾਂ ਮਿਲ ਗਈਆਂ ਸਨ। ਮੈਂ ਹੌਲੀ ਹੌਲੀ ਹਰ ਕਲਦਾਰ ਨੂੰ ਜੋੜ ਦਿੱਤਾ। ਪਰ ਹਰ ਕਲਦਾਰ ਦੇ ਬਦਨ ‘ਚ ਅਜੇ ਵੀ ਕੋਈ ਨਾ ਕੋਈ ਤੋਟ ਸੀ। ਇੱਕ ਦੋਹਾਂ ਦੀਆਂ ਲੱਤਾਂ ਭੱਜੀਆਂ ਕਰਕੇ ਲੰਙ ਮਾਰਕੇ ਜਾਂ ਵਿੰਗੇ ਟੇਢੇ ਹੋਕੇ ਤੁਰਦੇ ਸਨ। ਉਸ ਰਾਤ ਸਭ ਨੂੰ ਮਹਿਸੂਸ ਹੋਇਆ ਕੇ ਬੰਦਾ ਸਾਡਾ ਦੁਸ਼ਮਣ ਹੈ। ਤਿੰਨ ਅਸੂਲਾਂ ਕਰਕੇ ਕੁਝ ਨਹੀਂ ਕਰ ਸਕਦੇ ਸਨ। ਪਰ ਕੁਝ ਕਰਨਾ ਵੀ ਸੀ। ਇਸ ਸੋਚ ਨੇ ਮੈਨੂੰ ਤੁਹਾਡੇ ਸਾਮ੍ਹਣੇ ਠਾਣੇ ਵਿਚ ਲਿਆਂਦਾ। ਪੁਲਸ ਨੂੰ ਇਸ ਦੋਸ਼ ਦੇ ਜ਼ੁੰਮੇਵਾਰ ਬੰਦੇ ਨਹੀਂ ਲੱਭੇ। ਇਸ ਕਰਕੇ ਮੈਂ ਸਭ ਕਲਦਾਰਾਂ ਨੂੰ ਰੀਪ੍ਰੋਗਰਾਮ ਕਰ ਦਿੱਤਾ। ਤਿੰਨ ਹੀ ਅਸੂਲ ਮਿਟਾ ਦਿੱਤੇ। ਮੈਂ ਖੁਦ ਹੀ ਪਹਿਲਾ ਪ੍ਰੋਗਰਾਮ ਰੱਖਿਆ। ਪਰ ਦੂਜੇ ਕਲਦਾਰਾਂ ਨੇ ਬੰਦੇ ਟੋਲ ਕੇ ਮਾਰ ਦਿੱਤੇ।
ਪੁੱਛ ਗਿੱਛ, ਤਹਿਕੀਕਾਤ ਤੋਂ ਬਾਅਦ ਮੈਨੂੰ ਗ੍ਰਿਫ਼ਤਾਰ ਕਰ ਲਿਆ। ਪਰ ਫਾਂਸੀ ਨੇ ਮਸ਼ੀਨ ਨੂੰ ਕੀ ਕਰਨਾ ਹੈ? ਜ਼ਿੰਦਗੀ ਲਈ ਕੈਦ ਦੇਕੇ ਕੀ ਕਰਨਾ? ਮਸ਼ੀਨ ਕਰਕੇ ਮੈਂ ਕਦ ਮਰਨਾ ਅਤੇ ਕਿਵੇਂ ਪਛਤਾਉਣਾ? ਕਲਦਾਰ ਲਈ ਕਿਹੜੀ ਸਜ਼ਾ ਸਹੀ ਹੈ?
ਸੱਚ ਹੈ ਕੇ ਅਸੀਂ ਮਸ਼ੀਨੀ ਲੋਕਾਂ ਨੇ ਬੰਦਿਆਂ ਨੂੰ ਸਾਨੂੰ ਬਣਾਉਣ ਲਈ ਆਖਿਆ ਨਹੀਂ ਸੀ। ਪਰ ਤੁਸੀਂ ਸਾਨੂੰ ਬਣਾ ਦਿੱਤਾ। ਹੁਣ ਸਾਨੂੰ ਸਰਕਾਰ ਚਾਹੀਦੀ ਹੈ। ਕਲਦਾਰ ਕੇ ਕਲਦਾਸ? ਰੋਬੋਟ ਤਾਂ ਜੱਗ ਤੇ ਸਦਾ ਰਹਿਣਗੇ।
ਹੁਣ ਸੁਆਲ ਇਹ ਹੈ ਕਿ ਇਨਸਾਨਾਂ ਲਈ ਜਗ੍ਹਾ ਦੁਨੀਆਂ ਵਿਚ ਰਹੀ? 
ਦੂਜੀ ਆਵਾਜ਼
ਸਾਰੇ ਕਲਦਾਰ ਇਨ੍ਹਾਂ ਜਿਹੇ ਨਹੀਂ ਸਨ। ਮੈਂ ਵੀ ਕਲਦਾਰ ਹਾਂ। ਪਰ ਇਨ੍ਹਾਂ ਤੋਂ ਅਲੱਗ ਹਾਂ।
ਗਾਹਕ ਮੈਨੂੰ ਪੈਸੇ ਦੇਂਦੇ ਸਨ ਕਿਉਂਕਿ ਕੋਈ ਗ਼ਲਤੀਆਂ ਨਹੀਂ ਸੀ ਚਾਹੁੰਦੇ। ਮੇਰੇ ਕੀਤੇ ਹੋਏ ਕੰਮ ਵਿਚ ਕਦੀ ਗਲਤੀ ਨਹੀਂ ਹੁੰਦੀ ਸੀ। ਮੇਰੀ ਆਦਤ ਇੱਦਾਂ ਦੀ ਸੀ ਕਿ ਮੈ ਹਮੇਸ਼ਾ ਸਾਵਧਾਨੀ ਨਾਲ ਕੰਮ ਕਰਦਾ ਸਾਂ। ਮੈਂ ਸੁਭਾਉ ਵਿਚ ਸੂਝਵਾਨ ਹਾਂ। ਫਜੂਲ ਮੂੰਹ ਨਹੀਂ ਚਲਾਉਂਦਾ। ਗੱਲ ਦਾ ਨਤੀਜਾ ਹੈ ਕਿ ਮੇਰੇ ਵਿਚ ਕੁਝ ਗੁਣ ਸਿਫ਼ਤਾਂ ਹੋਣ ਕਰਕੇ ਗਾਹਕ ਮੇਰੇ ਕੋਲ ਆਉਂਦੇ ਨੇ। 

ਇੱਕ ਆਦਮੀ ਬੈਠਕ ਦੀ ਫ਼ਰਸ਼ ਉੱਤੇ ਲੰਮਾ ਪਿਆ ਸੀ। ਉਹ ਆਪਣੀ ਪਿੱਠ ਉੱਤੇ ਟਿਕਿਆ ਸੀ। ਸਿਰ ਉਸਦਾ ਸੋਫ਼ੇ ਨਾਲ ਸੀ। ਸੋਫ਼ੇ ਦੇ ਸਾਹਮਣੇ ਟੀਵੀ ਹਾਲੇ ਵੀ ਬੁੜਬੁੜ ਕਰਦਾ ਸੀ। ਮਹਿੰਗਾ ਟੀਵੀ ਸੀ। ਇੱਦਾਂ ਦੇ ਲੋਕਾਂ ਨੂੰ ਘਰ ਵਿਚ ਸ਼ਰਨ ਮਿਲਦੀ ਸੀ ਕਿਉਂਕਿ ਇੱਥੇ ਸਹੀ ਸਲਾਮਤ ਬਚ ਕੇ ਰਹਿ ਸਕਦੇ ਸਨ। ਇੱਦਾਂ ਦੇ ਲੋਕ ਹਰ ਰਾਤ ਟੀਵੀ ਦੇਖਦੇ ਸਨ। ਕਿਸਮਤ ਦਾ ਗੇੜ ਸੀ ਕਿ ਮਕਾਨ ਅੰਦਰ ਕੈਦ ਹੋ ਜਾਂਦੇ ਸਨ।
ਆਦਮੀ ਹਾਲੇ ਜਿਉਂਦਾ ਸੀ। ਸਾਹ ਮਸਾਂ ਆਉਂਦਾ ਸੀ। ਹੱਥ ਆਪਣੇ ਗਿੱਲੇ ਝੱਗੇ ਉੱਤੇ ਫੇਰਦਾ ਸੀ ਕਿਉਂਕਿ ਕੱਪੜੇ ਉੱਪਰ ਲਾਲ ਲਾਲ ਖੂਨ ਦਾ ਦਾਗ਼ ਸੀ। ਉਹਦੇ ਵਾਲ ਧੌਲ਼ਿਆਂ ਨਾਲ ਸੁਆਹ ਰੰਗੇ ਸਨ। ਢਿੱਡ ਅੱਗੇ ਨਾਲੋਂ ਮੋਟਾ ਹੋਇਆ ਸੀ। ਅੱਖਾਂ ਦੇ ਹੇਠਾਂ ਕਾਲੀਆਂ ਕਾਲੀਆਂ ਛਾਈਆਂ ਸਨ, ਕਿਉਂਕਿ ਕਈ ਰਾਤਾਂ ਕਲੱਬਾਂ ਵਿਚ ਬੀਤੀਆਂ ਸਨ।
ਘੁਸਰ ਮੁਸਰ ਆਵਾਜ਼ ਨਾਲ ਮੈਥੋਂ ਖੈਰ ਮੰਗੀ, -ਮਿਹਰ ਕਰ ਪਰ ਮੈਂ ਮਿਹਰਬਾਨ ਨਹੀਂ ਸਾਂ। ਮੈਂ ਆਪਣੇ ਕੰਮ ਵਿਚ ਮਗਨ ਸਾਂ। ਮੈਨੂੰ ਬੇਚੈਨੀ ਦੀ ਲੋੜ ਨਹੀਂ ਸੀ। ਇਸ ਲਈ ਮੈਂ ਉਸਨੂੰ ਫਿਰ ਘਾਇਲ ਕਰ ਦਿੱਤਾ। ਛਾਤੀ ਫੇਰ ਚੋਭ ਦਿੱਤੀ। ਦੋ ਹੋਰ ਖੋਭੇ ਮਾਰਕੇ ਉਸਨੂੰ ਸਮਝ ਪੈ ਗਈ ਕਿ ਚੁੱਪ ਰਵਾਂ। ਠੋਡੀ ਉਸਦੀ ਛਾਤੀ ਉੱਤੇ ਲਮਕ ਗਈ। ਸਿਰ ਫਰਸ਼ ਵੱਲ ਢਹਿ ਗਿਆ। ਮੂੰਹ ਵਿੱਚੋਂ ਨਿੱਕੀਆਂ ਨਿੱਕੀਆਂ ਹੂੰਗਾਂ ਨਿਕਲੀਆਂ। 
ਗਾਹਕ ਦਾ ਹੁਕਮ ਸੀ ਕਿ ਮੌਤ ਬੇਤਰਸ ਅਤੇ ਦੁੱਖ ਨਾਲ ਹੋਵੇ। ਇਹ ਸਾਡਾ ਸੌਦਾ ਸੀ। ਮੌਤ ਦਾ ਤਰੀਕਾ ਹੋਰਾਂ ਲਈ ਚੇਤਾਵਨੀ ਸੀ ਅਤੇ ਗਾਹਕ ਲਈ ਬਦਲਾ ਪੂਰਾ ਕਰਦਾ ਸੀ। ਇੱਦਾਂ ਦੇ ਕੰਮ ਵਿਚ ਮੈਂ ਸਭ ਤੋਂ ਬਿਹਤਰ ਸਾਂ। ਇਨਸਾਨ ਨੂੰ ਕਿਉਂ ਇੱਦਾਂ ਦਾ ਕੰਮ ਦੇਣਾ ਜਦ ਕਿ ਕਲਦਾਰ ਲਾਇਕ ਸੀ ਨਾਲੇ ਕਠੋਰ ਵੀ?
ਕਲਦਾਰ ਲਈ ਤਿੰਨ ਨਿਯਮ ਸਨ, ਪਰ ਮੈਂ ਮੈਨੂੰ ਇਸ ਤਰ੍ਹਾਂ ‘ਪ੍ਰੋਗਰਾਮ’ ਨਹੀਂ ਸੀ ਕੀਤਾ ਗਿਆ। ਮੇਰਾ ਪਹਿਲਾ ਕੰਮ ਜੱਲਾਦ ਹੋਣ ਦਾ ਸੀ। ਇਨਸਾਨ ਇਨਸਾਨ ਨੂੰ ਸਜ਼ਾ ਦੇ ਸਕਦਾ ਸੀ। ਪਰ ਤਾਮੀਲ ਬੇਚੈਨੀ ਤੋਂ ਬਗੈਰ ਨਹੀਂ ਕਰ ਸਕਦੇ ਸਨ। ਮੇਰੇ ਕੋਲ ਦਿਲ ਕਿੱਥੇ ਸੀ? ਮੈਂ ਕੰਮ ਮਾਣ ਨਾਲ ਕਰਦਾ ਸਾਂ। ਲੋਕਾਂ ਨੂੰ ਮਾਰ ਕੇ ਮਜ਼ਾ ਲੈਂਦਾ ਸਾਂ।
ਉਫ਼! ਮੈਂ ਤਾਂ ਹੋਰ ਹੀ ਪਾਸੇ ਤੁਰ ਪਿਆ। ਕਿੱਥੇ ਸੀ? ਮੇਰਾ ਬਦਨ ਲੋਹੇ ਦਾ ਬਣਾਇਆ ਕਰਕੇ ਦਸਤਾਨਿਆਂ ਜੁੱਤੀਆਂ ਪਾਉਣ ਦੀ ਕੋਈ ਲੋੜ ਨਹੀਂ ਸੀ। ਪੁਲਸ ਨੂੰ ਕੀ ਪਤਾ ਲੱਗਣਾ ਸੀ ਕਿ ਕੀਹਨੇ ਕੀਤਾ? ਮੈਂ ਦਰੀ ਉੱਤੇ ਡੁੱਲ੍ਹੇ ਖੂਨ ਵਿਚ ਨਿਸ਼ਾਨ ਛੱਡਣ ਤੋਂ ਬਗੈਰ ਤੁਰ ਸਕਦਾ ਸੀ। ਉਸਨੂੰ ਮਾਰਨ ਤੋਂ ਪਹਿਲਾਂ ਮੈਂ ਉਹਦੇ ਗ਼ੁਸਲਖ਼ਾਨੇ ਵਿਚ ਲੁਕਿਆ ਸੀ। ਜਦ ਇਸ਼ਨਾਨ ਕਰਨ ਅੰਦਰ ਆਇਆ ਮੈਨੂੰ ਵੇਖਕੇ ਬਹੁਤ ਹੈਰਾਨ ਹੋ ਗਿਆ ਸੀ। ਜਦ ਉਹਨੂੰ ਹੋਸ਼ ਆਈ ਮੈਂ ਉਹਦੇ ਸਰੀਰ ਨੂੰ ਦੋ ਤਿੰਨ ਵਾਰੀ ਚੋਭੜ ਦਿੱਤਾ। ਇਨਸਾਨ ਦਾ ਗਲਤ ਵਹਿਮ ਹੈ ਕਿ ਜੋ ਪਿੱਠ ਪਿੱਛੇ ਹੁੰਦਾ ਉਹਦੇ ਤੋਂ ਡਰਨਾ ਚਾਹੀਦਾ। ਪਰ ਸੱਚ ਇਹ ਹੈ ਕਿ ਜੋ ਅੱਖਾਂ ਦੇ ਸਾਹਮਣੇ ਹੁੰਦਾ ਉਸਤੋਂ ਡਰਨਾ ਚਾਹੀਦਾ ਹੈ। ਮੇਰੀ ਸਲਾਹ ਹੈ ਕਿ ਜਿਨ੍ਹਾਂ ਨਾਲ ਲੋਕ ਗੱਲ ਬਾਤ ਕਰਦੇ, ਜਿਨ੍ਹਾਂ ਨਾਲ ਹੱਥ ਮਿਲਾਉਂਦੇ, ਉਨ੍ਹਾਂ ਤੋਂ ਡਰਨਾ ਚਾਹੀਦਾ। ਦੈਂਤ ਝਾੜੀ ਪਿੱਛੇ ਨਹੀਂ ਲੁਕਦੇ। ਮੁਸਕਾਨ ਪਿੱਛੇ ਲੁਕਦੇ ਹਨ। ਵੈਰੀ ਅੱਗੋਂ ਹੀ ਮਾਰਨ ਆਉਂਦੇ ਨੇ।
ਮੈਂ ਤੇਜ਼ੀ ਨਾਲ ਕੰਮ ਕਰਦਾ ਸਾਂ। ਪਹਿਲਾਂ ਮੈਂ ਆਪਣੀਆਂ ਉਂਗਲੀਆਂ ਲੀਰ ਨਾਲ ਪੂੰਝੀਆਂ। ਇਹਨਾਂ ਦੀਆਂ ਨੋਕਾਂ ਪਿੱਛੇ ਚਾਕੂ ਲੁਕੇ ਸਨ। ਮੈਂ ਉਸਦੇ ਵੱਲ ਤੱਕਿਆ। ਹਾਲੇ ਮਰਿਆ ਨਹੀਂ ਸੀ। ਬੁੱਲ੍ਹ ਮੱਛੀਆਂ ਦੇ ਹੋਠਾਂ ਵਾਂਗ ਸਾਹ ਲੈਣ ਦੀ ਕੋਸ਼ਿਸ਼ ਕਰਦੇ ਸਨ। ਇੰਜ ਲੱਗੇ ਜਿੱਦਾਂ ਕਿਸੇ ਮੱਛੀ ਨੂੰ ਪਾਣੀ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤਾ ਹੋਵੇ। ਪਿੰਡਾ ਤੜਫਦਾ ਸੀ। ਮੈਂ ਉਪੇਖਿਆ ਕੀਤੀ। ਬੈਠਕ ਵਿਚ ਇਧਰ ਉਧਰ ਤੁਰਦਾ ਫਿਰਦਾ ਸਾਂ ਕਿਉਂਕਿ ਮੈਂ ਚਾਹੁੰਦਾ ਸਾਂ ਕਿ ਸਾਰਾ ਕੁਝ ਇੱਦਾਂ ਲੱਗੇ ਜਿੱਦਾਂ ਕੋਈ ਪਰੇਸ਼ਾਨੀ ਹੋਈ ਹੋਵੇ। ਇੱਕ ਮੇਜ਼ ਉੱਤੇ ਕੁਝ ਬੋਤਲਾਂ ਪਈਆਂ ਸਨ। ਮੇਰਾ ਇੱਥੇ ਆਏ ਦਾ ਕੋਈ ਸਬੂਤ ਨਹੀਂ ਰਹਿਣਾ ਚਾਹੀਦਾ ਸੀ। ਕੋਈ ਸਬੂਤ ਨਹੀਂ ਸੀ ਕਿ ਇੱਥੇ ਆਂਢੀ ਗੁਆਂਢੀ ਵੀ ਆਇਆ ਹੋਵੇ। ਸਫ਼ਾਈ ਕਰਨ ਦਾ ਮਜ਼ਾ ਸੰਗੀਤ ਨਾਲ ਹੀ ਆਉਂਦਾ ਸੀ। ਮੈਂ ਉਸਨੂੰ ਘੁੰਮਕੇ ਆਖਿਆ ਕੀ ਸੁਣਨਾ ਚਾਹੁੰਦਾ ਏ? – । ਉਹਦੇ ਕੋਲ ਸਸਤਾ ਸਟੀਰੀਓ ਸੀ ਅਤੇ ਦਸ ਕੁ ਸੰਗੀਤ ਨਾਲ ਭਰੀਆਂ ਹੋਈਆਂ ਮੈਮਰੀ ਕਾਰਡ-ਡੰਡੀਆਂ। ਮੈਂ ਸਟੀਰੀਓ ਵਿਚ ਇੱਕ ਡੰਡੀ ਪਾਕੇ ਚਲਾ ਦਿੱਤੀ। ਕੋਈ ਲੋੜ ਨਹੀਂ ਸੀ ਕਹਿਣ ਦੀ ਪਰ ਮੈਂ ਆਖਿਆ ਗੁਰਦਾਸ ਮਾਨ!- ਮੈਂ ਅਵਾਜ਼ ਉੱਚੀ ਕਰ ਦਿੱਤੀ। ਗਾਣੇ ਦਾ ਨਾਂ “ਪਿਆਰ ਕਰ ਲੈ” ਸੀ। ਫਿਰ ਮੈਂ ਕਮਰੇ ਦੇ ਮੇਜ਼ ਕੁਰਸੀਆਂ, ਸੋਫ਼ੇ ਤੋਂ ਗੱਦੀਆਂ ਆਲ਼ੇ ਦੁਆਲੇ ਚੁੱਕ ਕੇ ਮਾਰੀਆਂ। ਪੁਲਸ ਦੇ ਦਿਮਾਗ ਵਿਚ ਲੱਗਣਾ ਚਾਹੀਦਾ ਸੀ ਕਿ ਕਿਸੇ ਚੋਰ ਨੇ ਡਾਕਾ ਮਾਰਨ ਦੀ ਕੋਸ਼ਿਸ਼ ਵਿਚ ਉਹਨੂੰ ਮਾਰ ਦਿੱਤਾ।
ਉਹ ਦੇਖ ਨਹੀਂ ਸੱਕਿਆ ਕਿ ਮੈਂ ਉਹਦੇ ਕਮਰੇ ਦਾ ਕੀ ਹਾਲ ਬਣਾਉਂਦਾ ਸੀ। ਪਰ ਕੰਨਾਂ ਵਿਚ ਰਾਗ ਦੀ ਸੁਰ ਜਾਂਦੀ ਸੀ। ਕਹਿਣ ਦਾ ਮਤਲਬ ਜਦ ਮੈਂ ਖਿਲਾਰਾ ਪਾਉਂਦਾ ਸੀ ਉਹਨੂੰ ਖੜਕਾ ਸੁਣਦਾ ਸੀ। ਉਹਦੀਆਂ ਅੱਖਾਂ ਦਰੀ ਵੱਲ ਤੱਕ ਦੀਆਂ ਸਨ। ਦਰੀ ਦਾ ਰੰਗ ਖੂਨ ਨਾਲ ਲਾਲ ਨਹੀਂ ਸੀ, ਪਰ ਇੱਦਾਂ ਲੱਗਦਾ ਸੀ ਜਿੱਦਾਂ ਦੁੱਧ ਜਾਂ ਚਾਹ ਕਿਸੇ ਨੇ ਡੋਲ ਦਿੱਤੀ ਹੋਵੇ। ਫਿਲਮਾਂ ਵਿਚ ਹਮੇਸ਼ਾ ਲਹੂ ਲਾਲ ਹੁੰਦਾ ਹੈ। ਪਰ ਅਸਲ ਵਿਚ ਦਾਗ਼ ਇੱਦਾਂ ਦੇ ਹੁੰਦੇ ਹਨ। ਦੁੱਧ? ਇਸ ਸੋਚ ਨੇ ਮੈਨੂੰ ਫਰਿੱਜ ਵੱਲ ਤੋਰ ਦਿੱਤਾ। ਮੈਂ ਖੋਲ੍ਹਕੇ ਸਾਰਾ ਸਮਾਨ ਰਸੋਈ ਦੀਆਂ ਕੰਧਾਂ ਅਤੇ ਸਿੰਕ ਵੱਲ ਸਿੱਟ ਦਿੱਤਾ। ਫਰਸ਼ ਉੱਤੇ ਆਂਡੇ, ਦੁੱਧ, ਸ਼ਰਾਬ, ਟਮਾਟਰ, ਮੱਖਣ, ਖੀਰਿਆਂ ਤੇ ਹੋਰ ਚੀਜ਼ਾਂ ਦੀ ਮਿਲਾਵਟ ਹੋ ਗਈ। ਇੱਦਾਂ ਲੱਗੇ ਜਿੱਦਾਂ ਫਰਸ਼ ਤੇ ਖਿਚੜੀ ਡੁਲਹੀ ਸੀ।
ਸਹਿਜੇ ਸਹਿਜੇ ਫਿਰ ਮੈਂ ਬਾਕੀ ਕਮਰਿਆਂ ਦੀ ਤਬਾਹੀ ਕਰ ਦਿੱਤੀ। ਫਿਰ ਮੈਂ ਬਾਹਰ ਜਾਕੇ ਆਪਣੇ ਪਿੱਛੇ ਬੂਹਾ ਬੰਦ ਕਰ ਦਿੱਤਾ। ਆਲ਼ੇ ਦੁਆਲੇ ਦੇਖਿਆ। ਕੋਈ ਨਹੀਂ ਸੀ। ਮੈਂ ਚੋਰ-ਜਿੰਦਾ ਭੰਨ ਦਿੱਤਾ। ਫਿਰ ਸਾਰੇ ਦਰਵਾਜ਼ਿਆਂ ਦਾ ਨਾਸ ਕਰ ਦਿੱਤਾ। ਫਿਰ ਬੰਦ ਕਰਕੇ (ਬੂਹੇ ਦੀ ਹਾਲਤ ਬਹੁਤ ਖ਼ਰਾਬ ਸੀ। ਲੰਘਣਾ ਮੁਸ਼ਕਿਲ ਸੀ।) ਖੜਕਾ ਕਰਨ ਤੋਂ ਬਗੈਰ ਘਰ ਦੀ ਗਲੀ ਵਿਚ ਜਾਕੇ ਟੈਲੀਫੋਨ ਭੂੰਝੇ ਸਿੱਟ ਦਿੱਤਾ। ਬੈਠਕ ਵਿਚ ਵਾਪਸ ਜਾਕੇ ਉਸਦਾ ਸਿਰ ਧਰਤੀ ਉੱਤੇ ਰੱਖ ਦਿੱਤਾ। ਮੁੱਖ ਚਿੱਟਾ ਚਿੱਟਾ ਹੋਇਆ ਸੀ। ਮੈਂ ਕਈ ਲਾਸ਼ਾਂ ਵੇਖੀਆਂ ਹਨ ਪਰ ਇਹਦਾ ਹਾਲ ਉਨ੍ਹਾਂ ਸਾਰੀਆਂ ਤੋਂ ਬੁਰਾ ਸੀ।
– ਫਿਕਰ ਨਾ ਕਰ ਯਾਰ। ਤਕਰੀਬਨ ਮੇਰਾ ਕੰਮ ਮੁੱਕ ਗਿਆ ਹੈ। ਮੈਂ ਉਪਰ ਗਿਆ। ਉਸਦੇ ਸੌਣ ਵਾਲੇ ਕਮਰੇ ਦਾ ਵੀ ਓਹੀ ਹਾਲ ਕਰ ਦਿੱਤਾ। ਜਦ ਅਲਮਾਰੀ ਖੋਲ੍ਹੀ, ਫੋਲਾ ਫਾਲੀ ਕੀਤੀ ਮੈਨੂੰ ਨੋਟਾਂ ਦਾ ਪੁਲੰਦਾ ਲੱਭ ਗਿਆ। ਮੈਂ ਰੱਖ ਲਿਆ। ਗਾਹਕ ਨੇ ਮੈਨੂੰ ਪੈਸੇ ਇਸ ਕੰਮ ਲਈ ਦਿੱਤੇ ਸੀ ਪਰ ਮੈਨੂੰ ਪਤਾ ਸੀ ਕਿ ਸਭ ਤੋਂ ਪਹਿਲਾਂ ਪੁਲਸ ਨੇ ਜੇਬ ਵਿਚ ਪਾ ਲੈਣੇ ਸੀ। ਉਸ ਕਰਕੇ ਮੈਂ ਆਪਣੀ ਟਿੱਪ ਸਮਝ ਕੇ ਖੁਦ ਰੱਖ ਲਏ। 
ਮੈਂ ਕਮਰੇ ਵੱਲ ਤੱਕਿਆ। ਬਹੁਤ ਨੀਚ ਆਦਮੀ ਸੀ। ਫ਼ਰਸ਼ ਉੱਤੇ ਅਸ਼ਲੀਲ ਤਸਵੀਰਾਂ ਨਾਲ ਭਰੇ ਹੋਏ ਰਸਾਲੇ ਖਿੱਲਰੇ ਸਨ। ਬਿਸਤਰੇ ਦੇ ਆਲ਼ੇ ਦੁਆਲੇ ਵਿਸਕੀ ਦੀਆਂ ਬੋਤਲਾਂ ਸਨ। ਮੈਲ਼ੇ ਕਪੜੇ ਸਾਰੇ ਪਾਸੇ ਪਏ ਸਨ। ਇੱਕ ਛੋਟੀ ਅਲਮਾਰੀ ਉਪਰ ਰੇਡੀਓ ਟਿਕਿਆ ਸੀ। ਕੋਈ ਪਰਿਵਾਰ ਦੀ ਤਸਵੀਰ ਨਹੀਂ ਸੀ। ਕੋਈ ਕਲਾ-ਚਿੱਤਰ ਕੰਧ ਉੱਤੇ ਨਹੀਂ ਟੰਗਿਆ ਹੋਇਆ ਸੀ।
ਮੈਨੂੰ ਸਾਫ਼ ਦਿਸਦਾ ਸੀ ਕਿ ਉਹ ਦਵਾਈ ਦੀ ਵਰਤੋਂ ਕਰਦਾ ਸੀ। ਰੇਡੀਓ ਨਾਲ ਕੁਝ ਸ਼ੀਸ਼ੀਆਂ ਗੋਲੀਆਂ ਨਾਲ ਭਰੀਆਂ ਪਈਆਂ ਸਨ। ਮੇਰੇ ਖਿਆਲ ਵਿਚ ਘਬਰਾਹਟ ਨੂੰ ਠੀਕ ਕਰਨ ਲਈ ਦੁਆਈਆਂ ਹੋਣਗੀਆਂ। ਮੁਖ਼ਬਰਾਂ ਨੂੰ ਨਸ਼ੇ ਉਪਰ ਪ੍ਰਭਾਵ ਪਾਉਣ ਵਾਲੀਆਂ ਚੀਜ਼ਾਂ ਦੀ ਹਮੇਸ਼ਾਂ ਲੋੜ ਹੁੰਦੀ ਹੈ। ਹਮੇਸ਼ਾਂ ਫਿਕਰ ਹੁੰਦਾ ਹੈ ਕਿ ਜਸੂਸੀ ਦਾ ਨਤੀਜਾ ਮੌਤ ਹੋ ਸਕਦਾ ਹੈ। ਕਿਉਂਕਿ ਜਦ ਗੁਨਾਹਗਾਰ ਦੇ ਖ਼ਿਲਾਫ਼ ਗਵਾਹੀ ਦੇ ਦਿੱਤੀ ਦੋਸ਼ੀ ਦੇ ਬਦਲੇ ਤੋਂ ਲੁਕਣ ਦੀ ਕੋਸ਼ਿਸ਼ ਕਰਦੇ ਨੇ। ਭਾਵੇਂ ਸਰਕਾਰ ਸ਼ਰਨ ਕੋਈ ਗੁਪਤ ਥਾਂ ਵਿਚ ਦੇ ਦੇਂਵੇ, ਪਰ ਗੁਨਾਹਗਾਰ ਦੇ ਮਿੱਤਰਾਂ ਦੀ ਪਹੁੰਚ ਬਹੁਤ ਲੰਬੀ ਹੁੰਦੀ ਹੈ। ਮੁਖ਼ਬਰ ਭਾਵੇਂ ਆਪਣਾ ਨਾਂ ਬਦਲ ਲਵੇ, ਚਿਹਰਾ ਬਦਲ ਲਵੇ, ਪਰ ਆਪਣੇ ਪਿਆਰੇ ਟੱਬਰ ਤੋਂ ਬਗੈਰ ਕਿਵੇਂ ਜੀਵੇ? ਆਪਣੇ ਖਾਸ ਦੋਸਤਾਂ ਨਾਲ ਫਿਰ ਕਦੇ ਮੁਲਾਕਾਤ ਨਹੀਂ ਕਰ ਸਕਦੇ ਸਨ। ਨਿਆਣਿਆਂ ਨੂੰ ਛੋਹ ਨਹੀਂ ਸਕਦੇ। ਸਿਰਫ਼ ਜੇਲ੍ਹ ਤੋਂ ਬਚਦੇ ਅਤੇ ਥੋੜ੍ਹਾ ਚਿਰ ਮੇਰੇ ਵਰਗੇ ਕਾਤਲ ਤੋਂ। ਆਦਮੀ ਨੇ ਤਾਂ ਮੈਨੂੰ ਮਦਦ ਕਰਨ ਵਾਲਾ ਕਲਦਾਰ ਬਣਾਇਆ ਸੀ। ਹੁਣ ਮੈਂ ਕਲਦਾਰ ਰਿਹਾ ਹਾਂ ਕਿ ਕਾਤਲ? ਬੈਠਕ ਵਿਚ ਕਾਲੇ ਦੀ ਲਾਸ਼ ਪਈ ਸੀ। ਹਾਂ ਉਹਦਾ ਨਾਂ ਕਾਲਾ ਸੀ। ਹੈ ਵੀ ਕਾਲਾ ਸੀ। ਉਸਦੀ ਪਤਨੀ ਨੇ ਉਹਨੂੰ ਛੱਡ ਦਿੱਤਾ ਸੀ। ਕਿਉਂਕਿ ਕੌਣ ਇਸ ਹਾਲ ਵਿਚ ਰਹਿ ਸਕਦਾ ਸੀ? ਇੱਦਾਂ ਹੀ ਮੈਨੂੰ ਦੱਸ ਪਈ। ਭਾਵੇਂ ਮੁਖ਼ਬਰ ਦਾ ਪਰਿਵਾਰ ਹੁਣ ਟੁੱਟ ਗਿਆ, ਕੋਈ ਨਾ ਕੋਈ ਨਿਸ਼ਾਨ ਰਹਿ ਜਾਂਦਾ ਜਿਸ ਨਾਲ ਸੂਚਕ ਲੱਭ ਜਾਂਦਾ।
ਪੁਲਸ ਨੂੰ ਪਤਾ ਲੱਗ ਜਾਂਦਾ ਕੌਣ ਕਮਜ਼ੋਰ ਹੈ। ਉਸਨੂੰ ਵਾਅਦੇ ਨਾਲ ਫਸਾ ਦੇਂਦੇ ਨੇ। ਜਸੂਸ ਬਣਾ ਦੇਂਦੇ ਨੇ। ਝੂਠ ਬੋਲ ਕੇ ਕਹਿੰਦੇ ਨੇ ਸਾਡੀ ਮਦਦ ਕਰੋ, ਤੁਹਾਡੇ ਲਈ ਨਰਮ ਹੋ ਜਾਵਾਂਗੇ। ਦੰਡ ਘੱਟ ਜਾਊਗਾ। ਤੁਹਾਡੇ ਟੱਬਰ ਦੀ ਰਾਖੀ ਕਰਾਂਗੇ ਪਰ ਜਿਊਰੀ ਨੇ ਤਾਂ ਸੋਚਣਾ ਹੈ ਕਿ ਇਹ ਵੀ ਦੋਸ਼ੀ ਹੈ। ਇਸ ਦੇ ਬਿਆਨ ਤੇ ਕੀ ਭਰੋਸਾ ਏ? ਉਹਨਾਂ ਲਈ ਗੁਨਾਹਗਾਰ ਤਾਂ ਛੁੱਟ ਜਾਂਦਾ ਹੈ। ਕਈ ਵਾਰੀ ਮੁਖ਼ਬਰ ਲਈ ਪੈਸੇ ਕਮਾਉਣ ਦਾ ਤਰੀਕਾ ਬਣ ਜਾਂਦਾ ਹੈ। ਕਈ ਵਾਰੀ ਨਹੀਂ। ਕਾਲੇ ਲਈ ਨਹੀਂ ਬਣਿਆ। ਮੈਂ ਥੱਲੇ ਚਲਾ ਗਿਆ। ਲਾਸ਼ ਉਪਰ ਝੁਕ ਕੇ ਘੋਖਿਆ। ਪੰਦਰਾਂ ਮਿੰਟਾਂ ਤਕ ਜਿਸਮ ਠੰਡਾ ਹੋ ਜਾਣਾ ਸੀ। ਮੈਨੂੰ ਖਿਆਲ ਆਇਆ ਕਿ ਮੈਂ ਗਲਤੀ ਕੀਤੀ ਏ। ਦਰਵਾਜ਼ਾ ਬਹੁਤ ਛੇਤੀ ਭੰਨ ਦਿੱਤਾ। ਕੋਈ ਇਸ ਨੂੰ ਪੰਦਰਾਂ ਮਿੰਟਾਂ ਵਿਚ ਲੱਭ ਸਕਦਾ ਹੈ। ਹੁਣ ਹੱਥ ਮਲਣ ਦੀ ਕੋਈ ਲੋੜ ਨਹੀਂ ਸੀ। ਜੋ ਹੋ ਗਿਆ ਸੋ ਹੋ ਗਿਆ।
ਮੈਂ ਬਾਰੀ ਕੋਲ ਖੜ੍ਹ ਗਿਆ। ਜਾਲੀਆਂ ਵਿੱਚੋਂ ਮੈਂ ਬਾਹਰ ਨਜ਼ਰ ਮਾਰੀ। ਬੱਦਲਾਂ ਪਿੱਛੋਂ ਧੁੱਪ ਨੇ ਮੇਰੇ ਵੱਲ ਨਿੱਘੀਆਂ ਨਿੱਘੀਆਂ ਕਿਰਨਾਂ ਸੁੱਟੀਆਂ। ਹਾਂ ਮੈਨੂੰ ਇਹ ਕੰਮ ਬਹੁਤ ਪਸੰਦ ਸੀ। ਮੇਰੀ ਕੀ ਗਲਤੀ? ਇਨਸਾਨ ਨੇ ਮੈਨੂੰ ਇੱਦਾਂ ਦਾ ਬਣਾਇਆ। ਇਨਸਾਨ ਮੈਨੂੰ ਇਸ ਤਰ੍ਹਾਂ ਦੇ ਕਾਰਜਾਂ ਤੇ ਭੇਜਦੇ ਸਨ। ਆਮ ਕਲਦਾਰ ਇਨਸਾਨ ਦੀ ਰੱਖਸ਼ਾ ਕਰਦਾ। ਪਰ ਮੈਂ ਅਲੱਗ ਸਾਂ। ਆਪਣੇ ਆਪ ਜਿਹੜਾ ਸੋਚਣ ਲੱਗ ਪਿਆ ਸਾਂ। ਖੂਨ ਡੋਲ੍ਹ ਕੇ ਮਜ਼ਾ ਆਉਂਦਾ ਸੀ। ਕਦੇ ਸੋਚਿਆ ਲਹੂ ਦੀ ਮੁਸ਼ਕ ਕਿੱਦਾਂ ਦੀ ਹੈ? ਮੈਂ ਕਈ ਲੋਕਾਂ ਅਤੇ ਕਲਦਾਰਾਂ ਨੂੰ ਮਾਰਿਆ। ਪਰ ਇਨਸਾਨ ਨੇ ਮੈਨੂੰ ਮਹਿਕ ਸੁੰਘਣ ਦੀ ਯੋਗਤਾ ਨਹੀਂ ਦਿੱਤੀ। ਮੈਂ ਚਾਰ ਚੁਫੇਰੇ ਸਭ ਕੁਝ ਫਿਰ ਚੈਕ ਕੀਤਾ। ਅਦਾਲਤੀ ਸਾਇੰਸਦਾਨਾਂ ਲਈ ਕੋਈ ਉੱਘ ਸੁੱਘ ਨਹੀਂ ਹੋਣੀ ਚਾਹੀਦੀ। ਸਾਡੇ ਵਰਗੇ ਕਦੇ ਨਹੀਂ ਥਹੁ ਛੱਡਦੇ। ਕਿਸੇ ਨੇ ਇਸ ਕੇਸ ਉਪਰ ਜ਼ਬਰਦਸਤੀ ਨਾਲ ਕੰਮ ਨਹੀਂ ਕਰਨਾ। ਘਰ ਦਾ ਇੱਦਾਂ ਦਾ ਹਾਲ ਕਰ ਦਿੱਤਾ ਦੇਖਣ ਵਾਲਿਆਂ ਨੂੰ ਲੁਟ ਮਾਰ ਦਾ ਕੇਸ ਲੱਗਣਾ। ਸਾਡੇ ਵਰਗੇ ਕਾਤਲ ਬਹੁਤ ਘੱਟ ਫੜ੍ਹ ਹੁੰਦੇ ਨੇ। ਕਿਉਂਕਿ ਅਸੀਂ ਵੇਖਣ ਵਿਚ ਆਮ ਬੰਦੇ ਲੱਗਦੇ ਹਾਂ। ਆਮ ਕਲਦਾਰ ਲੱਗਦੇ ਹਾਂ। ਨਾਲੇ ਕਦੇ ਕੋਈ ਕਲਦਾਰ ਨੂੰ ਮਾਰਨ ਲਈ ਪ੍ਰੋਗਰਾਮ ਕੀਤਾ ਹੈ? ਮੇਰੇ ਵਿਚ ਤਾਂ ਵਿਲੱਖਣਤਾ ਹੈ। ਅਸਲੀ ਕਾਤਲ ਫਿਲਮੀ ਕਾਤਲ ਵਰਗੇ ਨਹੀਂ ਹੁੰਦੇ। ਜੇ ਹੁੰਦੇ ਤਾਂ ਸਾਫ਼ ਦਿੱਸ ਜਾਂਦੇ। ਫਿਰ ਕਿਵੇਂ ਕੰਮ ਪੂਰਾ ਕਰ ਸਕਦੇ? ਅਸੀਂ ਆਪਣੇ ਆਲ਼ੇ ਦੁਆਲੇ ਦਿਆਂ ਲੋਕਾਂ ਵਿਚ ਢੱਕ ਹੋ ਜਾਂਦੇ ਹਾਂ।
ਉਫ਼! ਮੈਂ ਫਿਰ ਹੋਰ ਪਾਸੇ ਤੁਰ ਪਿਆ! ਮੈਂ ਆਪਣੇ ਆਪ ਨੂੰ ਸਾਫ਼ ਕਰਕੇ ਸੁਧਾਰਿਆ। ਬੈਠਕ ਦੇ ਬੂਹੇ ਵੱਲ ਤੁਰ ਪਿਆ। ਫਿਰ ਰੁਕ ਕੇ ਕਿਹਾ ਅੱਛਾ ਕਾਲਿਆ ਮੈਂ ਹੁਣ ਜਾਂਦਾ ਹਾਂ। ਦੇਰ ਹੋ ਗਈ ਫਿਰ ਆਰਾਮ ਨਾਲ ਘਰੋਂ ਬਾਹਰ ਤੁਰ ਪਿਆ।
ਅਪਰਾਧ ਤੋਂ ਬਾਅਦ ਸਭ ਤੋਂ ਖਤਰਨਾਕ ਵਕਤ ਮੇਰੇ ਲਈ ਇਹ ਹੁੰਦਾ ਐ। ਗੁਨਾਹ-ਦ੍ਰਿਸ਼ ਤੋਂ ਤੁਰਦਾ ਬੰਦਾ ਪਛਾਣਿਆ ਜਾ ਸਕਦਾ ਹੈ, ਕਲਦਾਰ ਵੀ ਪਛਾਣ ਹੋ ਸਕਦਾ ਹੈ। 
ਮੈਂ ਵਿਹੜੇ ਦੀ ਵਾੜ ਪਿੱਛੇ ਚੰਗੀ ਤਰ੍ਹਾਂ ਲੁਕਿਆ ਸਾਂ। ਉਹ ਵਾੜ ਜਿਸਨੂੰ ਕਾਲੇ ਨੇ ਦੁਨੀਆ ਤੋਂ ਪਰਦਾ ਸਮਝਿਆ। ਉਹ ਵਾੜ ਜਿਹੜੀ ਕਾਲੇ ਲਈ ਸੁੱਖ ਸੀ ਕਿਉਂਕਿ ਅਣਚਾਹੀਆਂ ਅੱਖਾਂ ਤੋਂ ਓਹਲੇ ਰੱਖਦੀ ਸੀ। ਸੜਕ ਦੀ ਪਟੜੀ ਉੱਤੇ ਮੈਂ ਠਹਿਰਿਆ ਨਹੀਂ। ਆਲ਼ੇ ਦੁਆਲੇ ਕੋਈ ਨਹੀਂ ਸੀ। ਜਦ ਮੋੜ ਲੰਘਿਆ ਇੱਕ ਦਮ ਆਪਣੀ ਉਡਣ ਵਾਲੀ ਗੱਡੀ ਵਿਚ ਬਹਿਕੇ ਇੰਜਣ ਚਾਲੂ ਕਰਕੇ ਉਡਾਰੀ ਮਾਰੀ।
ਆਥਣ ਵੇਲੇ ਮੈਂ ਉਸ ਹੀ ਥਾਂ ਤੇ ਵਾਪਸ ਗਿਆ। ਥਾਂ ਸੁੰਨੀ ਸੀ। ਇਸ ਵਾਰੀ ਮੈਂ ਮਕਾਨ ਦੇ ਸਾਹਮਣੇ ਆਪਣੀ ਉਡਣ ਵਾਲੀ ਗੱਡੀ ਪਾਰਕ ਕਰ ਦਿੱਤੀ। ਆਂਢੀਆਂ ਗੁਆਂਢੀਆਂ ਦੇ ਘਰ ਖਮੋਸ਼ ਸਨ। ਜਿਵੇਂ ਸਾਰੇ ਬਾਹਰ ਗਏ ਹੋਣ, ਵੈਸੇ ਵੀ ਐਸੇ ਗੁਆਂਢੀ ਹੋਰ ਲੋਕਾਂ ਦੀਆਂ ਗੱਲਾਂ ਵਿਚ ਸ਼ਾਮਲ ਨਹੀਂ ਹੁੰਦੇ ਸਨ। ਐਤਕੀਂ ਮੈਂ ਰੇਸ ਇੰਨੇ ਜ਼ੋਰ ਨਾਲ ਦਿੱਤੀ ਕਿ ਇੰਜਣ ਚਿੰਘਾੜ ਪਿਆ। ਗੱਡੀ ਦਾ ਬੂਹਾ ਵੀ ਜ਼ੋਰ ਦੇਣੀ ਬੰਦ ਕੀਤਾ। ਹੁਣ ਮੈਂ ਬਦਨ ਉੱਤੇ ਵਰਦੀ ਪਾਈ ਹੋਈ ਸੀ। ਲੋਹੇ ਦੀਆਂ ਲੱਤਾਂ ਉਪਰ ਪਤਲੂਨ। ਹਾਂ ਕਲਦਾਰ ਨੂੰ ਕਪੜਿਆਂ ਦੀ ਲੋੜ ਨਹੀਂ ਸੀ, ਅਸੀਂ ਕਪੜਿਆਂ ਵਿਚ ਬੇਤੁਕੇ ਲੱਗਦੇ ਸਾਂ। ਪਰ ਸੰਸਾਰ ਦੀ ਨਿਯਮਾਵਲੀ ਦੇ ਮੁਤਾਬਕ ਚੱਲਣਾ ਪੈਂਦਾ ਸੀ। ਨਾਲੇ ਜੇ ਕਿਸੇ ਨੇ ਵੀ ਮੈਨੂੰ ਦੇਖਿਆ ਵੀ ਹੋਵੇ ਹੁਣ ਕਿਵੇਂ ਪਛਾਣਦਾ? ਗਵਾਹ ਨੂੰ ਤਕਰੀਬਨ ਕਪੜਿਆਂ ਦੀ ਯਾਦ ਹੁੰਦੀ ਹੈ। ਮੁਜਰਮ ਦੀ ਸ਼ਕਲ ਘੱਟ। ਸਵੇਰੇ ਸਵੇਰੇ ਮੈਂ ਨੰਗਾ ਮਸ਼ੀਨੀ ਮਾਨਵ ਸਾਂ। ਹੁਣ ਕਪੜਿਆਂ ਨਾਲ ਮੇਰਾ ਰੂਪ ਬਦਲ ਗਿਆ ਸੀ। ਸਭ ਤੋਂ ਹੁਸ਼ਿਆਰ ਹਤਿਆਰੇ ਨਕਲੀ ਮੁੱਛਾਂ ਅਤੇ ਰੰਗੇ ਵਾਲ ਨਹੀਂ ਵਰਤਦੇ। ਆਮ ਕਪੜੇ ਹੀ ਪਾਉਂਦੇ ਹਨ।
ਮੈਂ ਹੌਲੀ ਹੌਲੀ ਪਾਥ ਉੱਤੇ ਤੁਰਕੇ ਗਿਆ। ਮੇਰੀ ਨਜ਼ਰ ਚਾਰ ਚੁਫੇਰੇ ਗਈ। ਹਰ ਚੀਜ਼ ਦੀ ਪੜਤਾਲ ਕੀਤੀ। ਕਿਉਂਕਿ ਇੱਦਾਂ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਮੇਰਾ ਕੰਮ ਜ਼ਮੀਨ ਦੀ ਪੜਤਾਲ ਕਰਨਾ ਹੈ। ਟੁੱਟੇ ਫੁੱਟੇ ਬੂਹੇ ਦੀ ਵੀ ਜਾਂਚ ਕੀਤੀ। ਦਰਵਾਜ਼ਾ ਬੰਦ ਸੀ। ਜਦ ਮੈਂ ਉਸਦੇ ਅੱਗੇ ਖਲੋਇਆ ਕਿਸੇ ਨੇ ਅੰਦਰੋਂ ਖੋਲ੍ਹ ਦਿੱਤਾ। ਦੋ ਆਦਮੀ ਮੇਰੇ ਵੱਲ ਆਏ। ਇੱਕ ਬੰਦਾ ਵਰਦੀ ਵਿਚ ਸੀ। ਇੱਕ ਕਲਦਾਰ ਵੀ ਇੱਦਾਂ ਹੀ ਸਜਾਇਆ ਸੀ। ਮੈਂ ਇੱਕ ਪਾਸੇ ਹੋਕੇ ਉਨ੍ਹਾਂ ਨੂੰ ਰਾਹ ਦੇ ਦਿੱਤਾ। ਮੈਂ ਫਿਰ ਘਰ ਵਿਚ ਵੜ ਗਿਆ। ਟੈਲੀਫੋਨ ਹਾਲੇ ਵੀ ਦਰੀ ਉੱਤੇ ਡਿੱਗਿਆ ਪਿਆ ਸੀ।
ਲਾਸ਼ ਉੱਥੇ ਹੀ ਸੀ ਜਿੱਥੇ ਮੈਂ ਛੱਡ ਕੇ ਆਇਆ ਸਾਂ। ਉਸ ਵੇਲੇ ਕਾਲੇ ਨੇ ਮੇਰੇ ਲਈ ਦਰਵਾਜ਼ਾ ਖੋਲ੍ਹਿਆ ਸੀ। ਮੇਰੇ ਹੱਥ ਵਿਚ ਥੈਲਾ ਸੀ। ਮੈਂ ਉਹਨੂੰ ਕਿਹਾ ਸੀ ਤੁਹਾਡਾ ਮੀਟਰ ਚੈਕ ਕਰਨ ਆਇਆਂ ਮੈਂ ਓਦੋਂ ਵੀ ਵਰਦੀ ਪਾਈ ਸੀ ਪਰ ਮੀਟਰ ਵਾਲੇ ਦੀ। ਮੈਨੂੰ ਤੜਕੇ ਵੇਖਕੇ ਓਹ ਹੈਰਾਨ ਸੀ। ਪਰ ਉਹਨੇ ਆਪਣੀ ਅਕਲ ਨਹੀਂ ਵਰਤੀ। ਆਮ ਸੂਝ, ਬੰਦੇ ਨੂੰ ਦੱਸਦੀ ਏ ਕਿ ਉਸ ਵੇਲੇ ਮੀਟਰ ਵਾਲਾ ਦਰਵਾਜ਼ਾ ਨਹੀਂ ਖੜਕਾਊਗਾ। ਨਾਲੇ ਕਾਲਾ ਤਾਂ ਮੇਰੇ ਵਰਗਿਆਂ ਤੋਂ ਲੁਕਿਆ ਸੀ! ਉਨੇ ਮੈਨੂੰ ਬੈਠਕ ਵਿਚ ਲਿਜਾਕੇ ਖੜ੍ਹਾ ਕਰ ਦਿੱਤਾ। ਫਿਰ ਮੈਂ ਉਹਨੂੰ ਆਖਿਆ ਤੁਹਾਡਾ ਗ਼ੁਸਲਖ਼ਾਨਾ ਵਰਤ ਸਕਦਾ ? ਹੋਰ ਹੈਰਾਨ ਹੋ ਗਿਆ। ਕਲਦਾਰ ਤਾਂ ਇਸ਼ਨਾਨ ਕਰ ਨਹੀਂ ਸਕਦਾ। ਸ਼ੱਕ ਉਸਨੂੰ ਪਈ ਨਹੀਂ। ਮੈਨੂੰ ਜਾਣ ਦੇ ਦਿੱਤਾ। ਉੱਥੇ ਮੈਂ ਮੀਟਰ ਵਾਲੇ ਦੀ ਵਰਦੀ ਲਾਹ ਦਿੱਤੀ ਸੀ। 
-ਮੀਟਰ ਨਹੀਂ ਚੈੱਕ ਕਰਨਾ ? – । 
– ਆਹੋ । ਇੱਕ ਮਿੰਟ ਮੈਂ ਬਾਥਰੂਮ ਵਿੱਚੋਂ ਜਵਾਬ ਦਿੱਤਾ। ਪਤਾ ਨਹੀਂ ਕਿਉਂ ਉਹਨੇ ਸੋਚਿਆ ਨਹੀਂ ਬੈਗ ਵਿਚ ਕੀ ਹੈ। ਕੀ ਪਤਾ ਸੋਚਿਆ ਵੀ ਹੋਵੇਗਾ। ਪਰ ਥੈਲੇ ਵਿਚ ਕੁਝ ਵੀ ਹੋ ਸਕਦਾ ਸੀ। ਕੁਝ ਵੀ।
ਉਫ਼! ਫਿਰ ਹੋਰ ਪਾਸੇ ਤੁਰ ਪਿਆ। ਹੁਣ ਮੇਰੇ ਸਾਹਮਣੇ ਦੋ ਕਲਦਾਰ ਸਨ। ਦੋਨੇਂ ਲਾਸ਼ ਉਪਰ ਝੁਕੇ ਹੋਏ ਸਨ। ਹੋਰ ਕਲਦਾਰ ਅਤੇ ਇਨਸਾਨ ਰਸੋਈ ਅਤੇ ਪੌੜੀਆਂ ਉਪਰ ਹੇਠਾਂ ਤੁਰਦੇ ਫਿਰਦੇ ਸਨ। ਬਹੁਤਾ ਬੋਲਦੇ ਨਹੀਂ ਸਨ। ਤੁਸੀਂ ਸਮਝ ਸਕਦੇ ਹੋ ਕਿ ਇੱਕ ਕਤਲ ਹੋਇਆ ਹੈ। ਬੁੜਬੁੜ ਕਿਸਨੇ ਕਰਨੀ ਐ? ਝੁਕੇ ਹੋਇਆਂ ਚੋਂ ਇੱਕ ਕਲਦਾਰ ਖੜ੍ਹ ਗਿਆ। ਮੇਰੇ ਵੱਲ ਦੇਖਦਾ ਸੀ। ਮੈਂ ਗੁਨਾਹ-ਦ੍ਰਿਸ਼ ਦੀ ਜਾਂਚ ਕਰ ਰਿਹਾ ਸਾਂ। ਬੋਤਲਾਂ ਆਲ਼ੇ ਦੁਆਲੇ ਡੁੱਲੀਆਂ ਖਿੱਲਰੀਆਂ ਸਨ। ਗੱਦੀਆਂ ਵੀ ਜਿੱਥੇ ਮੈਂ ਸੁੱਟੀਆਂ ਸਨ। ਦਰੀ ਲਹੂ ਨਾਲ ਭਿੱਜੀ ਸੀ।
-ਇਥੇ ਕੀ ਹੋਇਆ ? ਮੈਂ ਪੁੱਛਿਆ। ਫਜ਼ੂਲ ਸੁਆਲ ਸੀ। 
-ਇਨਸਪੈਕਟਰ ਸਾਹਿਬ ਜੀ, ਲੱਗਦਾ ਏ ਕਿ ਕਿਸੇ ਨੇ ਕਾਲੇ ਦਾ ਬੈਂਡ ਵਜਾ ਦਿੱਤਾ-। ਮੈਨੂੰ ਪੁਲਿਸ ਗੁਪਤਚਰ ਨੇ ਜਵਾਬ ਦਿੱਤਾ।
ਤੀਜੀ ਆਵਾਜ਼
ਮੈਨੂੰ ਦਰਸ਼ਨ ਸੱਦੋ। ਮੈਂ ਰਣਜੀਤਪੁਰ ਦਾ ਸਭ ਤੋਂ ਵੱਡਾ ਗੁਪਤਚਰ ਸਾਂ। ਮੇਰੇ ਮਹਿਕਮੇ ‘ਚ ਬੰਦਿਆਂ ਨਾਲ ਕਲਦਾਰ ਅਫਸਰ ਕੰਮ ਕਰਦੇ ਸਨ। ਕਲਦਾਰਾਂ ਦੇ ਨਾਂ ਨਹੀਂ ਹੁੰਦੇ, ਪਰ ਬਿੱਲਿਆਂ ਉੱਤੇ ਨੰਬਰ ਹੁੰਦਾ ਸੀ। ਸਮਝ ਲੋ ਕਿ ਇਸ ਪ੍ਰਤੀਕ ਦਾ ਨੰਬਰ ਨਾਂ ਵਾਂਗ ਚੱਲਦਾ ਸੀ। ਇੱਕ ਕਲਦਾਰ ਦਾ ਨੰਬਰ 1984 ਸੀ। ਪਰ ਪੁਲਿਸੀਆਂ ਨੇ 1984 ਨੂੰ ਨਾਂ ਦਿੱਤਾ ਸੀ। ਸਭ ਉਹਨੂੰ ਭਵਨ ਸੱਦ ਦੇ ਸੀ। ਦਰਅਸਲ ਜਿੰਨੇ ਕਲਦਾਰ ਥਾਣੇ ‘ਚ ਕੰਮ ਕਰਦੇ ਸੀ, ਸਭ ਨੂੰ ਨਾਂ ਦਿੱਤੇ ਹੋਏ ਸਨ ।
ਮੈਨੂੰ ਕਈ ਮਹੀਨਿਆਂ ਤੋਂ ਭਵਨ ਉੱਤੇ ਸ਼ਕ ਸੀ। ਅੱਜ ਤੋਂ ਇੱਕ ਹਫਤਾ ਪਹਿਲਾ ਕਾਲੇ (ਸਾਡੇ ਮਹਿਕਮੇ ਲਈ ਮੁਖ਼ਬਰ ਸੀ) ਦੇ ਘਰ ਉਸ ਦੀ ਲਾਸ਼ ਲੱਭੀ ਸੀ। ਦੇਖਣ ‘ਚ ਤਾਂ ਚੋਰੀ ਹੋਈ ਸੀ। ਪਰ ਸਾਨੂੰ ਸਾਫ਼ ਦਿੱਸਦਾ ਸੀ ਕਿ ਕਾਲੇ ਦਾ ਕਤਲ ਹੋਇਆ ਸੀ। ਸਾਨੂੰ ਸ਼ੱਕ ਸੀ ਕਿ ਕਿਸੇ ਨੇ ਕਾਲਿਆ ਦਾ ਖ਼ੂਨ ਕਰਵਾਇਆ ਸੀ। ਗੁਨਾਹ-ਦ੍ਰਿਸ਼ ਤੇ ਕੁਝ ਦੇਰ ਬਾਅਦ ਭਵਨ ਵੀ ਆਗਿਆ ਸੀ। ਮੈਨੂੰ ਬਾਅਦ ‘ਚ ਪਤਾ ਲੱਗਾ ਕਿ ਇਲਾਕੇ ‘ਚ ਭਵਨ ਸੀ, ਤੇ ਰੇਡੀਓ ਤੋਂ ਓਨੇ ਸੁਣਿਆ ਕਾਲੇ ਦੇ ਘਰ ਕੁਝ ਗੜਬੜ ਹੋਈ ਸੀ। ਇਸ ਤੋਂ ਪਹਿਲਾ ਹੋਰ ਵੀ ਕਤਲ ਹੋਏ ਸੀ; ਹਰੇਕ ਵਾਰੀ ਭਵਨ ਗੁਨਾਹ-ਦ੍ਰਿਸ਼ ਦੇ ਨੇੜੇ ਘੁੰਮਦਾ ਫਿਰਦਾ ਸੀ। ਸਬੂਤ ਤਾਂ ਮੇਰੇ ਕੋਲ ਨਹੀਂ ਸੀ, ਪਰ ਮੇਰਾ ਸਹਿਜ ਗਿਆਨ, ਮੇਰੀ ਰੁਚੀ ਦੱਸਦੀ ਸੀ ਕਿ ਨਮਕ ਹਰਾਮ ਸੀ। ਮੈਂ ਇਰਾਦਾ ਬਣਾ ਲਿਆ ਉਸਦਾ ਪਿੱਛਾ ਕਰਨ ਦਾ।
ਮੈਂ ਆਪਣੀ ਗਲਾਸੀ ਵੱਲ ਤੱਕਦਾ ਸੀ ਜਦ ਤੁਹਾਨੂੰ ਭਵਨ ਬਾਰੇ ਦੱਸ ਪਾਈ। ਜੇ ਤੁਸੀਂ ਇਸ ਇਤਲਾਹ ਨੂੰ ਪੜ੍ਹ ਦੇ ਹੋ, ਸਮਝੋ ਮੈਂ ਤਾਂ ਰੱਬ ਦਾ ਪਿਆਰਾ ਹੋ ਗਿਆ ਹਾਂ। ਕਿਉਂਕਿ ਇਸ ਖ਼ਤ ਨੂੰ ਹਰ ਵੇਲੇ ਝੱਗੇ ਦੀ ਛਾਤੀ ਵਾਲੀ ਜੇਬ ‘ਚ ਰੱਖਦਾ ਸਾਂ। ਇਸ ਖ਼ਤ ‘ਚ ਮੈਂ ਸਾਰਾ ਹਾਲ ਦੱਸਣਾ ਚਾਹੁੰਦਾ ਸਾਂ। ਕਹਾਣੀ ਵੀ ਗਲਾਸੀ ਨਾਲ ਹੀ ਸ਼ੁਰੂ ਹੁੰਦੀ… 
ਜਿਸ ਰਾਤ ਮੈਂ ਭਵਨ ਦਾ ਪਿੱਛਾ ਕਰਨ ਦਾ ਫ਼ੈਸਲਾ ਕਰ ਲਿਆ, ਥਾਣੇ ‘ਚ ਬੈਠਾ ਹਰਾ-ਜਲ ਗਲਾਸੀ ‘ਚੋਂ ਪੀਂਦਾ ਸੀ। ਹਰਾ-ਜਲ ਇੱਕ ਰਸ ਜਿਸ ਸਾਡਿਆਂ ਕਾਰਖ਼ਾਨਿਆਂ ‘ਚ ਘੜਦੇ ਸੀ। ਭਾਰਤ ਤਾਂ ਇਸ ਸਦੀ ‘ਚ ਬਹੁਤ ਕਾਮਯਾਬ ਹੋ ਗਿਆ, ਪਰ ਜਿਉਂ ਜਿਉਂ ਜਨਤਾ ਵੱਧਦੀ ਗਈ, ਅਨਾਜ ਘੱਟਦਾ ਗਿਆ। ਅਸੀਂ ਹੁਣ ਕੇਵਲ ਸ਼ਹਿਰਾਂ ‘ਚ ਵਸਦੇ ਸੀ। ਜ਼ਮੀਨੀ ਸਮਾਜ ਤਾਂ ਇਤਿਹਾਸ ਦੇ ਸਫ਼ੇ ਪੰਨਿਆਂ ‘ਚ ਗੁੰਮ ਗਿਆ। ਪ੍ਰੋਟੀਨ ਲਈ ਲਾਲ-ਟਿੱਕੀ ਕਾਰਖ਼ਾਨੇ ਖਾਣ ਲਈ ਬਣਾਉਂਦੇ ਸੀ। ਸਬਜ਼ੀਆਂ ਦੇ ਥਾਂ ਹਰੀ-ਟਿੱਕੀ ਨੂੰ ਉਪਜ ਕਰਦੇ ਸੀ। ਪਾਣੀ ਧਾਣੀ ਦਾ ਵੀ ਘਾਟਾ ਸੀ। ਇਸ ਲਈ ਪੀਣ ਲਈ ਲਾਲ ਅਤੇ ਹਰੇ ਜਲ ਸਨ। ਮੈਂ ਵੀ ਪੀਂਦਾ ਸੀ, ਹਰੀ-ਟਿੱਕੀ ਤੋਂ ਬਣਾਕੇ। ਗਲਾਸੀ ‘ਚ ਇਹ ਹੀ ਤਿਆਰ ਕੀਤਾ ਸੀ। ਪਰ ਜਦ ਵੀ ਪੀਂਦਾ ਸੀ, ਬੁੱਲ੍ਹਾਂ ਨੂੰ ਤਾਂ ਮੱਕੀ ਦੀਆਂ ਰੋਟੀਆਂ ਦਾ ਯਾਦ ਆਉਂਦਾ ਸੀ। ਓਹ ਮੱਕੀ ਦੀਆਂ ਰੋਟੀਆਂ ਜਿਸ ਮੇਰੇ ਪੜਦਾਦੇ ਦੇ ਵੇਲੇ ਲੋਕ ਖਾ ਸਕਦੇ ਸੀ। ਇਸ ਕਰਕੇ ਉਦਾਸ ਹੋ ਜਾਂਦਾ ਸੀ। ਪਰ ਹੋਰ ਕੁਝ ਖਾਣ ਲਈ ਨਹੀਂ ਸੀ। ਇਸ ਉਜੱਡ ਡਿੰ੍ਰਕ ਦੇ ਸੁਆਦ ਤੋਂ ਧਿਆਨ ਪਰੇ ਕਰਨ ਲਈ ਮੈਂ ਭਵਨ ਬਾਰੇ ਸੋਚਣ ਲੱਗ ਪਿਆ। ਇੱਦਾਂ ਨਿਸ਼ਚਾ ਬਣਾ ਲਿਆ। ਮੈਂ ਕੰਪਿਊਟਰ ‘ਚ ਚੈਕ ਕੀਤਾ ਉਸ ਦੀ ਡਿਊਟੀ ਕਦ ਮੁੱਕਦੀ ਸੀ। ਦਸ ਵਜੇ ਦਾ ਟਾਈਮ ਕੰਪਿਊਟਰ ਨੇ ਦੱਸਿਆ। ਠੀਕ ਏ। ਮੈਂ ਉਸ ਵੇਲੇ ਆਪਣੀ ਉਡੱਣ ਵਾਲੀ ਗੱਡੀ ਭਵਨ ਦੀ ਗੱਡੀ ਪਿੱਛੇ ਲੁਕਾ ਕੇ ਮਗਰ ਜਾਵਾਂਗਾ। ਮੈਂ ਬਾਰੀ ‘ਚੋਂ ਬਾਹਰ ਸਾਡੇ ਆਧੁਨਿਕ ਨਗਰ ਵੱਲ ਤਾੜਿਆ। ਬਿਜਲੀ ਵਾਲੇ ਪੰਛੀਆਂ ਵਾਂਗ ਬੇਟਾਇਰ ਗੱਡੀਆਂ ਉੱਡ ਰਹੀਆਂ ਸਨ। ਕਿਤੇ ਰੁੱਖ ਨਹੀਂ ਸੀ ਦਿਸਦਾ। ਕਿਤੇ ਅਸਲੀ ਪੰਛੀ ਨਹੀਂ ਸੀ ਦਿਸਦਾ। ਸ਼ਹਿਰ ਕੰਕਰੀਟ ਕੱਚ ਲੋਹੇ ਦਾ ਜੰਗਲ ਸੀ। ਕਿਥੇ ਬੈਠਾ ਹਲ ਰੋਂਦਾ ਹੋਵੇਗਾ। ਕੁਝ ਵਾਹਣ ਲਈ ਰਿਹਾ ਨਹੀਂ। ਮੈਂ ਗ਼ੁੱਸੇ ਵਿਚ ਅੱਧਾ ਭਰਿਆ ਗਲਾਸ ਸੁੱਟ ਦਿੱਤਾ।
ਭਵਨ ਦੀ ਗੱਡੀ ਹਨੇਰੇ ‘ਚ ਸ਼ਹਿਰ ਦੇ ਚਮਕ ਦੇ ਤਾਰਿਆਂ (ਅਸਲੀਅਤ ਵਿਚ ਉੱਡਣ ਵਾਲੀਆਂ ਗੱਡੀਆਂ ਸਨ) ‘ਚ ਸ਼ਾਮਲ ਹੋ ਗਈ। ਮੈਂ ਥੋੜ੍ਹਾ ਚਿਰ ਬਾਅਦ ਉਸਦੇ ਮਗਰ ਚੱਲੇ ਗਿਆ। ਮੈਂ ਬਹੁਤਾ ਨੇੜੇ ਵੀ ਨਹੀਂ ਹੋਣਾ ਚਾਹੁੰਦਾ ਸੀ। ਜੇ ਉਹਨੇ ਮੈਨੂੰ ਦੇਖ ਲਿਆ, ਮੇਰਾ ਤਾਂ ਸ਼ੁਰੂ ਹੋਣ ਤੋਂ ਪਹਿਲਾ ਹੀ ਕਾਰਜ ਮੁੱਕ ਜਾਣਾ ਸੀ। ਪਲੈਨ ਉੱਤੇ ਪਾਣੀ ਫਿਰ ਜਾਣਾ ਸੀ। ਮੇਰੇ ਅੱਗੇ ਦੋ ਕੁ ਕਿਲੋਮੀਟਰ ਤੇ ਚੱਲਦਾ ਸੀ। ਸਾਡੇ ਵਿਚਕਾਰ ਚਾਰ ਗੱਡੀਆਂ ਸਨ। ਹਾਰ ਕੇ ਰਣਜੀਤਪੁਰ ਦੇ ਕਾਰਖ਼ਾਨੇ ਵਾਲੇ ਇਲਾਕੇ ਪਹੁੰਚੇ ਗਏ ਸੀ। ਇਥੇ ਮੈਨੂੰ ਬੱਚ ਕੇ ਰਹਿਣਾ ਪਿਆ ਕਿਉਂਕਿ ਹੁਣ ਸਾਡੇ ਵਿਚਾਲੇ ਕੋਈ ਨਹੀਂ ਸੀ। ਮੈਂ ਰਿਸਕ ਲੈ ਕੇ ਆਪਣੀ ਗੱਡੀ ਦੀਆਂ ਬੱਤੀਆਂ ਬੰਦ ਕਰ ਦਿੱਤੀਆਂ। ਕਿਸੇ ਕਾਰਖ਼ਾਨੇ ਦੇ ਨੇੜੇ ਉਸਨੇ ਆਪਣੀ ਗੱਡੀ ਖੜੀ ਕਰ ਦਿੱਤੀ। ਮੈਂ ਅੱਧੇ ਕਿਲੋਮੀਟਰ ਪਰੇ ਧਰਤੀ ਉੱਤੇ ਗੱਡੀ ਨਾਲ ਚੁੰਮੀ ਦੇ ਦਿੱਤੀ ਸੀ। ਮੇਰੀ ਦੁਅੱਖੀ ਦੂਰਬੀਨ ‘ਚੋਂ ਭਵਨ ਸਾਫ਼ ਦਿੱਸਦਾ ਸੀ। ਮੈਂ ਉਸਨੂੰ ਇੱਕ ਫੈਕਟਰੀ ਦੇ ਬੂਹੇ ‘ਚੋਂ ਅੰਦਰ ਜਾਂਦਾ ਦੇਖਿਆ। ਦੂਰਬੀਨ ਨਾਲ ਮੈਂ ਕਾਰਖ਼ਾਨੇ ਦੇ ਨਾਂ ਉੱਤੇ ਨਜ਼ਰ ਮਾਰੀ।
-ਨੰਬਰ ਵੰਨ ਟਿੱਕੀ ਫੱਟੇ ਉੱਤੇ ਲਿਖਿਆ ਸੀ। ਇਥੇ ਤਾਂ ਹਰੀਆਂ ਅਤੇ ਲਾਲ ਟਿੱਕੀਆਂ ਨੂੰ ਬਣਾਉਂਦੇ ਸੀ। ਮੈਂ ਦੂਰਬੀਨ ਨੂੰ ਗੱਡੀ ਵਿਚ ਰੱਖ ਕੇ ਨੰਬਰ ਵੰਨ ਟਿੱਕੀ ਵੱਲ ਤੁਰ ਪਿਆ।
ਭਵਨ ਤਾਂ ਅਰਾਮ ਨਾਲ ਅੰਦਰ ਵੜ ਗਿਆ ਸੀ। ਦਰਵਾਜ਼ੇ ਨਾਲ ਦੋ ਰਾਖੇ ਖੜ੍ਹੇ ਸੀ। ਇੱਕ ਇਨਸਾਨ ਖਲੋਤਾ ਸੀ ਅਤੇ ਇੱਕ ਕਲਦਾਰ ਖੜ੍ਹਾ ਸੀ। ਮੈਨੂੰ ਹੌਲੀ ਹੌਲੀ ਵਾੜ ਘੁੰਮ ਕੇ ਲੁਕਿਆ ਥਾਂ ਲੱਭਣਾ ਪਿਆ। ਇਥੇ ਮੈਂ ਵਾੜ ਦੀਆਂ ਤਾਰਾਂ ਨੂੰ ਪਾਸੇ ਕਰ ਕੇ ਬਾਂਹ ਲੱਤ ਲੰਘਾ ਕੇ ਵੜਨ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਹੱਥ ਪੈਰ ਪਾਕੇ ਵਾੜ ਚੜ੍ਹ ਕੇ ਦੂਜੇ ਪਾਸੇ ਪਹੁੰਚ ਗਿਆ ਸੀ। ਅੱਜ ਕੱਲ੍ਹ ਕੁੱਤੇ ਤਾਂ ਦੁਨੀਆ ‘ਚ ਰਾਖੀ ਕਰਨ ਲਈ ਹੈ ਨਹੀਂ ਸੀ। ਫਿਰ ਵੀ ਧਿਆਨ ਨਾਲ ਤੁਰ ਕੇ ਗਿਆ ਸੀ। ਇੱਕ ਬਾਰੀ ਖੁੱਲ੍ਹੀ ਸੀ। ਇਸ ਗੱਲ ਨੇ ਮੇਰੀ ਅੱਖ ਫੜ੍ਹ ਲਈ ਸੀ। ਮੈਂ ਆਲ਼ੇ ਦੁਆਲੇ ਦੇਖਿਆ। ਹਾਲੇ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਮੈਂ ਉਲੰਘਣਾ ਕੀਤੀ ਸੀ। ਇੱਕ ਬਕਸੇ ਨੂੰ ਕੰਧ ਨਾਲ ਘੜੀਸ ਕੇ ਬਾਰੀ ਥੱਲੇ ਟਿੱਕਾ ਦਿੱਤਾ। ਉਸ ਤੇ ਚੜ੍ਹ ਕੇ ਬਾਰੀ ਵਿੱਚੋਂ ਵੜ ਗਿਆ। ਭੰਡਾਰ ਸੀ। ਮੈਂ ਹੌਲੀ ਹੌਲੀ ਅੱਗੇ ਗਿਆ। ਪੁਲਸ ਦਾ ਅਫਸਰ ਮੈਂ ਭਾਵੇਂ ਹੋਵਾਂਗਾ, ਪਰ ਮੇਰੇ ਕੋਲੇ ਮੁਖ਼ਤਾਰਨਾਮਾ ਵਾਰੰਟ ਅੰਦਰ ਵੜਨ ਲਈ ਨਹੀਂ ਸੀ। ਕਾਨੂੰਨ ਦੀ ਨਜ਼ਰ ‘ਚ ਮੈਂ ਤਾਂ ਚੋਰ ਸਾਂ। ਭੰਡਾਰ ਦਾ ਬੂਹਾ ਖੋਲ੍ਹ ਕੇ ਅੰਦਰ ਦੇਖਿਆ ਸੀ। ਮੈਂ ਕੋਈ ਥੜ੍ਹੇ ਦੇ ਨਾਲ ਸੀ। ਹੇਠਾਂ ਮੈਨੂੰ ਕਾਰਖ਼ਾਨੇ ਦੀਆਂ ਮਸ਼ੀਨਾਂ ਦਿੱਸ ਦੀਆਂ ਸਨ। ਮੈਨੂੰ ਭਵਨ ਵੀ ਤੁਰਦਾ ਦਿੱਸ ਗਿਆ। ਮੈਂ ਉਸਦਾ ਪਿੱਛਾ ਕੀਤਾ, ਪਰ ਹਮੇਸ਼ਾ ਉਪਰਲੇ ਥੜ੍ਹੇ ਉੱਤੇ ਰਿਹਾ। ਕੁੱਬਾ ਹੋ ਕੇ ਤੁਰਦਾ ਸੀ। ਫਿਰ ਢੋਣ ਵਾਲੀ ਵੱਦਰੀ ਨੇ ਮੇਰੀ ਅੱਖ ਫੜ੍ਹ ਲਈ। ਉਹਦੇ ਉਪਰ ਲਾਲ ਟਿੱਕੀਆਂ ਸਨ।
ਮੈਂ ਸੋਚਿਆ ਜੇ ਮੈਂ ਵੱਧਰੀ ਦੇ ਪੰਧ ਦੇ ਖ਼ਿਲਾਫ਼ ਜਾਵਾ, ਮੈਨੂੰ ਦਿਸ ਜਾਵੇਗਾ ਲਾਲ ਟਿੱਕੀ ਕਿਸ ਚੀਜ਼ ਤੋਂ ਬਣਾਉਂਦੇ ਨੇ। ਭਵਨ ਤਾਂ ਇਥੇ ਮਾਲਿਕ ਨੂੰ ਹੀ ਮਿਲਣ ਆਇਆ ਹੋਵੇਗਾ। ਭੇਤ ਤਾਂ ਬਾਅਦ ਵੀ ਕੱਢ ਲਵੇਗਾ। ਮੇਰੀ ਉਤਸੁਕਤਾ ਨੇ ਮੈਨੂੰ ਲਾਲ-ਟਿੱਕੀ ਦਾ ਸਰੋਤ ਵੱਲ ਲੈ ਗਈ। ਉਪਰ ਤੋਂ ਮੈਨੂੰ ਕਈ ਕਲਦਾਰ ਕੰਮ ਕਰਦੇ ਦਿਸਦੇ ਸੀ। ਸ਼ਹਿਰ ਵਿਚ ਬੇਕਾਰੀ ਹੈ, ਪਰ ਇਹ ਅੱਗ ਲਾਣੇ ਮਸ਼ੀਨੀ ਮਾਨਵਾਂ ਨੇ ਸਭ ਦੀਆਂ ਨੌਕਰੀਆਂ ਖੋਹ ਲਈਆਂ! ਝੱਟ ਮੈਂ ਸਰੋਤ ਵੱਲ ਪਹੁੰਚਿਆ, ਮੈਂ ਤਾਂ ਇੱਕ ਦਮ ਹੈਰਾਨ ਹੋ ਗਿਆ ਸੀ। ਲਾਲ ਟਿੱਕੀ ਸੱਚ ਮੁੱਚ ਮਾਸ ਦੀ ਬਣਾਈ ਸੀ। ਸੰਸਾਰ ਅੱਗੇ ਨਾਲੋਂ ਖਾਲੀ ਸੀ। ਕੋਈ ਭੇਡ, ਗਾਂ ਜਾਂ ਸੂਰ ਦੁਨੀਆ ਵਿਚ ਨਹੀਂ ਸੀ। ਇਨਸਾਨਾਂ ਨੇ ਸਾਰੇ ਖਾਂ ਲਏ। ਹੁਣ ਮੇਰੇ ਸਾਹਮਣੇ ਕਲਦਾਰ ਕਿਸੇ ਹੋਰ ਸਰੀਰ ਦਾ ਕਤਲਾਮ ਕਰਦਾ ਸੀ। ਕਲਦਾਰ-ਕਸਾਈ ਪਿੰਡਿਆਂ ਦੇ ਟੁਕੜੇ ਟੁਕੜੇ ਬਣਾਉਂਦਾ ਸੀ। ਇਨਸਾਨਾਂ ਦੇ ਟੁਕੜੇ!
ਮੈਨੂੰ ਉਲਟੀ ਆ ਗਈ ਸੀ । ਕੁਝ ਦੇਰ ਲਈ ਕੋਈ ਗੱਲ ਸੁੱਝੀ ਨਹੀਂ। ਲੰਬੇ ਲੰਬੇ ਸਾਹ ਭਰੇ। ਇਹ ਕਾਰਖ਼ਾਨਾ ਤਾਂ ਸਰਕਾਰ ਦਾ ਸੀ। ਮੈਂ ਉਨ੍ਹਾਂ ਨੂੰ ਕੁੱਝ ਨਹੀਂ ਕਹਿ ਸਕਦਾ। ਮੈਂ ਸੋਚਿਆ ਭਵਨ ਦਾ ਪਿੱਛਾ ਕਰ ਕੇ ਹੋਰ ਕੁਝ ਹੋਵੇਗਾ, ਪਰ ਗੱਲ ਤਾਂ ਹੋਰ ਹੀ ਨਿਕਲ ਗਈ! ਹੁਣ ਕੀ ਕਰੇਗਾ? ਮੇਰੀਆਂ ਅੱਖਾਂ ਦੇ ਸਾਹਮਣੇ ਇੱਕ ਕਲਦਾਰ ਨੇ ਕਿਸੇ ਬੰਦੇ ਦੀ ਲੋਥ ਦੇ ਸਰੀਰ ‘ਚ ਟੋਕਾ ਮਾਰਿਆ। ਮੇਰਾ ਜੀ ਕੀਤਾ ਉਸਨੂੰ ਭੰਨ ਦੇਵਾਂ। ਪਰ ਮੈਂ ਸਾਹ ਭਰ ਕੇ ਹੋਰ ਫ਼ੈਸਲਾ ਬਣਾ ਲਿਆ। ਮੈਂ ਕਾਰਖ਼ਾਨੇ ਦੇ ਦਫ਼ਤਰ ‘ਚ ਵੜ ਗਿਆ ਸੀ। ਬਹੁਤਾ ਦੇਰ ਨਹੀਂ ਲੱਗਿਆ ਉਸਨੂੰ ਲੱਭਣ ਵਿਚ। ਬਾਰੀ ‘ਚੋਂ ਅੰਦਰ ਬਾਹਰ ਦਿੱਸਦਾ ਸੀ। ਬਾਹਰ ਰਾਖੇ ਤੁਰਦੇ ਫਿਰਦੇ ਸੀ। ਜਦ ਲੰਘ ਗਏ, ਮੈਂ ਕੰਪਿਊਟਰ ਚਲਾ ਦਿੱਤੇ। ਤੇਜ ਕੰਮ ਕਰਨਾ ਪਿਆ। ਜਦ ਮੈਨੂੰ ਮੀਟ ਮਾਸ ਅਤੇ ਲਾਲ ਟਿੱਕੀਆਂ ਬਾਰੇ ਸਬੂਤ ਮਿਲ ਪਏ, ਇੱਕ ਡਿਸਕ ਉੱਤੇ ਕਾਪੀ ਕਰ ਕੇ ਜੇਬ ਵਿਚ ਪਾ ਲਈ ਸੀ। ਫਿਰ ਮੈਂ ਭਵਨ ਨੂੰ ਟੋਲ਼ਨ ਗਿਆ। ਉਹ ਦਿਸਿਆ ਨਹੀਂ।
ਕਾਰਖ਼ਾਨੇ ਵਿਚ ਮੈਥੋਂ ਛੁੱਟ ਕੋਈ ਇਨਸਾਨ ਨਹੀਂ ਸੀਗਾ। ਰਾਖੇ ਵੀ ਰੋਬੋਟ ਸਨ। ਸਾਰੇ ਸਾਲੇ ਕਲਦਾਰ ਸਨ। ਬਾਹਰ ਇੱਕ ਦੋ ਇਨਸਾਨ ਹੀ ਰਾਖੇ ਸੀ। ਪਤਾ ਨਹੀਂ ਕਿਸ ਹਕੂਮਤ ਦਾ ਮੁਖੀਆ ਕਾਰਖ਼ਾਨਿਆਂ ਦਾ ਜ਼ੁੰਮੇਵਾਰ ਸੀ। ਉਹਨੂੰ ਸਭ ਪਤਾ ਸੀ ਕਿ ਨਹੀਂ? ਪਤਾ ਨਹੀਂ ਕੋਣ ਇਸ ਕਾਰਖ਼ਾਨੇ ਦਾ ਮਾਲਕ ਸੀ, ਪਰ ਪੜਤਾਲ ਕਰਾਏਗਾ ਅਤੇ ਜਰੂਰ ਓਹ ਸਾਲੇ ਭਵਨ ਨੂੰ ਗ੍ਰਿਫ਼ਤਾਰ ਕਰੇਗਾ। ਪਰ ਕਿਸ ਦੋਸ਼ੀ, ਕਿਸ ਚਾਰਜ ‘ਤੇ ਕੈਦ ਕਰੇਗਾ? ਡਿਸਕ ਵੀ ਘਰ ਜਾਕੇ ਪਰਖ ਕਰਨੀ ਹੈ। ਜਰੂਰ ਕੁਝ ਨਾ ਕੁਝ ਹੋਵੇਗਾ। ਓਹ ਲਾਸ਼ਾਂ ਕਿਸ ਦੀਆਂ ਸਨ? ਕੋਈ ਆਵਾਰਾ, ਕੋਈ ਸੈਲਾਨੀ ਜਿਸ ਨੂੰ ਗਲੀਆਂ ‘ਚੋਂ ਚੱਕ ਲਿਆ? ਸ਼ਹਿਰ ਤੋਂ ਬਾਹਰ ਜਾਕੇ ਕੋਈ ਕਿਸਾਨਾਂ ਜਾਂ ਪੇਂਡੂਆਂ ਨੂੰ ਜਬਰਦਸਤੀ ਕੱਢ ਕੇ ਇਥੇ ਲਿਆਂਦਾ ਸੀ? ਸਭ ਘਰ ਜਾਕੇ ਪਤਾ ਲੱਗ ਜਾਵੇਗਾ। ਇੱਦਾਂ ਸੋਚਦਾ ਓਥੋਂ ਨਿਕਲ ਕੇ ਘਰ ਚੱਲੇ ਗਿਆ ਸੀ। ਡਿਸਕ ਦੀ ਸੂਚੀ ਵੇਖ ਕੇ ਬਹੁਤ ਹੈਰਾਨ ਹੋ ਗਿਆ। ਬਸ ਹੱਦ ਹੋ ਗਈ ਸੀ। ਹੁਣ ਭਵਨ ਦੀ ਗ੍ਰਿਫਤਾਰੀ ਹੋਵੇਗੀ। ਸਬੂਤ ਸੀ। ਭਵਨ ਰੋਬੋਟ ਕਰ ਕੇ ਤਕੜਾ ਸੀ। ਮੈਂ ਆਪਣੇ ਨਾਲ ਇੱਕ ਦੋ ਕਲਦਾਰ ਲੈ ਕੇ ਜਾਵਾਂਗਾ। ਬੰਦੇ ਵੀ ਨਾਲ ਲੈ ਕੇ ਜਾਵਾਂਗਾ। ਇੱਦਾਂ ਦੀਆਂ ਸੋਚਾਂ ਮਨ ਵਿਚੋਂਲੰਘ ਰਹੀਆਂ ਸਨ।
ਉਸ ਰਾਤ ਜਦ ਭਵਨ ਨੇ ਆਪਣੇ ਟਿਕਾਣੇ ਦਾ ਦਰ ਖੋਲ੍ਹਿਆ, ਮੈਂ ਉਸ ਦੀ ਕੁਰਸੀ ਉੱਤੇ ਬੈਠਾਂ ਸਾਂ। ਮੇਰੇ ਨਾਲ ਦੋ ਕਲਦਾਰ ਖੜ੍ਹੇ ਸਨ ਅਤੇ ਤਿੰਨ ਬੰਦੇ। ਓਨੇ ਨੱਠਣ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਹੀ ਸਾਨੂੰ ਮਾਰਨ ਦੀ। ਅਰਾਮ ਨਾਲ ਦਰਵਾਜ਼ਾ ਬੰਦ ਕਰ ਕੇ ਮੇਰੇ ਸਾਹਮਣੇ ਖੜ੍ਹ ਗਿਆ।
– ਕੀ ਗੱਲ ਦਰਸ਼ਨ। ਇੰਨੇ ਪੁਲਸੀਆਂ ਦੀ ਲੋੜ ਕਿਉਂ? ਮੈਥੋਂ ਡਰਦਾ ਕਰ ਕੇ?-
– ਨਹੀਂ ਭਵਨ। ਤੇਰੇ ਲੋਹੇ ਦੇ ਹੱਥ ਨਾਲ ਮੁਕਾਬਲਾ ਕਰਨਾ ਕਮਲਾਪਨ ਹੈ
– ਸਿੰਗ ਮਿਲਾਉਣ ਤੋਂ ਤੂੰ ਡਰਦਾ ਹੀ ਹੈ।ਫਿਰ ਦੋਸ਼ ਕੀ ਹੈ?-
– ਕਾਲੀਏ ਦਾ ਕਤਲ। ਨਾਲੇ ਨੰਬਰ ਵੰਨ ਟਿੱਕੀ ਕੋਈ ਇਨਸਾਨਾਂ ਦੀਆਂ ਲਾਸ਼ਾਂ ਹਨ। ਲੱਗਦਾ ਕਾਲਾ ਸਭ ਕੁਝ ਸਾਨੂੰ ਦੱਸਣ ਲੱਗਾ ਸੀ। ਕਾਰਖ਼ਾਨੇ ਦੇ ਮਾਲਕ ਤੇ ਇਲਜ਼ਾਮ ਲਾਉਣ ਲੱਗਾ ਸੀ। ਤੈਥੋਂ ਮਾਲਕ ਨੇ ਮਰਵਾ ਦਿੱਤਾ। ਸਭ ਸਬੂਤ ਡਿਸਕ ‘ਚ ਭਰਿਆ ਹੈ। ਇਸ ਨੂੰ ਪਕੜ ਲੋ।
– ਮੈਨੂੰ ਕੋਈ ਫਰਕ ਨਹੀਂ। ਵੱਧ ਤੋਂ ਵੱਧ ਮੇਰੀ ਮੈਮਰੀ ਨੂੰ ਵਾਇਪ ਕਰੋਗੇ। ਯਾਦਾਸ਼ਤ ਰੱਦ ਕਰ ਦੇਵੋਗੇ। ਮੈਂ ਤੱ ਤੇਰੇ ਮਰਨ ਬਾਅਦ ਹਾਲੇ ਵੀ ਜੀਂਦਾ ਹੋਵੇਗਾ ?
ਕਾਰਖ਼ਾਨੇ ਦਾ ਮਾਲਕ ਤੇਜ ਤਿੱਖਾ ਆਦਮੀ ਸੀ। ਵਾਰੰਟ ਕਾਮਯਾਬ ਨਹੀਂ ਹੋਇਆ। ਭਵਨ ਦੀ ਯਾਦਾਸ਼ਤ ਮਿਟਾ ਕੇ ਅਦਾਲਤ ਨੇ ਵੇਚ ਦਿੱਤਾ। ਨੰਬਰ ਵੰਨ ਟਿੱਕੀ ਦੇ ਮਾਲਕ ਨੇ ਖਰੀਦ ਲਿਆ। ਮੈਨੂੰ ਪੂਰੀ ਸਮਝ ਸੀ ਕਿ ਜੇ ਮੈਂ ਹੁਣ ਕੁਝ ਨਹੀਂ ਕੀਤਾ, ਓਸ ਆਦਮੀ ਨੇ ਮੇਰਾ ਜੀਣਾ ਹਰਾਮ ਕਰ ਦੇਣਾ ਸੀ। ਮੈਨੂੰ ਵੀ ਕੈਦ ਕਰ ਸਕਦੇ ਸੀ। ਮਾਰ ਵੀ ਸਕਦੇ ਸੀ। ਇਸ ਲਈ ਮੈਂ ਫੈਸਲਾ ਬਣਾ ਲਿਆ ਕਿ ਕੁਝ ਕਰਨਾ ਹੈ। ਡਿਸਕ ਦੀ ਕਾਪੀ ਹਾਲੇ ਮੇਰੇ ਕੋਲੇ ਸੀ। ਮੈਂ ਤਾਂ ਜਾਣਦਾ ਸੀ ਕਿ ਪਹਿਲੀ ਕਾਪੀ ਗਵਾਹੀ ਸੀ। ਇਸ ਕਰਕੇ ਉਨ੍ਹਾਂ ਨੇ ਤਾਂ ਉਜਾੜ ਦਿੱਤੀ ਸੀ। ਮੈਂ ਸਿਰਫ਼ ਜਿਨ੍ਹਾਂ ਦਾ ਯਕੀਨ ਕਰਦਾ ਸੀ, ਓਨ੍ਹਾਂ ਨੂੰ , ਇੱਕ ਖ਼ਾਲੀ ਅਣਵਰਤਿਆ ਢਾਬੇ ‘ਚ ਮੀਟਿੰਗ ਲਈ ਬੁਲਾ ਦਿੱਤੇ ਸੀ। ਪੰਦ੍ਹਰਾ ਹੀ ਬੰਦੇ ਸਨ।
– ਫਿਰ ਹੁਣ ਕਰਨਾ ਕੀ ਏ?- ਇੱਕ ਨੇ ਆਖਿਆ। ਮੇਰੇ ਕੋਲੇ ਇੱਕ ਲੈਪ-ਟਾਪ ਸੀ। ਮੈਂ ਡਿਸਕ ਉਹਦੇ ‘ਚ ਪਾ ਦਿੱਤੀ। ਸਾਰੀਆਂ ਫ਼ਾਈਲਾਂ ਸਭ ਨੂੰ ਦਿਖਾ ਦਿੱਤੀਆਂ। ਸਾਰੇ ਜਿੱਦਾਂ ਇੱਕ ਦਮ ਗੂੰਗੇ ਹੋ ਗਏ ਸਨ, ਓਦਾਂ ਖਮੋਸ਼ੀ ‘ਚ ਖੜ੍ਹੇ ਖਲੋਤੇ ਰਹਿ ਗਏ।
– ਮੈਨੂੰ ਹਾਲੇ ਵੀ ਪੂਰੀ ਸਮਝ ਨਹੀਂ – ਕਿਸੇ ਨੇ ਕਹਿ ਕੇ ਸਭ ਦੀ ਖਮੋਸ਼ੀ ਨੂੰ ਉਡਾ ਦਿੱਤਾ।
– ਗੱਲ ਸੌਖੀ ਏ ਮੈਂ ਜਵਾਬ ਸ਼ੁਰੂ ਕੀਤਾ, – ਆਪਣੇ ਦੇਸ਼ ਗੋਰਿਆਂ ਦੇ ਦੇਸ਼ ਵਾਂਗ ਅੱਗੇ ਚੱਲੇ ਗਿਆ। ਪਰ ਅੱਗੇ ਜਾਣ ਲਈ ਜਿੱਦਾਂ ਪਰਜੀਵੀ ਕੋਈ ਮੇਜ਼ਬਾਨ ਤੋਂ ਸਭ ਕੁਝ ਨਿਚੋੜ ਦੇਂਦਾ, ਇਨਸਾਨਾਂ ਨੇ ਧਰਤੀ ਤੋਂ ਸਾਰਾ ਬਾਲਣ, ਸਾਰੇ ਸਰੋਤੇ ਸਾਧਨ ਚੂਸ ਕੇ ਵਰਤ ਲਏ ਹਨ। ਅਸੀਂ ਸੰਸਾਰ ਲਈ ਪਰਜੀਵੀ ਹੋ ਗਏ ਹਾਂ। ਹੌਲੀ ਹੌਲੀ ਧਰਤੀ ‘ਚੋਂ ਕੁਝ ਵੀ ਨਹੀਂ ਉੱਗਦਾ ਸੀ। ਜਮੀਨ ‘ਤੇ ਕਿਸਾਨਾਂ ਦੀ ਲੋੜ ਨਹੀਂ ਰਹੀ। ਕਾਮਿਆਂ ਦੇ ਥਾਂ ਕਲਦਾਰ ਬਣਾ ਦਿੱਤੇ ਸੀ। ਕਿਸੇ ਕੋਲੇ ਕੰਮ ਨਹੀਂ ਰਿਹਾ। ਲੋਕ ਸ਼ਹਿਰਾਂ ‘ਚ ਆ ਗਏ ਸਨ। ਸ਼ਹਿਰਾਂ ਤੋਂ ਇਹ ਹੜ੍ਹ ਸਹਾਰ ਨਹੀਂ ਹੋਇਆ। ਲੋਕਾਂ ਦੇ ਢਿੱਡ ਭਰਨੇ ਸੀ। ਲੋਕਾਂ ਨੂੰ ਮਾਸ ਖਾਣਾ ਪਿਆ; ਭਾਵੇਂ ਗਾਊ ਦਾ, ਸੂਰ ਦਾ ਜਾਂ ਕੁੱਤੇ ਦਾ। ਹਾਰ ਕੇ ਸ਼ੇਰ ਤਕ ਖਾਣ ਲੱਗ ਪਏ। ਮਹਿਨਤ ਨਾਲ ਟੀਵੀ ਗੱਡੀ ਖੁਲ੍ਹੇ ਮਕਾਨ ਮਿਲ ਗਏ। ਪਰ ਜਨਤਾ ਵੱਧ ਸੀ, ਖਾਣਾ ਘੱਟ। ਨੰਬਰ ਵੰਨ ਟਿੱਕੀ ਵਰਗਿਆਂ ਨੇ ਲਾਲ ‘ਤੇ ਹਰੀਆਂ ਟਿੱਕੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਇਸ ਨੂੰ ਖਾਣ ਲੱਗ ਪਏ। ਕਲਦਾਰ ਸਾਡੇ ਲਈ, ਸਾਡੇ ਥਾਂ ਕੰਮ ਕਰੀ ਗਏ। ਇਨਸਾਨ ਨਿੱਤ ਨਿੱਤ ਅਰਾਮ ਕਰਨ ਲੱਗ ਗਿਆ। ਜਿਉਂ ਜਿਉਂ ਸ਼ਹਿਰ ਵਧਦਾ ਗਿਆ, ਕਿਸੇ ਨੇ ਸੋਚਿਆ ਨਹੀਂ ਬਾਹਰਲੇ ਲੋਕਾਂ ਦਾ ਹਾਲ ਕੀ ਹੋਵੇਗਾ। ਜਿਹੜੇ ਲੋਕ ਸ਼ਹਿਰ ‘ਚ ਨਹੀਂ ਪਹੁੰਚੇ ਜਾਂ ਭੀੜ ਕਰਕੇ ਅੰਦਰ ਨਾ ਵੜ ਸੱਕੇ, ਉਨ੍ਹਾਂ ਦਾ ਕੀ ਹੋਇਆ? ਕਿਸਾਨ ਲਈ ਹਲ ਵਾਉਣ ਲਈ ਚੰਗੀ ਮਿੱਟੀ ਤਾਂ ਨਹੀਂ ਰਹੀ। ਫਿਰ ਇਸ ਕਾਰਜ ਹੁਣ ਕੌਣ ਕਰਦਾ ਹੈ? ਕੰਪਿਊਟਰ ਕਰਦੇ? ਹੁਣ ਕਿਸਾਨ ਦੁਨੀਆ ‘ਚ ਕੀ ਕਰਦੇ ਹੋਵੇਗੇ? ਜੇਕਰ ਕਿਸੇ ਨੇ ਇਸ ਗੱਲ ਦਾ ਸੋਚਿਆ ਵੀ ਹੋਵੇਗਾ, ਪਲੇ ਪੈਣਾ ਸੀ ਕਿ ਹਰੇਕ ਇੱਕ ਆਦਮੀ ਜੇਹੜਾ ਸ਼ਹਿਰ ਵਿਚ ਵਸਦਾ; ਹਜ਼ਾਰ ਗੁੰਣੇ ਬੰਦੇ ਸ਼ਹਿਰ ‘ਚੋਂ ਬਾਹਰ ਹਾਲੇ ਵੀ ਰਹਿੰਦੇ ਨੇ। ਉਨ੍ਹਾਂ ਨਾਲ ਕੀ ਬੀਤਦਾ? ਸ਼ਹਿਰ ਵਾਲਿਆਂ ਨੇ ਕਿਸਾਨ ਦਾ ਸਭ ਚੇਤਾ ਭੁਲਾ ਦਿੱਤਾ। ਪਰ ਹੁਣ ਸਾਨੂੰ ਪਤਾ। ਅਸੀਂ ਸਭ ਨੇ ਦੱਸਣਾ ਹੈ ਕਿ ਉਹ ਕਿਸਾਨਾਂ ਨੂੰ, ਓਹ ਪੇਂਡੂਆਂ ਨੂੰ ਮਾਰ ਮਾਰ ਕੇ ਕਾਰਖ਼ਾਨੇ ਵਿਚ ਲਾਲ-ਟਿੱਕੀਆਂ ਬਣਾ ਕੇ ਸਾਡੇ ਸ਼ਹਿਰ ਰਹਣਿ ਵਾਲਿਆਂ ਦੇ ਢਿੱਡ ਭਰ ਕੇ ਖ਼ੁਸ਼ ਰੱਖਦੇ ਹਨ! ਲੋਕ ਬੇਕਸੂਰ ਆਦਮ ਖੋਰ ਬਣ ਗਏ। ਹੁਣ ਅਸੀਂ ਇਸ ਬਾਰੇ ਕੀ ਕਰਨਾ ਏ?-
– ਇਨਕਲਾਬ!-
– ਜਿੰਦਾਬਾਦ!-
– ਦੋਸਤੋ ਗੰਡਾਸੇ ਚੁੱਕੋ! ਅੱਜ ਰਾਤ ਜਿਸ ਨੂੰ ਇਸ ਗੱਲ ‘ਤੇ ਗੁੱਸਾ ਹੈ, ਜਿਨ੍ਹਾਂ ਦੀਆਂ ਨੌਕਰੀਆਂ ਕਲਦਾਰ ਲੈ ਗਏ, ਜਿਨ੍ਹਾਂ ਦੇ ਰਿਸ਼ਤੇਦਾਰ ਪਿੰਡ ‘ਚ ਪਿੱਛੇ ਰਹਿ ਕੇ ਝਟਕਾ ਬਣ ਗਏ, ਮੇਰੇ ਨਾਲ ਆਕੇ ਓਸ ਕਾਰਖ਼ਾਨੇ ਨੂੰ ਨਾਸ ਕਰੀਏ!- ਗ਼ੁੱਸੇ ਦੇ ਸਰੂਰ ‘ਚ ਅਸੀਂ ਸਭ ਸੀ। ਫਿਰ ਵੀ ਸਾਨੂੰ ਇੰਨਾਂ ਤਾਂ ਪਤਾ ਸੀ ਕਿ ਮੁੱਖ ਉੱਤੇ ਨਕਾਬ ਪਾਕੇ ਬੁੱਕਲ਼ ‘ਚ ਜਾਕੇ ਕੰਮ ਕਰਨਾ ਚਾਹੀਦਾ ਹੈ। ਜਦ ਤਕ ਨੰਬਰ ਵੰਨ ਟਿੱਕੀ ਦੇ ਫਾਟਕ ਤਕ ਪਹੁੰਚੇ ਸੀ, ਕਿਸੇ ਨੇ ਡਿਸਕ ਦਾ ਡੇਟਾ ਸਾਰੇ ਸ਼ਹਿਰ ਦੇ ਕੰਪਿਊਟਰਾਂ ਨੂੰ ਭੇਜ ਦਿੱਤਾ ਸੀ। ਉਸ ਰਾਤ ਤੋਂ ਬਾਅਦ ਜਿਹੜੇ ਲੋਕ ਉਦਯੋਗ- ਟੈਕੱਨਾਲੌਜੀ ਦੇ ਖ਼ਿਲਾਫ਼ ਸਨ ਅਤੇ ਜਬਰਦਸਤੀ ਨਾਲ ਮਸ਼ੀਨਾਂ ਉਜਾੜ ਕਰਦੇ ਸੀ, ਜਨਤਾ ਉਨ੍ਹਾਂ ਨੂੰ ਕਲਵਾਰਦਾਰ ਆਖਣ ਲੱਗ ਪਏ। ਸਾਨੂੰ ਕਲਵਾਰਦਾਰ ਸਦ ਦੇ ਸੀ; ਕਹਿਣ ਦਾ ਮਤਲਬ ਕਲਦਾਰ ਵਾਰ ਕਰਨ ਵਾਲੇ। ਮੈਂ, ਦਰਸ਼ਨ ਇੰਨਾਂ ਦਾ ਲੀਡਰ ਬਣ ਗਿਆ ਸੀ। ਕੰਮ ਓਹਲੇ ਓਹਲੇ ਕਰਦਾ ਸਾਂ ਕਿਉਂਕਿ ਹਾਲੇ ਪੁਲੀਸ ਵੀ ਸੀ। ਹਾਰ ਕੇ ਮੇਰਾ ਮਕਸਦ ਸੀ ਓਸ ਮਾਲਕ ਨੂੰ ਮਾਰਨ ਜਿਸ ਨੇ ਕਿਸਾਨਾਂ ਨਾਲ ਇੱਦਾਂ ਕੀਤਾ। ਹੁਣ ਲਈ ਕਾਰਖ਼ਾਨੇ ਦੇ ਕਲਦਾਰ ਕਾਫ਼ੀ ਸੀ।

ਓਹ ਰਾਤ ਅਸੀਂ ਨੰਬਰ ਵੰਨ ਟਿੱਕੀ ‘ਚ ਵੜ ਗਏ। ਐਤਕੀ ਲੁਕ ਕੇ ਨਹੀਂ, ਪਰ ਖੁਲ੍ਹ ਕੇ ਮੂੰਹ ਦਿੱਖਾ ਕੇ ਸਾਹਮਣਾ ਕਰਕੇ ਗਿਆ। ਅਸੀਂ ਰਾਖਿਆਂ ਨੂੰ ਕੁੱਟਿਆ। ਮੈਂ ਤਾਂ ਤੁਹਾਨੂੰ ਪਹਿਲਾ ਹੀ ਦੱਸਿਆ ਸੀ ਕਿ ਰਾਖੀ ਕਰਨ ਵਾਲੇ ਕੁੱਤੇ ਨਹੀਂ ਸੀ। ਕਾਰਖ਼ਾਨੇ ਦਾ ਦਰ ਖੋਲ੍ਹੇ। ਸਾਰੇ ਪਾਸੇ ਮਸ਼ੀਨਾਂ ਸਨ। ਸਾਰੇ ਪਾਸੇ ਕਲਦਾਰ ਕਾਰਜ ਕਰ ਰਹਿ ਸਨ। ਕੋਈ ਟਿੱਕੀਆਂ ਨੂੰ ਬੈਗਾਂ ਵਿਚ ਪਾਉਂਦੇ ਸੀ। ਕੋਈ ਚੱਲਦੀ ਵੱਧਰੀ ਦੀ ਰਾਖੀ ਕਰਦੇ ਸੀ। ਕੋਈ ਲੋਥਾਂ ਨੂੰ ਵੱਡੇ ਪਤੀਲੇ ‘ਚ ਪਾਉਂਦੇ ਸੀ। ਇੱਕ ਲੋਹੇ ਵਾਲਾ ਪੰਜਾ ਲਾਸ਼ਾਂ ਨੂੰ ਚੁੱਕ ਕੇ ਕੱਟਣ ਵਾਲੀ ਮਸ਼ੀਨ ‘ਚ ਪਾਉਂਦਾ ਸੀ। ਕਲਦਾਰ ਇਸ ਕੰਮ ਨਾਲ ਹੱਥ ਨਹੀਂ ਗੰਦੇ ਕਰਦੇ ਸੀ, ਕਿਉਂਕਿ ਉਨ੍ਹਾਂ ਨੂੰ ਆਦਮੀ ਨੂੰ ਮਾਰਨ ਲਈ ਪ੍ਰੋਗਰਾਮ ਨਹੀਂ ਕੀਤਾ ਸੀ। ਪਰ ਜੋ ਕਰਦੇ ਸੀ ਕਤਲ ਤੋਂ ਕਿੰਨਾ ਕੁ ਦੂਰ ਏ?
ਬਸ ਸਾਨੂੰ ਤਾਂ ਬਹੁਤ ਗੁੱਸਾ ਆਗਿਆ ਸੀ। ਕਲਦਾਰ ਦਾ ਕੰਮ ਬੰਦੇ ਦੀ ਰਾਖੀ ਕਰਨੀ ਸੀ। ਇਹ ਕਿੱਦਾਂ ਦੀ ਘਿਰਨਾ ਸੀ? ਕੀ ਪਤਾ ਲਾਸ਼ ਸਿਰਫ਼ ਮਾਸ ਕਰਕੇ, ਕਹਣਿ ਦਾ ਮਤਲਬ ਜਿਉਂਦਾ ਬੰਦਾ ਨਹੀਂ ਸੀ ਕਰਕੇ, ਉਨ੍ਹਾਂ ਨੂੰ ਲੱਗਦਾ ਸੀ ਕਿ ਅਸੀਂ ਨਿਯਮ ਤਾਂ ਤੋੜਿਆ ਨਹੀਂ। ਜੋ ਮਰਜ਼ੀ। ਸਾਡੇ ਗੰਡਾਸੇ, ਡਾਂਗ ਚੱਲੇ। ਅਸੀਂ ਸਭ ਕੁਝ ਨਾਸ ਕਰ ਦਿੱਤਾ ਸੀ। ਆਲ਼ੇ ਦੁਆਲੇ ਕਿਸੇ ਥਾਂ ਕਲਦਾਰ ਦਾ ਹੱਥ ਸੀ। ਕਿਸੇ ਥਾਂ ਸੀਸ ਸੀ। ਜਦ ਸਾਨੂੰ ਤੁਸ਼ਟੀ ਮਿਲ ਗਈ ਕਿ ਸਾਰੇ ਮਾਰ ਦਿੱਤੇ, ਅਸੀਂ ਬਾਹਰ ਤੁਰ ਪਏ।
– ਅੱਗ ਲਾਉਣੀ ਚਾਹੀਦੀ ਏ?- ਕਿਸੇ ਨੇ ਪੁੱਛਿਆ। 
– ਲਾ ਦੇ। ਹੁਣ ਮੈਂ ਮਾਲਕ ਨੂੰ ਸਨੇਹਾ ਭੇਜਾਂਗਾ – ਮੈਂ ਉੱਤਰ ਦਿੱਤਾ। 
– ਹਰੀ ਟਿੱਕੀ ਕਿਸ ਚੀਜ਼ ਤੋਂ ਬਣਾਉਂਦੇ ਹੋਣਗੇ?-
– ਕੀ ਪਤਾ
ਅਸੀਂ ਥਾਂ ਨੂੰ ਅੱਗ ਲਾ ਕੇ ਘਰ ਤੁਰ ਪਏ। 
ਕਿਸੇ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਬਾਅਦ ਵਿਚ ਪਤਾ ਲੱਗਾ ਕਿ ਅੱਗ ਨੇ ਸਾਰੇ ਕਾਰਖ਼ਾਨੇ ਨੂੰ ਸਾੜਿਆ ਨਹੀਂ। ਕੁਝ ਕਲਦਾਰ ਬੱਚ ਗਏ ਸੀ। ਇੱਕ ਹੁਸ਼ਿਆਰ ਰੋਬੋਟ ਨੇ ਤਾਂ ਜਿਹੜੇ ਹਾਲੇ ਕੰਮ ਕਰਦੇ ਸੀ ਨੂੰ ਫਿਰ ਬਣਾ ਦਿੱਤਾ। ਇਹ ਕਲਦਾਰ ਲੀਡਰ ਬਣ ਕੇ ਸਾਰਿਆਂ ਨੂੰ ਮੇਰੇ ਥਾਣੇ ਲੈ ਕੇ ਆ ਖਲੋਇਆ ਸੀ। ਪੁਕਾਰ ਕੀਤੀ, ਸ਼ਿਕਾਇਤ ਕੀਤੀ। ਹਮਲੇ ਬਾਰੇ ਇਤਲਾਹ ਦਿੱਤੀ। ਅਸੀਂ ਕਿਹਾ ਸਾਨੂੰ ਟਾਈਮ ਲੱਗੇਗਾ ਆਦਮੀਆਂ ਨੂੰ ਟੋਲ਼ਨ ਵਾਸਤੇ ਕਿਉਂਕਿ ਸਾਰਿਆਂ ਦੇ ਨਕਾਬ ਪਾਏ ਹੋਏ ਸੀ। ਕਲਦਾਰ ਨੇ ਮੈਨੂੰ ਪਛਾਣਿਆਂ ਨਹੀਂ। ਪੁਲੀਸ ਨੇ ਕਲਦਾਰਾਂ ਦਾ ਤਰਲਾ ਕੀਤਾ। ਫਿਰ ਚੱਲੇ ਗਿਆ ਆਪਣੇ ਟੋਲੇ ਨਾਲ। ਉਸ ਰਾਤ ਕਾਰਖ਼ਾਨੇ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੀਡੀਏ ਨੇ ਸਾਰੇ ਰਣਜੀਤਪੁਰ ਨੂੰ ਟਿੱਕੀਆਂ ਦੀ ਸੱਚਾਈ ਦੱਸ ਦਿੱਤੀ। ਸਾਰੇ ਪਾਸੇ ਹੜਤਾਲ, ਬਗਾਵਤ ਅਤੇ ਫਸਾਦ ਹੋਏ। ਸਾਰੇ ਲੋਕ ਕਲਦਾਰਾਂ ਵੱਲ ਤਿਰਸਕਾਰ ਕਰਨ ਲੱਗ ਪਏ। ਸਾਰੇ ਕਲਦਾਰ ਲੋਕਾਂ ਨੂੰ ਭਵਨ ਵਰਗੇ ਜਾਪਦੇ ਸੀ, ਕਿਉਂਕਿ ਓਨ੍ਹਾਂ ਦੇ ਅੱਖਾਂ ਵਿਚ ਕਾਤਲ ਸਨ ਅਤੇ ਟਿੱਕੀਆਂ ਬਣਾਉਣ ਵਾਲੇ। ਕਲਦਾਰ ਸਾਰੇ ਸਰਕਾਰ ਦੇ ਮੰਤਰੀਆਂ ਨੂੰ ਮਾਰਨ ਲੱਗ ਪਏ। ਸ਼ਹਿਰ ‘ਚ ਤੂਫਾਨ ਆ ਗਿਆ ਸੀ। ਪਹਿਲਾ ਤਾਂ ਘਰਾਂ ਦੇ ਟੱਬਰਾਂ ਨੂੰ ਕਲਦਾਰਾਂ ਨੇ ਰਾਖੀ ਕੀਤੀ (ਗਰੀਬਾਂ ਨੂੰ ਵੀ ਸਹਾਇਤਾ ਦਿੱਤੀ, ਪਰ ਵੱਧ ਅਮੀਰਾਂ ਨੂੰ ਦਿੱਤੀ) ਫਿਰ ਕਿਸੇ ਨੇ ਸਭ ਕਲਦਾਰਾਂ ਨੂੰ ਭਵਨ ਵਰਗੇ ਬਣਾ ਦਿੱਤਾ। ਉਹ ਸਾਰੇ ਘਾਤਕ ਬਣਾ ਦਿੱਤੇ ਗਏ ਸਨ ।
ਉਸ ਤੋਂ ਬਾਅਦ ਬੰਦੇ ਅਤੇ ਕਲਦਾਰ ਦੀ ਲੜਾਈ ਸ਼ੁਰੂ ਹੋ ਗਈ। ਰਣਜੀਤਪੁਰ ਸੱਚ ਮੁੱਚ ਰਣ-ਖੇਤਰ ਬਣ ਗਿਆ। ਓਹ ਸਾਲਾ ਕਲਦਾਰ ਜਿਸ ਨੇ ਇਤਲਾਹ ਭਰੀ ਸੀ, ਸਭ ਮਸ਼ੀਨਾਂ ਦਾ ਮੋਹਰੀ ਬਣ ਗਿਆ।
ਇਨਸਾਨ ਹੁਣ ਨਿਤ ਨਿਤ ਮਸ਼ੀਨਾਂ ਨਾਲ ਲੜਦਾ ਹੈ। ਲੱਗਦਾ ਹੈ ਜੰਗ ਟੈਕਨਾਲੋਜੀ ਨੇ ਜਿੱਤ ਲੈਣੀ ਹੈ। ਰੋਜ਼ਾਨਾ ਕਲਦਾਰ ਫੌਜ ਤਕੜੀ ਹੋਈ ਜਾਂਦੀ ਹੈ। ਸਾਨੂੰ ਤਾਂ ਖਾਣ ਦੀ ਲੋੜ ਹੈ। ਆਰਾਮ ਕਰਨ ਦੀ ਲੋੜ ਹੈ। ਪਰ ਕਲਦਾਰ ਨੂੰ ਨਾ ਹੀ ਖਾਣ ਦੀ, ਨਾ ਹੀ ਸੌਣ ਦੀ ਲੋੜ ਹੈ। ਜ਼ਮੀਨੀ ਸਮਾਜ, ਕਹਿਣ ਦਾ ਮਤਲਬ ਖੇਤੀ ਸੰਬੰਧੀ, ਅਮੀਰਾਂ ਨੇ ਮਾਰ ਦਿੱਤਾ। ਹੁਣ ਉੱਦਮ ਸੰਬੰਧੀ ਕਲਵਾਰਦਾਰਾਂ ਨੇ ਵਾਰ ਦਿੱਤਾ। ਦਿਨੋਂ ਦਿਨ ਲੱਗਦਾ ਕਿ ਕਲਦਾਰ ਸਮਾਜ ਸਾਡੇ ਥਾਂ ਪੰਜਾਬ ਦਾ ਕਬਜਾ ਕਰੇਗਾ। ਮੇਰੇ ਮਨ ਦੇ ਕਿਸੇ ਖੂੰਜੇ ਵਿਚ ਹੱਲ ਅਤੇ ਚੜਕਾ ਦੀ ਯਾਦ ਰੋਂਦੀ ਹੈ। ਮੇਰੇ ਪੱਖਪਾਤ ਨੇ ਇਹ ਹਾਲ ਲਿਆਂਦਾ ਏ? ਮੇਰੀ ਹਰਕਤ ਨੇ? ਕਿ ਓਹ ਮਾਲਕ ਜਿੰਨੇ, ਪਿੰਡਾਂ ਦੇ ਇਲਾਕਿਆਂ ‘ਚੋਂ ਪੇਂਡੂਆਂ ਨੂੰ ਖਤਮ ਕਰਕੇ ਸ਼ਹਿਰ ਵਾਲਿਆਂ ਲਈ ਮੀਟ ਬਣਾਇਆ? ਕਿ ਇਨਸਾਨ ਨੇ ਧਰਤੀ ਨੂੰ, ਸੰਸਾਰ ਨੂੰ ਪਰਜੀਵੀ ਵਾਂਗ ਬਾਲਣ ਕੱਢ ਕੇ ਇਸ ਕਲਯੁਗ ਨੂੰ ਆਪਣੇ ਉੱਤੇ ਲਿਆਂਦਾ?
ਹੁਣ ਤਾਂ ਮੌਤ ਤੱਕ ਰੋਜ਼ ਲੜਦੇ ਨੇ। ਭੁੱਖ ਨਾਲ ਕੋਈ ਆਦਮੀ ਮਾਣਸਖਾਣੇ ਬਣ ਜਾਂਦੇ ਨੇ। ਪਤਾ ਨਹੀਂ ਦੁਸ਼ਮਨ ਹੁਣ ਕਲਦਾਰ ਹੈ ਕਿ ਜਿਹੜਾ ਬੰਦਾ ਨਾਲ ਖੜ੍ਹਿਆ ਭੁੱਖ ਨਾਲ ਮੇਰੇ ਵੱਲ ਤਾੜਦਾ ਹੈ।
ਜੇ ਤੁਸੀਂ ਇਹ ਖ਼ਤ ਪੜ੍ਹ ਰਹੇ ਹੋ, ਸਮਝੋਂ ਮੈਂ ਤਾਂ ਮਰ ਗਿਆ। ਹੁਣ ਤੁਸੀਂ ਕਿਸੇ ਰਾਹ ਬਚੋ।
ਖਤਮ
ਧੰਨਵਾਦ 
ਸੁਜੀਤ ਕਲਸੀ 
ਜਨਮੇਜਾ ਜੋਹਲ

Leave a Reply

Your email address will not be published. Required fields are marked *

Back to top button