Mini Stories

ਭੱਠਾ ਮਜ਼ਦੂਰ

ਕਹਿੰਦੇ ਨੇ ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਸੁਮੇਲ ਹੈ। ਜਦ ਇੱਕ ਗਰੀਬ ਆਦਮੀਂ ਉੱਪਰ ਦੁੱਖਾਂ ਦਾ ਪਹਾੜ ਟੁੱਟਦਾ ਹੈ, ਉਹਦੇ ਉਹ ਦੁੱਖ ਉਸਨੂੰ ਟੋੜ-ਮਰੋੜ ਕੇ ਰੱਖ ਦਿੰਦੇ ਹਨ। ਇਸੇ ਤਰਾਂ ਦੇ ਦੁੱਖਾਂ ਦਾ ਬੋਝ ਰਾਮਦੀਨ ਨੂੰ ਸਹਿਣਾ ਪੈਂਦਾ ਹੈ। ਰਾਮਦੀਨ ਜਦੋਂ ਤੋਂ ਪੈਦਾ ਹੋਇਆ ਸੀ, ਉਦੋਂ ਤੋਂ ਹੀ ਉਹਦੇ ਜੀਵਨ ਨੂੰ ਦੁੱਖਾਂ ਨੇ ਆਣ ਘੇਰ ਲਿਆ ਸੀ। ਘਰ ਵਿੱਚ ਅੱਤ ਦੀ ਗਰੀਬੀ ਸੀ। ਬਾਪ ਭੱਠੇ ਉੱਪਰ ਇੱਟਾਂ ਪੱਥਣ ਦਾ ਕੰਮ ਕਰਦਾ ਸੀ। ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਸੀ।ਉਹ ਮਸਾਂ ਹੀ ਸਾਲ-ਛੇ ਮਹੀਨੇ ਦਾ ਹੋਇਆ ਹੋਵੇਗਾ ਕਿ ਉਸਦੀ ਮਾਂ ਕਿਸੇ ਬੀਮਾਰੀ ਕਾਰਨ ਰੱਬ ਨੂੰ ਪਿਆਰੀ ਹੋ ਗਈ ਸੀ। ਬਿੰਨ ਮਾਂ ਤੋਂ ਬੱਚੇ ਦਾ ਪਾਲਣ-ਬੜੀ ਮੁਸ਼ਕਲ ਨਾਲ ਕੀਤਾ ਗਿਆ ਸੀ। ਭੱਠੇ ਉੱਤੇ ਇੱਟਾਂ ਪੱਥਣ ਦੇ ਨਾਲ-ਨਾਲ ਉਸਦੇ ਬਾਪ ਸਿਰ ਉਸ ਨੂੰ ਸਾਭਣ ਦੀ ਜ਼ਿੰਮੇਵਾਰੀ ਸੀ। ਉਹ ਆਪਣੀਆਂ ਦੋਨੋਂ ਜ਼ਿੰਮੇਵਾਰੀਆਂ ਬੜੀ ਹੀ ਮੁਸ਼ਕਲ ਨਾਲ ਨਿਭਾ ਰਿਹਾ ਸੀ।ਇਨ੍ਹਾਂ ਮਹਿੰਗਾਈ ਦੇ ਦਿਨਾਂ ‘ਚ ਘਰ ਦਾ ਗੁਜ਼ਾਰਾ ਵੀ ਬੜਾ ਹੀ ਮੁਸ਼ਕਲ ਨਾਲ ਚੱਲ ਰਿਹਾ ਸੀ। ਰਾਮਦੀਨ ਹੁਣ ਥੋੜਾ ਵੱਡਾ ਹੋਇਆ ਤਾਂ ਉਸ ਦੇ ਪਿਤਾ ਨੇ ਉਸਨੂੰ ਸਕੂਲ ਪੜ੍ਹਨ ਪਾ ਦਿੱਤਾ। ਉਸ ਅਜੇ ਤਿੰਨ-ਚਾਰ ਹੀ ਕਲਾਸਾਂ ਪਾ ਕਰ ਸਕਿਆ ਸੀ ਕਿ ਪਿਤਾ ਦਾ ਛਾਇਆ ਵੀ ਉਸ ਦੇ ਸਿਰ ਤੋਂ ਉੱਠ ਗਿਆ। ਹੁਣ ਘਰ ਵਿੱਚ ਉਹ ਇਕੱਲਾ ਰਹਿ ਗਿਆ ਸੇ। ਨਜ਼ਦੀਕ ਦੀ ਹੀ ਰਿਸ਼ਤੇਦਾਰੀ ‘ਚੋਂ ਇਕ ਆਦਮੀ ਜਿਹੜਾ ਕਿ ਉਸਦਾ ਚਾਚਾ ਲਗਦਾ ਸੀ, ਜੋ ਕਿ ਉਸਦੇ ਪਿਤਾ ਨਾਲ ਹੀ ਇੱਟਾਂ ਪੱਥਣ ਦਾ ਕਰਦਾ ਸੀ। ਉਹ ਤਰਸ ਖਾ ਕੇ ਰਾਮਦੀਨ ਨੂੰ ਆਪਣੇ ਨਾਲ ਲੇ ਗਿਆ ਸੀ।ਰਾਮਦੀਨ ਦਾ ਚਾਚਾ ਨਸ਼ਿਆਂ ਦਾ ਵੀ ਆਦੀ ਸੇ, ਉਸਦੀ ਆਪਣੇ ਘਰ ਵਿੱਚ ਕੋਈ ਬੁੱਕਤ ਨਹੀਂ ਸੀ। ਸਾਰਾ ਘਰ ਹੀ ਉਸਦੀ ਚਾਚੀ ਦੇ ਕੇ ਅਨੁਸਾਰ ਚਲਦਾ ਸੀ। ਉਸ ਘਰ ਵਿੱਚ ਰਾਮਦੀਨ ਨਾਲ ਕੋਈ ਚੰਗਾ ਸਲੂਕ ਨਹੀਂ ਸੀ ਕੀਤਾ ਜਾਦਾ। ਹਰ ਵਕਤ ਕਿਸੇ ਨਾ ਕਿਸੇ ਬਹਾਨੇ ਉਸਨੂੰ ਕੋਸਿਆ ਤੇ ਫਿਟਕਾਰਿਆ ਜਾਂਦਾ ਸੀ। ਰਾਮਦੀਨ ਨੂੰ ਹੁਣ ਸਕੂਲੋਂ ਵੀ ਹਟਣਾ ਪੈ ਗਿਆ ਸੀ। ਉਸਦਾ ਦਿਲ ਤਾਂ ਬਥੇਰਾ ਕਰਦਾ ਸੀ ਕਿ ਚਾਰ ਜ਼ਮਾਤਾਂ ਪਾਸ ਕਰ ਲਵੇ। ਪਰ ਉਸ ਦੀਆਂ ਸਾਰੀਆਂ ਸਧਰਾਂ ‘ਤੇ ਪਾਣੀ ਪੈ ਚੁੱਕਾ ਸੀ। ਉਸ ਦੀ ਚਾਚੀ ਦੇ ਆਪਣੇ ਘਰ ਵੀ ਪੁੱਤਰ ਵੀ ਸਨ। ਉਸ ਨਾਲ ਨਾਲ ਗੱਲ-ਗੱਲ ਉੱਤੇ ਵਿਤਕਰਾ ਹੋਣ ਲੱਗ ਪਿਆ ਸੀ।ਰਾਮ ਦੀਨ ਨਾਲ ਘਰ ਵਿੱਚ ਬੜਾ ਬੁਰਾ ਸਲੂਕ ਹੋਣ ਲੱਗਾ ਸੀ। ਦੋ-ਦੋ ਦਿਨ ਦੀਆਂ ਬੇਹੀਆਂ ਰੋਟੀਆਂ ਉਸ ਦੇ ਅੱਗੇ ਧਰ ਦਿੱਤੀਆਂ ਜਾਂਦੀਆਂ ਸਨ। ਉਹ ਇਸ ਸਭ ਕਾਸੇ ਤੋਂ ਤੰਗ ਆ ਚੁੱਕਾ ਸੀ। ਅਕਸਰ ਉਸ ਨੂੰ ਆਪਣੀ ਚਾਚੀ ਦੇ ਮੂੰਹੋਂ ਇਹ ਸ਼ਬਦ ਸੁਣਨ ਨੂੰ ਮਿਲਦੇ ਸਨ:-”ਮੋਇਆ! ਤੇਰੇ ਲਈ ਆਹ ਬਚਿਆ ਹੈ, ਖਾਣਾ ਖਾ ਲੈ, ਨਹੀਂ ਤਾਂ ਮਰ ਖਪ ਜਾ, ਸਾਥੋਂ ਤੇਰੇ ਵਿਹਲੇ ਲਈ ਫ਼ੁਲਕੇ ਰਾੜ੍ਹ ਕੇ ਨਹੀਂ ਦੇ ਹੋਣੇ। ਆਪਣੇ ਮਾਂ-ਪਿਓ ਨੂੰ ਤਾਂ ਖਾ ਗਿਆ ਏਂ। ਸਾਡਾ ਤਾਂ ਖਹਿੜਾ ਛੱਡ ਦੇ।”ਉਸਨੂੰ ਆਪਣੀ ਚਾਚੀ ਦੇ ਕਹੇ ਬੋਲ ਸ਼ੂਲਾਂ ਵਾਂਗ ਚੁੱਭਦੇ ਸਨ। ਹੁਣ ਉਸਨੇ ਆਪਣੇ ਉਸ ਪੁਰਾਣੇ ਘਰ ਦੀ ਸਫ਼ਾਈ ਕੀਤੀ ਜਿਹੜਾ ਕਿ ਕਾਫ਼ੀ ਸਮੇਂ ਤੋਂ ਬੰਦ ਰਹਿਣ ਕਾਰਨ ਜ਼ਾਲੇ ਨਾਲ ਭਰ ਚੁੱਕਾ ਸੀ। ਰਾਮਦੀਨ ਹੁਣ ਜ਼ੁਆਨ ਹੋ ਚੁੱਕਾ ਸੀ। ਹੁਣ ਉਸਨੇ ਮੇਹਨਤ ਕਰ ਕੇ ਕਿਸੇ ਨਾ ਕਿਸੇ ਤਰ੍ਹਾਂ ਪੈਸੇ ਇਕੱਠੇ ਕੀਤੇ। ਉਸ ਦਾ ਵਿਆਹ ਹੋ ਗਿਆ। ਰਾਮਦੀਨ ਦੇ ਘਰ ਵਾਲੀ ਫੂਲਵਤੀ ਬੜੀ ਸਮਝਦਾਰ ਔਰਤ ਸੀ। ਉਹ ਆਪਣੇ ਪਤੀ ਨਾਲ ਮੌਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੀ ਔਰਤ ਸੀ।ਕੁਝ ਸਮਾਂ ਪਾ ਕੇ ਰਾਮਦੀਨ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਪੁੱਤਰ ਦੀ ਪ੍ਰਾਪਤੀ ਨਾਲ ਦੋਵੇਂ ਹੀ ਬੜੇ ਹੀ ਖ਼ੁਸ਼ ਸਨ। ਕੁਝ ਸਮਾਂ ਪਾ ਕੇ ਹੁਣ ਫੂਲਵਤੀ ਵੀ ਰਾਮਦੀਨ ਦੇ ਨਾਲ ਭੱਠੇ ਉੱਪਰ ਇੱਟਾਂ ਪੱਥਣ ਜਾਣ ਲੱਗ ਪਈ ਸੇ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਦੀਪਕ ਰੱਖਿਆ। ਉਨ੍ਹਾਂ ਦਾ ਵਿਚਾਰ ਸੀ ਕਿ ਦੀਪਕ ਉਨ੍ਹਾਂ ਦੀ ਜ਼ਿੰਦਗੀ ਵਿੱਚ ਚੱਲ ਰਹੇ ਹਨ੍ਹੇਰੇ ਨੂੰ ਦੂਰ ਕਰ ਕੇ ਖ਼ੁਸ਼ੀ ਵਾਲੀ ਰੌਸ਼ਨੀ ਭਰ ਦੇਵੇਗਾ। ਉਹ ਸੋਚਦੇ ਸਨ ਕਿ ਉਹ ਆਪਣੇ ਪੁੱਤਰ ਨੂੰ ਪੜ੍ਹ-ਲਿਖ ਕੇ ਕਿਸੇ ਵੱਡੇ ਆਹੁਦੇ ਉੱਤੇ ਲੱਗਣ ਯੋਗ ਬਣਾ ਦੇਣਗੇ।ਉਨ੍ਹਾਂ ਦਾ ਇਹ ਮੰਨਣਾਂ ਸੀ ਕਿ ”ਸਾਡਾ ਪੁੱਤਰ ਵੱਡਾ ਹੋ ਕੇ ਅਪਸਰ ਬਣੇਗਾ ਤਾਂ ਸਾਡਾ ਨਾਂ ਦੁਨੀਆਂ ‘ਤੇ ਰੌਸ਼ਨ ਕਰੇਗਾ। ”
ਰਾਮਦੀਨ ਤਾਂ ਕਦੇ ਕਦੇ ਇਹ ਵੀ ਕਹਿ ਦਿੰਦਾ ਸੀ, ”ਦੀਪ ਦੀ ਮਾਂ! ਦੇਖਣਾ ਆਪਣਾ ਪੁੱਤਰ ਪੜ੍ਹ-ਲਿਖ ਕੇ ਕਿੱਡਾ ਵੱਡਾ ਅਪਸਰ ਬਣੇਗਾ। ਲੋਕ ਕਹਿਣਗੇ ਔਹ ਦੇਖੋ ਖਾਂ! ਰਾਮਦੀਨ ਦਾ ਪੁੱਤਰ ਜਾ ਰਿਹਾ ਏ।”ਦੀਪਕ ਜਿਸ ਉੱਪਰ ਕਿ ਉਸਦੇ ਮਾਤਾ ਪਿਤਾ ਨੇ ਵੱਡੀਆਂ-ਵੱਡੀਆਂ ਆਸਾਂ ਲਗਾਈਆਂ ਹੋਈਆਂ ਸਨ, ਉਹ ਉਨ੍ਹਾਂ ਦੀਆਂ ਉਨ੍ਹਾਂ ਆਸਾਂ ਉੱਪਰ ਪੂਰਾ ਨਹੀਂ ਉਤਰ ਸਕਿਆ। ਦੀਪਕ ਨੇ ਬੜੀ ਮੁਸ਼ਕਲ ਨਾਲ ਦਸ ਹੀ ਪਾਸ ਕੀਤੀਆਂ ਸਨ। ਉਹਦੇ ਮਾਤਾ ਪਿਤਾ ਉਸਨੂੰ ਅਗਲੀ ਪੜ੍ਹਾਈ ਲਈ ਕਾਲਜ ਦਾਖਿਲ ਕਰਾਉਣਾ ਚਾਹੁੰਦੇ ਸਨ। ਇਸ ਵਾਸਤੇ ਉਹ ਜੀਅ ਤੋੜ ਕੇ ਮਿਹਨਤ ਵੀ ਕਰ ਰਹੇ ਸਨ।ਉਹ ਆਪਣੇ ਪੁੱਤਰ ਤੋਂ ਆਸਾਂ ਵਾਲਾ ਮਹਿਲ ਉਸਾਰ ਚੁੱਕੇ ਸਨ। ਪਰ ਉਨ੍ਹਾਂ ਦੀਆਂ ਆਸਾਂ ਦਾ ਮਹਿਲ ਜ਼ਿਆਦਾ ਦੇਰ ਤੱਕ ਟਿਕਿਆ ਨਾ ਰਹਿ ਸਕਿਆ। ਉਨ੍ਹਾਂ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਬੁਰੀ ਸੰਗਤ ‘ਚ ਪੈ ਕੇ ਨਸ਼ਿਆਂ ਦਾ ਆਦੀ ਹੋ ਚੁੱਕਾ ਹੈ ਤਾਂ ਉਨ੍ਹਾਂ ਦੇ ਦਿਲ ਨੂੰ ਬੜਾ ਹੀ ਝਟਕਾ ਲੱਗਾ। ਦੀਪਕ ਸਚਮੁੱਚ ਹੀ ਬੁਰੀ ਸੰਗਤ ‘ਚ ਫਸ ਕੇ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਚੁੱਕਾ ਸੀ। ਉਸ ਦੀ ਇਸ ਸੰਗਤ ਨੇ ਉਸਨੂੰ ਵਿਗਾੜ ਕੇ ਰੱਖ ਦਿੱਤਾ ਸੀ।ਲੋਕ ਦੀਪਕ ਵਿਰੁੱਧ ਬੜਾ ਈ ਅਨਾਬ-ਸਨਾਬ ਬੋਲਦੇ ਸਨ। ਮਾਤਾ-ਪਿਤਾ ਨੂੰ ਲੋਕਾਂ ਦੀਆਂ ਗੱਲਾਂ ਸੁਣ ਕੇ ਬੜਾ ਦੁੱਖ ਹੁੰਦਾ ਸੀ। ਦੀਪਕ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਨ ਦੀ ਬਜਾਇ ਦੁੱਖਾਂ-ਤਕਲੀਫ਼ਾਂ ਨਾਲ ਅੰਧੇਰ ਵਿੱਚ ਬਦਲ ਕੇ ਰੱਖ ਦਿੱਤਾ ਸੀ।ਗਰਮੀਆਂ ਦੇ ਦਿਨ ਸਨ, ਰਾਮਦੀਨ ਦਿਨ ਦੇ ਸ਼ਿਖਰ ਦੁਪਹਿਰੇ ਇਕੱਲਾ ਬੈਠਾ ਇੱਟਾਂ ਪੱਥ ਰਿਹਾ ਸੀ। ਫੂਲਵਤੀ ਉਸਦੇ ਨਾਲ ਨਹੀਂ ਸੀ। ਕਈ ਹੋਰ ਮਜ਼ਦੂਰ ਵੀ ਇੱਟਾਂ ਦੀ ਪੱਥਾਈ ਕਰ ਰਹੇ ਸਨ। ਰਾਮਦੀਨ ਚੁੱਪ-ਚਾਪ ਆਪਣਾ ਕੰਮ ਕਰ ਰਿਹਾ ਸੇ। ਰਾਮਦੀਨ ਬਹੁਤ ਹੀ ਉਦਾਸ ਸੀ। ਉਸਦੀ ਉਦਾਸੀ ਦਾ ਇੱਕੋ-ਇੱਕ ਕਾਰਨ ਘਰ ਵਿੱਚ ਪੈਸਿਆਂ ਦੀ ਤੰਗੀ ਸੀ। ਫੂਲਵਤੀ ਬਹੁਤ ਬੀਮਾਰ ਸੀ। ਉਸ ਕੋਲ ਉਸਦੀ ਦਵਾਈ ਲਿਆਉਣ ਲਈ ਪੈਸੇ ਨਹੀਂ ਸਨ। ਪੁੱਤਰ ਉਨ੍ਹਾਂ ਦਾ ਕੋਈ ਕੰਮ ਕਰ ਕੇ ਰਾਜ਼ੀ ਨਹੀਂ ਸੀ।ਦੁਪਹਿਰ ਦੀ ਰੋਟੀ ਦਾ ਸਮਾਂ ਹੋ ਚੁੱਕਾ ਸੀ। ਰਾਮਦੀਨ ਆਪਣੀਆਂ ਹੀ ਸੋਚਾਂ ਦੇ ਵਹਿਣ ਵਿੱਚ ਡੁੱਬਾ ਹੋਇਆ ਸੀ। ਰੋਟੀ ਦਾ ਸਮਾ ਖ਼ਤਮ ਹੋ ਚੁੱਕਾ ਸੀ। ਸਾਰੇ ਮਜ਼ਦੂਰ ਵਾਪਸ ਆ ਕੇ ਕੰਮ ‘ਤੇ ਲੱਗ ਗਏ ਸਨ। ਰਾਮਦੀਨ ਕੰਮ ਤਾਂ ਕਰ ਰਿਹਾ ਸੀ ਪਰ ਉਸ ਕੋਲੋਂ ਕੰਮ ਹੋ ਨਹੀਂ ਸੀ ਰਿਹਾ। ਰਾਮਦੀਨ ਦਾ ਕੰਮ ਕਰਨ ਨੂੰ ਦਿਲ ਵੀ ਨਹੀਂ ਸੀ ਕਰ ਰਿਹਾ। ਭੱਠੇ ਦਾ ਮਾਲਕ ਉਧਰ ਗੇੜਾ ਲਗਾਉਣ ਆਇਆ। ਉਸਦਨੇ ਰਾਮਦੀਨ ਨੂੰ ਦੇਖਿਆ ਪਰ ਉਸ ਦੀ ਹਾਲਤ ਨੂੰ ਭਾਂਪ ਨਹੀਂ ਸੀ ਸਕਿਆ।”ਜ਼ਲਦੀ ਨਾਲ ਹੱਥ ਚਲਾ ਕੰਮ ਚੋਰ ਨਾ ਹੋਵੇ ਤਾਂ ਕਿਸੇ ਥਾਂ ਦਾ? ” ਉਸ ਨੇ ਰਾਮਦੀਨ ਨੂੰ ਝਿੜਕਦਿਆਂ ਹੋਇਆਂ ਕਿਹਾ ਸੀ। ਜਦ ਉਸਨੂੰ ਵਿਚਲੀ ਗੱਲ ਦਾ ਪਤਾ ਲੱਗਾ ਤਾਂ ਉਸਨੂੰ ਰਾਮਦੀਨ ਨਾਲ ਹਮਦਰਦੀ ਹੋਈ। ਉਸਨੇ ਰਾਮਦੀਨ ਨੂੰ ਕੁਝ ਪੈਸੇ ਦਿੱਤੇ ਤੇ ਘਰ ਜਾਣ ਲਈ ਕਿਹਾ। ਲੇਕਿਨ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਘਰ ਤੋਂ ਕੁਝ ਦੂਰੀ ‘ਤੇ ਹੀ ਉਸਨੇ ਆਪਣੇ ਘਰ ਅੱਗੇ ਭੀੜ ਲੱਗੀ ਹੋਈ ਦੇਖੀ।ਰਾਮਦੀਨ ਤੋਂ ਇਹ ਦੇਖ ਕੇ ਅੱਗੇ ਪੈਰ ਨਹੀਂ ਸੀ ਪੁੱਟਿਆ ਜਾ ਰਿਹਾ, ਕਿਉਂਕਿ ਜਿਸ ਗੱਲ ਦਾ ਉਸ ਨੂੰ ਸ਼ੱਕ ਸੀ ਉਹੀ ਭਾਣਾ ਵਾਪਰ ਚੁੱਕਾ ਸੀ। ਫੂਲਵਤੀ ਨੂੰ ਪੈਸਿਆਂ ਦੀ ਦੁੱਖੋਂ ਦਵਾਈ ਨਸੀਬ ਨਹੀਂ ਸੀ ਹੋ ਸਕੇ। ਇਸ ਲਈ ਉਹ ਹੁਣ ਰੱਬ ਨੂੰ ਪਿਆਰੀ ਹੋ ਚੁੱਕੀ ਸੀ। ਜਿਹੜੇ ਪੈਸੇ ਮਾਲਕ ਨੇ ਉਸ ਨੂੰ ਫੂਲਵਤੀ ਦੀ ਦਵਾਈ ਲੈਣ ਲਈ ਦਿੱਤੇ ਸਨ, ਉਨ੍ਹਾਂ ਪੈਸਿਆਂ ਦਾ ਰਾਮਦੀਨ ਫੂਲਵਤੀ ਲਈ ਕੱਫ਼ਣ ਖਰੀਦਣਾ ਪੈ ਗਿਆ ਸੀ।ਦੀਪਕ ਨੂੰ ਆਪਣੀ ਮਾਤਾ ਦੀ ਮੌਤ ਦਾ ਕੋਈ ਬਹੁਤਾ ਅਫ਼ਸੋਸ ਨਹੀਂ ਸੀ ਹੋਇਆ। ਉਹਨੂੰ ਤਾਂ ਬਸ ਨਸ਼ਿਆਂ ਨਾਲ ਹੀ ਪਿਆਰ ਸੀ। ਨਿ ਬੀਤਦੇ ਗਏ। ਰਾਮਦੀਨ ਨੇ ਸੋਚਿਆ ਕਿ ਇਹਦਾ ਵਿਆਹ ਕਰ ਦਿੱਤਾ ਜਾਏ ਤਾਂ ਕਬੀਲਦਾਰੀ ਸਿਰ ‘ਤੇ ਪੈ ਜਾਏਗੀ ਤਾਂ ਇਹ ਆਪ ਹੀ ਸੁਧਰ ਜਾਏਗਾ। ਨਾਲ ਹੀ ਇਹਦੀਆਂ ਬੁਰੀਆਂ ਆਦਤਾਂ ਵੀ ਜਾਂਦੀਆਂ ਰਹਿਣਗੀਆਂ।ਪਰ ਜਿਹੜਾ ਆਦਮੀਂ ਇੱਕ ਵਾਰ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਏ ਤਾਂ ਉਹ ਬੁਰੀਆਂ ਆਦਤਾਂ ਤੋਂ ਆਪਣਾ ਪਿੱਛਾ ਬੜੀ ਮੁਸ਼ਕਲ ਨਾਲ ਛੁਡਾ ਸਕਦਾ ਹੈ। ਦੀਪਕ ਦੇ ਰਿਸ਼ਤੇ ਦੀ ਗੱਲ ਕਈ ਵਾਰ ਚੱਲੀ ਫਿਰ ਵਿੱਚ ਹੀ ਰਿਸ਼ਤੇ ਟੁੱਟਦੇ ਰਹੇ। ਕੋਈ ਵੀ ਰਿਸ਼ਤਾ ਧੁਰ ਨਹੀਂ ਚੜ੍ਹਿਆ। ਇੱਕ ਦਿਨ ਉਹ ਭੁੱਲ-ਭੁਲੇਖੇ ਨਾਲ ਜ਼ਹਿਰੀਲੀ ਜ਼ਹਿਰ ਪੀ ਬੈਠਾ। ਜਿਸ ਨਾਲ ਕਿ ਤੜਪ-ਤੜਪ ਕੇ ਉਸਦੀ ਜ਼ਾਨ ਨਿਕਲ ਗਈ। ਪੁੱਤਰ ਦੀ ਮੌਤ ਨਾਲ ਰਾਮਦੀਨ ਹੁਣ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਾ ਸੀ।ਰਾਮਦੀਨ ਹੁਣ ਦੁਨੀਆਂ ਉੱਪਰ ਬਿਲਕੁਲ ਹੀ ਇਕੱਲਾ ਰਹਿ ਗਿਆ ਸੀ। ਬਢਾਪੇ ਦੇ ਵਿੱਚ ਹੁਣ ਉਸਦੇ ਕੋਲੋਂ ਆਪਣਾ ਬੋਝ ਵੀ ਨਹੀਂ ਸੀ ਚੁੱਕਿਆ ਜਾ ਰਿਹਾ। ਪੁੱਤਰ ਦੀ ਮੌਤ ਨਾਲ ਉਹੀ ਇੰਨਾਂ ਟੁੱਟ ਚੁੱਕਾ ਸੀ ਕਿ ਉਹ ਖ਼ੁਦ ਵੀ ਮੰਜ਼ੇ ਨਾਲ ਲੱਗ ਗਿਆ ਸੀ। ਉਹਦਾ ਸਰੀਰ ਵੀ ਹੁਣ ਇੰਨਾਂ ਕਮਜ਼ੋਰ ਹੋ ਚੁੱਕਾ ਸੀ ਕਿ ਉਹ ਮੰਜ਼ੇ ਤੋਂ ਉੱਠ ਨਹੀਂ ਸੀ ਸਕਦਾ। ਹੁਣ ਆਖ਼ਰਕਾਰ ਉਸ ਨੇ ਆਪਣੇ ਦੁੱਖਾਂ ਤੋਂ ਸਦਾ ਲਈ ਨਿਜ਼ਾਤ ਪਾ ਲਈ ਸੀ। 

ਪਰਸ਼ੋਤਮ ਲਾਲ ਸਰੋਏ। 
ਪਿੰਡ: ਧਾਲੀਵਾਲ-ਕਾਦੀਆਂ,
ਡਾਕਘਰ: ਬਸ਼ਤੀ-ਗੁਜ਼ਾਂ,
ਜਿ਼ਲ੍ਹਾ- ਜਲੰਧਰ। 
ਮੋਬਾਇਲ ਨੰਬਰ – 91-92175-44348

Leave a Reply

Your email address will not be published. Required fields are marked *

Back to top button