District NewsMalout News

ਅੰਤਰ ਰਾਸ਼ਟਰੀ ਬਚਪਨ ਕੈਂਸਰ ਦਿਵਸ ਦੇ ਸੰਬੰਧ ਵਿੱਚ ਸਰਕਾਰੀ ਸਕੂਲ ਹਾਜ਼ੀ ਰਤਨ ਬਠਿੰਡਾ ਵਿਖੇ ਕੀਤਾ ਜਾਗਰੂਕਤਾ ਸਮਾਗਮ

ਮਲੋਟ(ਬਠਿੰਡਾ): ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਦੀ ਦੇਖ-ਰੇਖ ਵਿੱਚ ਅੰਤਰ ਰਾਸ਼ਟਰੀ ਬਚਪਨ ਕੈਂਸਰ ਦਿਵਸ ਸੰਬੰਧੀ ਜਾਗਰੂਕਤਾ ਸਮਾਗਮ ਸਰਕਾਰੀ ਸਕੂਲ ਹਾਜ਼ੀ ਰਤਨ ਬਠਿੰਡਾ ਵਿਖੇ ਕੀਤਾ ਗਿਆ। ਡਾ. ਤੇਜਵੰਤ ਸਿੰਘ ਢਿੱਲੋਂ ਨੇ ਇਸ ਦਿਵਸ ਸੰਬੰਧੀ ਦੱਸਿਆ ਕਿ ਇਹ ਦਿਨ ਹਰੇਕ ਸਾਲ 15 ਫਰਵਰੀ ਨੂੰ ਮਨਾਇਆ ਜਾਂਦਾ ਹੈ।ਇਸ ਸਾਲ ਵੀ @ਬਚਾਅ ਦੇ ਪਾੜੇ ਨੂੰ ਘਟਾਉਣਾ@ ਥੀਮ ਹੇਠ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਬੱਚਿਆਂ ਵਿੱਚ ਮੌਤ ਦਾ ਵੱਡਾ ਕਾਰਣ ਕੈਂਸਰ ਹੈ। ਇਸ ਦਿਨ ਦਾ ਮਕਸਦ ਬਚਪਨ ਦੇ ਕੈਂਸਰ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ, ਕੈਂਸਰ ਨਾਲ ਪੀੜਿਤ ਬੱਚਿਆਂ ਅਤੇ ਕਿਸ਼ੋਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਮਰਥਨ ਪ੍ਰਗਟ ਕਰਨਾ ਅਤੇ ਵਧੀਆ ਸੰਭਵ ਇਲਾਜ, ਦੇਖਭਾਲ ਅਤੇ ਸਹਾਇਤਾ ਕਰਨਾ ਹੈ। ਉਹਨਾਂ ਦੱਸਿਆ ਕਿ ਹਰ ਸਾਲ 20 ਸਾਲ ਤੋਂ ਘੱਟ ਉਮਰ ਦੇ 4 ਲੱਖ ਤੋਂ ਵੱਧ ਬੱਚਿਆਂ ਵਿੱਚ ਕੈਂਸਰ ਪਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਸਥਾ ਦਾ ਟੀਚਾ 2030 ਤੱਕ ਬਚਪਨ ਵਿੱਚ ਹੋਣ ਵਾਲੇ ਕੈਂਸਰ ਦੇ 60 ਪ੍ਰਤੀਸ਼ਤ ਬੱਚਿਆਂ ਨੂੰ ਕੈਂਸਰ ਤੋਂ ਬਚਾਉਣਾ ਹੈ। ਸਕੂਲ ਵਿੱਚ ਜਾਣਕਾਰੀ ਦਿੰਦਿਆਂ ਡਾ. ਵੰਦਨਾ ਮਿੱਡਾ ਕੈਂਸਰ ਰੋਗਾਂ ਦੇ ਮਾਹਿਰ ਨੇ ਕੈਂਸਰ ਹੋਣ ਦੇ ਕਾਰਣ,

ਲੱਛਣ ਅਤੇ ਇਲਾਜ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਬਦਲ ਰਹੀ ਜੀਵਨ ਸ਼ੈਲੀ ਅਤੇ ਸਾਡੇ ਰੋਜ਼ਾਨਾ ਦੇ ਖਾਣ-ਪੀਣ ਦੇ ਲਾਈਫ ਸਟਾਈਲ ਵਿੱਚ ਤਬਦੀਲੀ ਆਉਣ ਨਾਲ ਕੈਂਸਰ ਵਰਗੀਆ ਬਿਮਾਰੀਆਂ ਚ ਵਾਧਾ ਹੋ ਰਿਹਾ ਹੈ। ਤੰਬਾਕੂ, ਬੀੜੀ, ਸਿਗਰਟ ਦੇ ਸੇਵਨ ਕਾਰਨ ਮੂੰਹ, ਫੇਫੜੇ ਅਤੇ ਪੇਟ ਦਾ ਕੈਂਸਰ ਹੋ ਸਕਦਾ ਹੈ। ਉਨਾਂ ਦੱਸਿਆ ਕਿ ਔਰਤਾਂ ਅਤੇ ਮਰਦਾਂ ਵਿੱਚ ਕਿਸੇ ਵੀ ਅੰਗ ਦਾ ਕੈਂਸਰ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੂੱ ਲੰਬੇ ਸਮੇਂ ਤੋਂ ਬੁਖਾਰ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਗੰਢ, ਭਾਰ ਘੱਟਣਾ, ਜੋੜਾਂ ਵਿੱਚ ਦਰਦ, ਚਮੜੀ ਤੇ ਲਾਲ ਨਾਭੀ ਰੰਗ ਦੇ ਧੱਬੇ, ਅੱਖ ਦੇ ਕੇਂਦਰ ਚ ਚਿੱਟੇ ਰੰਗ ਦੀ ਬਿੰਦੀ, ਸਵੇਰੇ ਉੱਠਣ ਵੇਲੇ ਉਲਟੀ, ਮਾਮੂਲੀ ਸੱਟ ਨਾਲ ਹੱਡੀ ਟੁੱਟਣਾ, ਨਿਰੰਤਰ ਸਿਰਦਰਦ ਆਦਿ ਨਜ਼ਰ ਆਉਣ ਤਾ ਨੇੜੇ ਦੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਜੰਕ ਫੂਡ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ, ਕਸਰਤ ਦੀ ਆਦਤ ਪਾਓ, ਮੋਟਾਪੇ ਤੋਂ ਬਚੋ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਸਮੇਂ ਵਿਨੋਦ ਖੁਰਾਣਾ, ਨਰਿੰਦਰ ਕੁਮਾਰ, ਕੁਲਵਿੰਦਰਪਾਲ ਕੌਰ ਮੁੱਖ ਅਧਿਆਪਿਕਾ, ਰਾਜ ਕੁਮਾਰ, ਭਾਵਨਾ, ਬਲਦੇਵ ਸਿੰਘ ਹਾਜ਼ਿਰ ਸਨ।

Author: Malout Live

Back to top button