Mini Stories

ਜਾਨਵਰ

ਠੰਡ ਦਾ ਜ਼ੋਰ ਸੀ ਅਤੇ ਕਦੇ-ਕਦਾਈ ਹੁੰਦੀ ਹਲਕੀ-ਹਲਕੀ ਬਰਸਾਤ ਠੰਡ ਦੀ ਪਕੜ ਨੁੰ ਹੋਰ ਜਿਆਦਾ ਮਜ਼ਬੂਤ ਕਰ ਰਹੀ ਸੀ। ਬਾਜ਼ਾਰ ਵਿਚ ਲੋਕਾਂ ਦੀ ਆਵਾ-ਜਾਈ ਘੱਟ ਹੀ ਨਜ਼ਰ ਆ ਰਹੀ ਸੀ।
ਦੂਜੇ ਪਾਸੇ ਜਦੋਂ ਵੀ ਕੋਈ ਸਕੂਟਰ ਜਾਂ ਸਾਈਕਲ ਉਸ ਦੁਕਾਨ ਦੇ ਬਾਹਰ ਆ ਕੇ ਰੁਕਦਾ ਤਾਂ ਉਸ ਦਾ ਸਾਹ ਸੁੱਕ ਜਾਂਦਾ। ਉਸ ਨੂੰ ਇਸ ਤਰ੍ਹਾਂ ਜਾਪਦਾ ਜਿਵੇਂ ਉਸ ਦੀ ਮੌਤ ਦਾ ਜਮਦੂਤ ਆ ਗਿਆ ਹੋਵੇ। ਉਹ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਜਿਵੇਂ ਅੱਖਾਂ ਬੰਦ ਕਰਨ ਨਾਲ ਉਸ ਦੀ ਮੌਤ ਕੁੱਝ ਚਿਰ ਅੱਗੇ ਪੈ ਜਾਣੀ ਹੋਵੇ।
“ਸਵੇਰ ਤੋਂ ਦੁਪਹਿਰ ਹੋਣ ਵਾਲੀ ਏ ਪਰ ਅਜੇ ਤੀਕ ਮੇਰੇ ਸਾਹ ਚੱਲ ਰਹੇ ਨੇ…, ਰੱਬਾ ਤੇਰਾ ਲੱਖ-ਲੱਖ ਸ਼ੁਕਰ ਹੈ…।” ਸ਼ਹਿਰ ਦੇ ਮੇਨ ਬਾਜ਼ਾਰ ਦੇ ਪਿੱਛੇ ਕਸਾਈ ਲਖਨਪਾਲ ਦੇ ਬਣੇ ਖੋਖੇ ਦੇ ਸਾਹਮਣੇ ਪਏ ਲੱਕੜ ਦੇ ਬਾਕਸ ਵਿਚ ਬੰਦ ਮੁਰਗੀ ਰੱਬ ਦਾ ਇਸੇ ਗੱਲੋਂ ਧੰਨਵਾਦ ਕਰ ਰਹੀ ਹੈ।
“ਇਹ ਇਨਸਾਨ ਸਾਨੂੰ ਕਿਉਂ ਮਾਰਦੇ ਨੇ…? ਅਸੀਂ ਇਹਨਾਂ ਦਾ ਕੀ ਵਿਗਾੜਿਆ ਹੈ…? ਮੇਰੇ ਨਾਲ ਦੀਆਂ ਭੈਣਾਂ (ਮੁਰਗੀਆਂ) ਦਾ ਇਸ ਜ਼ਾਲਮ ਨੇ ਕਤਲ ਕਰ ਦਿੱਤਾ ਏ ਅਤੇ ਹੁਣ ਮੈਨੂੰ ਵੀ ਕੋਈ ਆ ਕੇ ਲੈ ਜਾਵੇਗਾ, ਜਿਉਂਦੀ ਨੂੰ ਨਹੀਂ ਬਲਕਿ ਮਰੀ ਹੋਈ ਨੂੰ।”
“ਇਹ ਇਨਸਾਨ ਨਹੀਂ ਬਲਕਿ ਜਾਨਵਰਾਂ ਤੋਂ ਵੀ ਭੈੜੇ ਨੇ ਜੋ ਧਰਤੀ ਤੇ ਪੈਦਾ ਹੋਏ ਕਿਸੇ ਵੀ ਜਾਨਵਰ ਨੂੰ ਮਾਰ ਕੇ ਖਾ ਜਾਂਦੇ ਨੇ।”
“ਇਹਨਾਂ ਵਿਚ ਦਇਆ ਨਾਮ ਦੀ ਕੋਈ ਚੀਜ਼ ਨਹੀਂ…।”
“ਕਸਾਈ ਨੇ ਨਿਰੇ…।”
“ਜਾਨਵਰ…!”
ਮੌਤ ਨੂੰ ਉਡੀਕ ਰਹੀ ਮੁਰਗੀ ਅਜੇ ਇਹਨਾਂ ਸੋਚਾਂ ਵਿਚ ਹੀ ਗੁਆਚੀ ਸੀ ਕਿ ਇਕ ਸਕੂਟਰ ਕਸਾਈ ਲਖਨਪਾਲ ਦੀ ਦੁਕਾਨ ਸਾਹਮਣੇ ਆ ਕੇ ਰੁਕਿਆ। ਉਹ ਫਿਰ ਸਹਿਮ ਗਈ ਪਰ ਇਸ ਵਾਰੀਂ ਉਸ ਦੀ ਕਿਸਮਤ ਚੰਗੀ ਨਹੀਂ ਸੀ ਕਿਉਂਕਿ ਸੱਚਮੁੱਚ ਉਸ ਦਾ ਜਮਦੂਤ ਹੀ ਆਇਆ ਸੀ।ਕਸਾਈ ਅਤੇ ਉਸ ਵਿਚਾਲੇ ਕੁੱਝ ਗੱਲਬਾਤ ਹੋਈ ਅਤੇ ਸੌਦਾ ਤਹਿ ਹੋ ਗਿਆ ਪਰ ਮੁਰਗੀ ਨੂੰ ਸੁਣਨਾ ਸ਼ਾਇਦ ਹੁਣ ਬੰਦ ਹੋ ਗਿਆ ਸੀ। ਉਸ ਦੀ ਮੌਤ ਦੀ ਘੜੀ ਆ ਚੁਕੀ ਸੀ।ਲਖਨਪਾਲ ਨੇ ਆਪਣਾ ਡਰਾਉਣਾ ਹੱਥ ਖੁੱਡੇ ਵਿਚ ਪਾਇਆ ਤੇ ਮੁਰਗੀ ਨੂੰ ਪੈਰਾਂ ਤੋਂ ਫੜ ਲਿਆ। ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਅਗਲੇ ਹੀ ਪਲ ਇਕ ਜ਼ੋਰਦਾਰ ਵਾਰ ਨਾਲ ਉਸ ਦੀ ਗਰਦਨ ਹੇਠਾਂ ਡਿੱਗ ਪਈ। 
ਨਿਸ਼ਾਨ ਸਿੰਘ ਰਾਠੌਰ*

Leave a Reply

Your email address will not be published. Required fields are marked *

Back to top button