ਸਰਕਾਰੀ ਹਸਪਤਾਲਾਂ 'ਚ ਡਿਸਪੋਜ਼ੇਬਲ ਪਲੇਟਾਂ 'ਚ ਨਾ ਪਰੋਸਿਆ ਜਾਵੇ ਲੰਗਰ
ਸਰਕਾਰ ਵੱਲੋਂ ਪਲਾਸਟਿਕ ਪਦਾਰਥਾਂ 'ਤੇ ਲਾਈ ਗਈ ਪਾਬੰਦੀ ਨੂੰ ਹੁਣ ਸਰਕਾਰੀ ਦਫਤਰਾਂ ਅਤੇ ਅਦਾਰਿਆਂ 'ਚ ਵੀ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸੇ ਸਬੰਧ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੂਬੇ ਭਰ ਦੇ ਸਿਵਲ ਸਰਜਨਾਂ ਨੂੰ ਇਕ ਪੱਤਰ ਰਾਹੀਂ ਹੁਕਮ ਜਾਰੀ ਕੀਤੇ ਗਏ ਹਨ ਕਿ ਸਰਕਾਰੀ ਹਸਪਤਾਲਾਂ 'ਚ ਪਰੋਸੇ ਜਾਣ ਵਾਲੇ ਲੰਗਰਾਂ ਲਈ ਥਰਮੋਕੋਲ ਜਾਂ ਪਲਾਸਟਿਕ ਦੀਆਂ ਪਲੇਟਾਂ ਦੀ ਵਰਤੋਂ ਨਾ ਕੀਤੀ ਜਾਵੇ, ਕਿਉਂਕਿ ਇਹ ਸਿਰਫ ਪ੍ਰਦੂਸ਼ਣ ਹੀ ਨਹੀਂ ਫੈਲਾਉਂਦੀਆਂ ਸਗੋਂ ਮਨੁੱਖੀ ਸਿਹਤ ਲਈ ਵੀ ਬੇਹੱਦ ਹਾਨੀਕਾਰਕ ਹਨ। ਸਰਕਾਰ ਇਕ ਵਾਰ ਵਰਤੋਂ 'ਚ ਆਉਣ ਵਾਲੀਆਂ ਡਿਸਪੋਜ਼ੇਬਲ ਪਲੇਟਾਂ ਅਤੇ ਹੋਰ ਸਾਮਾਨ 'ਤੇ ਦੇਸ਼ ਭਰ 'ਚ ਜਲਦ ਪਾਬੰਦੀ ਲਾਉਣਾ ਚਾਹੁੰਦੀ ਹੈ। ਉਕਤ ਹੁਕਮ ਵਿਚ ਕਿਹਾ ਗਿਆ ਕਿ ਜੋ ਲੋਕ ਜਾਂ ਸੰਸਥਾਵਾਂ ਹਸਪਤਾਲਾਂ 'ਚ ਲੰਗਰ ਵੰਡਦੀਆਂ ਹਨ, ਉਨ੍ਹਾਂ ਨੂੰ ਸਟੇਨਲੈੱਸ ਸਟੀਲ ਦੇ ਬਰਤਨ ਜਾਂ ਹੋਰ ਕੰਪੋਸਟੇਬਲ ਕਟਲਰੀ ਦੀ ਵਰਤੋਂ ਕਰਨ ਲਈ ਕਿਹਾ ਜਾਵੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ਼ ਵਾਤਾਵਰਣ ਇੰਜੀਨੀਅਰ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।