ਖੇਤੀਬਾੜੀ ਸੰਦਾਂ ਦੀ ਮੈਨੂਫੈਕਚਰਿੰਗ ਦਾ ਕਲੱਸਟਰ ਤਿਆਰ ਕਰਨ ਲਈ ਕਰਵਾਇਆ ਗਿਆ ਸੈਮੀਨਾਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਨੀਤ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਉਦਯੋਗ ਕੇਂਦਰ ਅਤੇ ਮਲੋਟ ਦੇ ਸਹਿਯੋਗ ਨਾਲ ਮਲੋਟ ਵਿਖੇ ਖੇਤੀਬਾੜੀ ਸੰਦਾਂ ਦੀ ਮੈਨੂਫੈਕਚਰਿੰਗ ਦਾ ਕਲੱਸਟਰ ਤਿਆਰ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਇਸ ਕਿੱਤੇ ਨਾਲ ਜੁੜੇ ਉਦਯੋਗਪਤੀਆਂ ਨੇ ਭਾਗ ਲਿਆ।ਇਸ ਸੈਮੀਨਾਰ ਵਿੱਚ ਫੰਕਸ਼ਨਲ ਮੈਨੇਜ਼ਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੇ ਮਾਈਕਰੋ ਅਤੇ ਸਮਾਲ ਇੰਟਰਪ੍ਰਾਇਜ਼ਜ਼-ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਕਲੱਸਟਰ ਤਿਆਰ ਕਰਨ ਲਈ 70 ਪ੍ਰਤੀਸ਼ਤ ਹਿੱਸਾ ਭਾਰਤ ਸਰਕਾਰ
ਵੱਲੋਂ ਅਤੇ 20 ਪ੍ਰਤੀਸ਼ਤ ਹਿੱਸਾ ਸੂਬਾ ਸਰਕਾਰ ਵੱਲੋਂ ਸਬਸਿਡੀ ਦੇ ਰੂਪ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸਦੇ ਤਹਿਤ ਘੱਟ ਤੋਂ ਘੱਟ ਇੱਕੋ ਕਿੱਤੇ ਦੇ 25 ਉਦਯੋਗਪਤੀਆਂ ਦਾ ਸਮੂਹ ਹੋਣਾ ਜਰੂਰੀ ਹੈ। ਇਸ ਪ੍ਰੋਗਰਾਮ ਤਹਿਤ ਕਲੱਸਟਰ ਬਣਾ ਕੇ ਇੱਕ ਕਿੱਤੇ ਨਾਲ ਜੁੜੀ ਸਾਂਝੀ ਮਸ਼ੀਨਰੀ ਦੀ ਖਰੀਦ ਕੀਤੀ ਜਾਂਦੀ ਹੈ ਜਿਸ ਨਾਲ ਕੁਆਲਿਟੀ ਪ੍ਰੋਡਕਟ ਤਿਆਰ ਕਰਨ ਵਿੱਚ ਮੱਦਦ ਮਿਲਦੀ ਹੈ ਅਤੇ ਬਾਹਰਲੇ ਸੂਬਿਆਂ ’ਤੇ ਵੀ ਨਿਰਭਰ ਨਹੀਂ ਰਹਿਣਾ ਪੈਂਦਾ। ਇਸ ਮੌਕੇ ਉਨ੍ਹਾਂ ਵੱਲੋਂ ਉਦਯੋਗਪਤੀਆਂ ਦੇ ਸਵਾਲਾਂ ਦੇ ਢੁੱਕਵੇਂ ਜਵਾਬ ਦਿੱਤੇ ਗਏ ਅਤੇ ਉਦਯੋਗਪਤੀਆਂ ਵੱਲੋਂ ਵੀ ਕਲੱਸਟਰ ਤਿਆਰ ਕਰਨ ਲਈ ਹਾਂ ਪੱਖੀ ਉਤਸ਼ਾਹ ਦੇਖਣਨੂੰ ਮਿਲਿਆ। ਇਸ ਸੈਮੀਨਾਰ ਦੌਰਾਨ ਵਿਭਾਗ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਉਮੀਦ ਪ੍ਰਗਟਾਈ ਕਿ ਜਲਦ ਹੀ ਮਲੋਟ ਵਿਖੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਹਿਲਾ ਕਲੱਸਟਰ ਤਿਆਰ ਹੋ ਜਾਣ ਦੀ ਸੰਭਾਵਨਾ ਹੈ। Author: Malout Live