ਓਵਰਏਜ਼ ਬੇਰੁਜ਼ਗਾਰ ਯੂਨੀਅਨ ਪੰਜਾਬ ਦੀ ਮੁੱਖ ਮੰਤਰੀ ਦੇ ਸਪੈਸ਼ਲ ਮੁੱਖ ਸਕੱਤਰ ਨਾਲ ਹੋਈ ਮੀਟਿੰਗ
ਮਲੋਟ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੇ ਦਿਨ ਸੰਗਰੂਰ ਵਿਖੇ ਜ਼ਿਲ੍ਹਾ ਲਾਇਬ੍ਰੇਰੀ ਦੇ ਉਦਘਾਟਨ ਕਰਨ ਦੇ ਲਈ ਪਹੁੰਚੇ। ਇਸ ਦੌਰਾਨ ਉਹਨਾਂ ਨੂੰ ਮਿਲਣ ਦੇ ਲਈ ਬੇਰੁਜ਼ਗਾਰ ਜੱਥੇਬੰਦੀਆਂ ਪਹੁੰਚੀਆਂ ਸਨ। ਪੰਜਾਬ ਦੇ ਓਵਰਏਜ਼ ਬੇਰੁਜ਼ਗਾਰ ਵੀ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਦੀ ਅਗਵਾਈ ਵਿੱਚ ਮੁੱਖ ਮੰਤਰੀ ਨੂੰ ਮਿਲਣ ਲਈ ਪਹੁੰਚੇ ਸਨ ਤਾਂ ਸੰਗਰੂਰ ਪ੍ਰਸ਼ਾਸਨ ਨੇ ਜੱਥੇਬੰਦੀਆਂ ਦੇ ਦੋ-ਦੋ ਨੁਮਾਇੰਦਿਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਕਹਿ ਕਿ ਉਹਨਾਂ ਨੂੰ ਬੱਸ ਦੇ ਵਿੱਚ ਬਿਠਾ ਲਿਆ ਅਤੇ ਦੋ ਘੰਟੇ ਬਾਅਦ ਜਦ ਜੱਥੇਬੰਦੀਆਂ ਦੇ ਆਗੂਆਂ ਨੂੰ ਪ੍ਰੋਗਰਾਮ ਵਾਲੀ ਜਗ੍ਹਾ ਲਿਜਾਇਆ ਗਿਆ ਤਾਂ ਮੁੱਖ ਮੰਤਰੀ ਮਾਨ ਨੇ 4 ਜੱਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਸਮਾਂ ਨਹੀਂ ਦਿੱਤਾ ਬਲਕਿ ਉਹਨਾਂ ਦੇ ਵਿਸ਼ੇਸ਼ ਮੁੱਖ ਸਕੱਤਰ ਕੁਮਾਰ ਅਮਿਤ ਨੇ
ਜੱਥੇਬੰਦੀਆਂ ਦੇ ਮੰਗ ਪੱਤਰ ਲੈ ਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ। ਯੂਨੀਅਨ ਵੱਲੋਂ ਮੁੱਖ ਮੰਤਰੀ ਨਾਲ ਚੰਡੀਗੜ੍ਹ ਮੀਟਿੰਗ ਕਰਨ ਦਾ ਕਹਿਣ ਤੇ ਉਹਨਾਂ ਕਿਹਾ ਕਿ ਜਲਦੀ ਹੀ ਮੁੱਖ ਮੰਤਰੀ ਮਾਨ ਦੀ ਲਿਖਤ ਮੀਟਿੰਗ ਤੁਹਾਨੂੰ ਮੁਹੱਈਆ ਕਰਵਾ ਦਿੱਤੀ ਜਾਵੇਗੀ। ਯੂਨੀਅਨ ਦੀਆਂ ਮੁੱਖ ਮੰਗਾਂ ਉਮਰ ਹੱਦ ਵਿੱਚ ਛੋਟ ਦੇ ਕੇ ਸਾਰੇ ਵਿਭਾਗਾਂ ਦੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕਰਨਾ ਅਤੇ ਬੀ.ਐੱਡ ਦੀ ਆਉਣ ਵਾਲੀ ਭਰਤੀ ਤੇ ਲੱਗੀ 55% ਦੀ ਬੇਤੁਕੀ ਸ਼ਰਤ ਨੂੰ ਰੱਦ ਕਰਨਾ ਹੈ। ਇਸ ਸਮੇਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਣਬੀਰ ਸਿੰਘ ਨਿਦਾਮਪੁਰ, ਸੂਬਾ ਪ੍ਰੈੱਸ ਸਕੱਤਰ ਨਿੱਕਾ ਸਿੰਘ, ਸਲੇਸ ਕੁਮਾਰ ਪਟਿਆਲਾ, ਲਲਿਤਾ ਪਟਿਆਲਾ, ਕਰਮਜੀਤ ਕੌਰ ਦਾਨਗੜ੍ਹ, ਕਿਰਨਜੀਤ ਕੌਰ ਬਠਿੰਡਾ ਅਤੇ ਜਸਵਿੰਦਰ ਕੌਰ ਸੰਗਰੂਰ ਵੀ ਹਾਜ਼ਿਰ ਸਨ। Author: Malout Live