District NewsMalout News

ਸਿਹਤ ਵਿਭਾਗ ਵੱਲੋਂ ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਦੇ ਅਹੁਦੇਦਾਰਾਂ ਨਾਲ ਕੀਤੀ ਗਈ ਮੀਟਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਲੋਕਾਂ ਨੂੰ ਸਾਫ਼ ਸੁਥਰੀਆਂ ਅਤੇ ਸ਼ੁੱਧ ਖਾਣ-ਪੀਣ ਵਾਲੀਆਂ ਵਸਤੂਆਂ ਉਪਲੱਬਧ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸੰਬੰਧ ਵਿੱਚ ਸ੍ਰੀ ਅਭਿਨਵ ਤ੍ਰਿਖਾ ਆਈ.ਏ.ਐੱਸ ਮਾਣਯੋਗ ਕਮਿਸ਼ਨਰ ਫੂਡ ਸੇਫਟੀ ਪੰਜਾਬ ਦੀਆਂ ਹਦਾਇਤਾਂ ਤੇ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਦੇ ਅਹੁਦੇਦਾਰਾਂ ਨਾਲ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਨਵਜੋਤ ਕੌਰ ਸਿਵਲ ਸਰਜਨ ਨੇ ਦੱਸਿਆ ਕਿ ਜਿਲ੍ਹੇ ਵਿੱਚ ਖਾਣ-ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ ਦੇ ਅਹੁਦੇਦਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਮਿਆਦ ਪੁੱਗ ਚੁੱਕੀਆਂ ਕੋਈ ਵੀ ਖਾਣ ਪੀਣ ਵਾਲੀਆਂ ਵਸਤੂਆਂ ਨਾ ਵੇਚਣ ਲਈ ਹਦਾਇਤ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਮਿਆਦ ਪੁੱਗੀਆਂ ਵਸਤੂਆਂ ਨੂੰ ਅਲੱਗ ਕੈਨੇ ਵਿੱਚ ਰੱਖਿਆ ਜਾਵੇ, ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਨਾ ਵੇਚਿਆ ਜਾਵੇ।

ਜੇਕਰ ਕੋਈ ਦੁਕਾਨਦਾਰ ਮਿਆਦ ਪੁੱਗ ਚੁੱਕੀਆਂ ਵਸਤੂਆਂ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲੈਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿੱਥੇ ਕਿਤੇ ਵੀ ਕੋਈ ਮਿਲਾਵਟ ਦਾ ਸ਼ੱਕ ਹੁੰਦਾ ਹੈ ਤਾਂ ਉਨ੍ਹਾਂ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਂਦੇ ਹਨ ਅਤੇ ਜੇਕਰ ਜਾਂਚ ਦੌਰਾਨ ਕੋਈ ਮਿਲਾਵਟ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਡਾ. ਦੁਪਿੰਦਰ ਕੁਮਾਰ ਜ਼ਿਲ੍ਹਾ ਸਿਹਤ ਅਫ਼ਸਰ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਮਿਆਦ ਪੁੱਗੀਆਂ ਕੋਈ ਵਸਤੂਆ ਦੁਕਾਨ ਵਿੱਚ ਨਾ ਰੱਖੀਆਂ ਜਾਣ ਅਤੇ ਉਹ ਇੱਕ ਕੈਨੇ ਵਿੱਚ ‘ਨਾਟ ਫਾਰ ਸੇਲਾ ਲਿਖ ਕੇ ਰੱਖੀਆਂ ਜਾਣ ਅਤੇ ਕਿਸੇ ਵੀ ਕੀਮਤ ਦੇ ਨਾ ਵੇਚੀਆਂ ਜਾਣ। ਉਨ੍ਹਾ ਖਾਣ ਪੀਣ ਦੀਆਂ ਵਸਤੂਆਂ ਦਾ ਵਪਾਰ ਕਰਨ ਵਾਲੇ ਦੁਕਾਨਦਾਰਾਂ, ਬੇਕਰੀਆਂ ਅਤੇ ਮਠਿਆਈ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਸ਼ੁੱਧ ਅਤੇ ਸਾਫ ਸੁਥਰੀਆਂ ਖਾਣ ਪੀਣ ਵਾਲੀਆਂ ਵਸਤੂਆਂ ਹੀ ਵੇਚਣ ਅਤੇ ਸਫ਼ਾਈ ਦਾ ਖਾਸ ਧਿਆਨ ਰੱਖਣ। ਉਨਾਂ ਕਿਹਾ ਕਿ ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੇ ਸਾਰੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਆਪਣੀ ਫੂਡ ਸੇਫਟੀ ਐਕਟ ਅਧੀਨ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ ਅਤੇ ਜੇਕਰ ਅਜੇ ਤੱਕ ਕਿਸੇ ਨੇ ਆਪਣੀ ਫੂਡ ਸੇਫਟੀ ਅਧੀਨ ਰਜਿਸਟ੍ਰੇਸ਼ਨ ਨਹੀਂ ਕਰਜਾਈ ਉਹ ਜਲਦ ਤੋਂ ਜਲਦ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ। ਇਸ ਮੌਕੇ ਡਾ. ਜਤਿੰਦਰ ਸਿੰਘ ਵਿਰਕ ਫੂਡ ਸੇਫਟੀ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਹਾਜ਼ਿਰ ਸੀ।

Author : Malout Live

Back to top button