ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੀ ਜਾਣਕਾਰੀ ਦੇਣ ਸੰਬੰਧੀ ਲਗਾਇਆ ਗਿਆ ਕਿਸਾਨ ਸਿਖਲਾਈ ਕੈਂਪ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਾਉਣੀ ਦੀਆਂ ਫ਼ਸਲਾਂ ਸੰਬੰਧੀ ਨਵੀਨਤਮ ਜਾਣਕਾਰੀ ਦੇਣ ਲਈ ਜਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਅਤੇ ਕੈਂਪ ਦੀ ਪ੍ਰਧਾਨਗੀ ਡਾ. ਦਿਲਬਾਗ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਕੀਤੀ ਅਤੇ ਉਨ੍ਹਾਂ ਵੱਲੋਂ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਨੁਮਾਇਸ਼ਾ ਦਾ ਜ਼ਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਅਪੀਲ ਕੀਤੀ ਗਈ ਕਿ ਉਹ ਖੇਤੀਬਾੜੀ ਦੀ ਨਵੀਨਤਮ ਟੈਕਨੋਲਜੀ ਨੂੰ ਅਪਣਾ ਕੇ ਵੱਧ ਤੋਂ ਵੱਧ ਮੁਨਾਫ਼ਾ ਲੈ ਸਕਦੇ ਹਨ। ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਕਿਸਾਨੀ ਹਿੱਤ ਵਿੱਚ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵਿਕਾਸ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਦੱਸਿਆ ਕਿ 15 ਮਈ ਤੋਂ 20 ਜੂਨ ਤੱਕ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਤਾਂ ਜੋ ਧਰਤੀ ਹੇਠੇ ਪਾਣੀ ਨੂੰ ਥੱਲੇ ਜਾਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਝੋਨੇ ਦੀ ਲਵਾਈ ਸੰਬੰਧੀ ਕਿਸਾਨਾਂ ਨੂੰ ਦੱਸਿਆ ਕਿ ਇਸ ਜਿਲ੍ਹੇ ਵਿੱਚ ਝੋਨੇ ਦੀ ਲਵਾਈ ਦਾ ਕੰਮ 11 ਜੂਨ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਕੋਈ ਵੀ ਕਿਸਾਨ ਨਿਸ਼ਚਿਤ ਮਿਤੀ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕਰਨ। ਇਸ ਸਮੇਂ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਇਸ ਕੈਂਪ ਦੌਰਾਨ ਡਾ. ਪਰਮਿੰਦਰ ਸਿੰਘ ਧੰਜੂ, ਸਹਾਇਕ ਪੌਦਾ ਸੁਰੱਖਿਆ ਅਫ਼ਸਰ ਮਲੋਟ ਅਤੇ ਡਾ. ਵਿਜੇ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਲੰਬੀ ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਦਾ ਸਮੁੱਚਾ ਸਟਾਫ਼ ਮੌਕੇ ਤੇ ਹਾਜ਼ਿਰ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਜੋਬਨਦੀਪ ਸਿੰਘ ਏ.ਡੀ.ਓ., ਡਾ. ਸ਼ਵਿੰਦਰ ਸਿੰਘ, ਡਾ. ਹਰਮਨਜੀਤ ਸਿੰਘ, ਡਾ. ਹਰਮਨਦੀਪ ਸਿੰਘ ਸਵਰਨਜੀਤ ਸਿੰਘ ਅਤੇ ਕਿਸਾਨ ਆਗੂ ਮੌਜੂਦ ਸਨ। Author : Malout Live