District NewsMalout News

ਡੀ.ਏ.ਵੀ ਕਾਲਜ, ਮਲੋਟ ਵਿਖੇ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ

ਮਲੋਟ: ਡੀ.ਏ.ਵੀ ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਯੋਗ ਅਗਵਾਈ ਵਿੱਚ ਕਾਲਜ ਦੇ ਲਾਇਬਰੇਰੀ ਵਿਭਾਗ ਅਤੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਇਕ ਸੁੰਦਰ ਲਿਖਾਈ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਜਿਵੇਂ ਕਿ ਸਾਨੂੰ ਪਤਾ ਹੈ- ਅੱਜ ਦੇ ਤੇਜ਼ਤਰਾਰ ਜ਼ਮਾਨੇ ਵਿੱਚ ਬਹੁਤੇ ਵਿਦਿਆਰਥੀਆਂ ਦੀ ਲਿਖਤ ਸੁੰਦਰ ਨਹੀਂ ਰਹੀ। ਮਾਂ ਬੋਲੀ ਪੰਜਾਬੀ ਪ੍ਰਤੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬੀ ਨੂੰ ਮੋਤੀਆਂ ਵਾਂਗ ਸੋਹਣਾ ਲਿਖੀਏ। ਸੁੰਦਰ ਲਿਖਤ ਦਾ ਵਿਦਿਆਰਥੀ ਜੀਵਨ ‘ ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ, ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਦੀ ਲਿਖਾਈ ਵਿੱਚ ਸੁਧਾਰ ਕਰਨ ਦੇ ਮੰਤਵ ਨਾਲ ਇਸ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਤੱਪਾ ਖੇੜਾ ਦੇ ਸਰਕਾਰੀ ਪ੍ਰਾਈਮਰੀ ਸਕੂਲ ਦੇ ਈ.ਟੀ.ਟੀ ਟੀਚਰ, ਸ. ਗੁਰਪ੍ਰੀਤ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,

ਸ. ਬਲਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਉਹਨਾਂ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਬਾਰੇ ਭਰਪੂਰ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਬੜੀ ਦਿਲਚਸਪੀ ਵਿਖਾਈ ਅਤੇ 50 ਦੇ ਕਰੀਬ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਬੀ.ਏ ਭਾਗ ਤੀਜਾ ਦੀ ਹਿਮਾਨੀ ਨੇ ਪਹਿਲਾ ਸਥਾਨ, ਬੀ.ਏ ਭਾਗ ਤੀਜਾ ਦੀ ਪੂਨਮ ਨੇ ਦੂਜਾ ਸਥਾਨ ਅਤੇ ਬੀ.ਐਸ.ਸੀ ਭਾਗ ਪਹਿਲਾ ਦੀ ਅੰਜਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ, ਲਾਈਬ੍ਰੇਰੀਅਨ ਸ਼੍ਰੀ ਦੀਪਕ ਅਗਰਵਾਲ ਅਤੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਜਸਬੀਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਅੰਤ ਵਿੱਚ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਿਰ ਸੀ।

Author: Malout Live

Back to top button