ਸਿਹਤ ਵਿਭਾਗ ਵੱਲੋਂ ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਸੰਬੰਧ ਵਿੱਚ ਲਗਾਈ ਗਈ 5 ਦਿਨਾਂ ਟ੍ਰੇਨਿੰਗ ਵਰਕਸ਼ਾਪ

ਮਲੋਟ (ਸ਼੍ਰੀ ਮੁਕਤਸਰ ਸਾਹਿਬ):  ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿਸ ਦੇ ਤਹਿਤ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਅੰਤਰ ਰਾਸ਼ਟਰੀ ਯੋਗਾ ਦਿਵਸ ਸੰਬੰਧੀ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਵੀ ਡੂਮਰਾ ਦੇ ਸਹਿਯੋਗ ਨਾਲ ਫੀਲਡ ਸਟਾਫ਼ ਨੂੰ ਯੋਗਾ ਸਿਖਾਉਣ ਸੰਬੰਧੀ 5 ਦਿਨਾਂ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ 9ਵਾਂ ਅੰਤਰਰਾਸ਼ਟਰੀ ਯੋਗਾ ਦਿਵਸ 21 ਜੂਨ 2023 ਨੂੰ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ। ਅੰਤਰ ਰਾਸ਼ਟਰੀ ਯੋਗਾ ਦਿਵਸ ਦਾ ਇਸ ਸਾਲ ਦਾ ਥੀਮ 'ਹਰ ਘਰ ਦੇ ਵਿਹੜੇ ਵਿਚ ਯੋਗ' ਹੈ ਅਤੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਹਰ ਘਰ ਵਿੱਚ ਯੋਗਾ ਨੂੰ ਲੈ ਕੇ ਜਾਣਾ ਹੈ।

ਇਸ ਲਈ ਜ਼ਿਲ੍ਹੇ ਦੀਆਂ ਸਾਰੀਆਂ ਆਸ਼ਾ ਫੈਸਿਲੀਟੇਟਰ ਅਤੇ ਅਰਬਨ ਏਰੀਏ ਤੋਂ 2-2 ਆਸ਼ਾ ਵਰਕਰ ਨੂੰ ਸ਼ਾਮਿਲ ਕਰਕੇ ਜ਼ਿਲ੍ਹਾ ਪੱਧਰ ਤੇ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਯੋਗਾ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ। ਜਾਣਕਾਰੀ ਦਿੰਦਿਆਂ ਡਾ. ਰਵੀ ਡੂਮਰਾ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਸਰੀਰਿਕ ਗਤੀਵਿਧੀਆਂ ਦੀ ਕਮੀ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਹਨ। ਬਿਮਾਰੀਆਂ ਤੋਂ ਬਚਣ ਲਈ ਸਵੇਰੇ ਇੱਕ ਘੰਟਾ ਯੋਗਾ ਅਭਿਆਸ ਜਾਂ ਸੈਰ ਜਰੂਰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਯੋਗ ਸਿਰਫ਼ ਇੱਕ ਕਸਰਤ ਨਹੀਂ ਬਲਕਿ ਇੱਕ ਪੂਰੀ ਜੀਵਨ ਸ਼ੈਲੀ ਹੈ ਤੇ ਇਸ ਨੂੰ ਅਪਣਾ ਕੇ ਆਪਣੇ ਜੀਵਨ ਅਤੇ ਚੌਗਿਰਦੇ ਨੂੰ ਖੂਬਸੂਰਤ ਅਤੇ ਤੰਦਰੁਸਤ ਬਨਾਇਆ ਜਾ ਸਕਦਾ ਹੈ। ਰੋਜ਼ਾਨਾ ਜਿੰਦਗੀ ਵਿੱਚ ਹਰੀਆਂ ਸਬਜੀਆਂ, ਫਲ ਅਤੇ ਸੰਤੁਲਿਤ ਭੋਜਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਦੌਰਾਨ ਡਾ. ਅਮਿਤਾ ਗੁਪਤਾ, ਡਾ. ਗੀਤਾ ਗੋਇਲ ਆਯੂਰਵੈਦਿਕ ਮੈਡੀਕਲ ਅਫ਼ਸਰ, ਕੁਲਦੀਪ ਕੌਰ ਉਪਵੈਦ ਅਤੇ ਸ਼ਿਵਪਾਲ ਸਿੰਘ ਡੀ.ਸੀ.ਐਮ ਨੇ ਯੋਗਾ ਟ੍ਰੇਨਿੰਗ ਕਰਵਾਈ। Author: Malout Live