ਲੰਬੀ ਦੇ ਪਿੰਡ ਸਿੱਖਵਾਲਾ ਵਿਖੇ ਖਾਲ ਦੀ ਪਾਈਪ ਲਾਈਨ ਪਾਉਣ ਦੇ ਕੰਮ ਦੀ ਹੋਈ ਸ਼ੁਰੂਆਤ

ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੇ ਪਿੰਡ ਸਿੱਖਵਾਲਾ ਵਿਖੇ ਮਾਈਨਰ ਦੇ ਖਾਲ ਦੀ ਪਾਈਪ ਲਾਈਨ ਪਾਉਣ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਪਿੰਡ ਦੇ ਕਿਸਾਨਾਂ ਦੀ ਇਹ ਲੰਬੇ ਸਮੇਂ ਦੀ ਮੰਗ ਸੀ ਅਤੇ ਇਸ ਮੰਗ ਨੂੰ ਹੁਣ ਬੂਰ ਪਿਆ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੇ ਪਿੰਡ ਸਿੱਖਵਾਲਾ ਵਿਖੇ ਮੋਘਾ ਬੁਰਜੀ ਨੰਬਰ 2200 ਟੀ. ਆਰ ਆਉਟਲੈੱਟ ਆਫ ਸਿੱਖਵਾਲਾ ਮਾਈਨਰ ਦੇ ਖਾਲ ਦੀ ਪਾਈਪ ਲਾਈਨ ਪਾਉਣ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੱਸਿਆ ਕਿ ਇਹ ਪਾਈਪ ਲਾਈਨ 450 ਐੱਮ.ਐੱਮ ਦੀ 18 ਇੰਚੀ ਦੀ ਲੰਬਾਈ 6560 ਮੀਟਰ ਹੈ ਅਤੇ ਇਸ ਤੇ 1 ਕਰੋੜ 3 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਪਾਈਪ ਲਾਈਨ ਦੇ ਪੈਣ ਨਾਲ 650 ਏਕੜ ਜ਼ਮੀਨ ਅਤੇ 150 ਘਰਾਂ ਨੂੰ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਪਿੰਡ ਦੇ ਕਿਸਾਨਾਂ ਦੀ ਇਹ ਲੰਬੇ ਸਮੇਂ ਦੀ ਮੰਗ ਸੀ ਅਤੇ ਇਸ ਮੰਗ ਨੂੰ ਹੁਣ ਬੂਰ ਪਿਆ ਹੈ।

ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਆਖਿਆ ਕਿ ਇਸ ਸਾਰੇ ਕੰਮ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ ਅਤੇ ਇਸ ਨੂੰ ਜਲਦ ਤੋਂ ਜਲਦ ਕਿਸਾਨਾਂ ਦੇ ਸਪੁਰਦ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਪਾਣੀ ਸੰਬੰਧੀ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਬਿਨ੍ਹਾਂ ਪਾਣੀ ਤੋਂ ਕਿਸਾਨ ਕੁੱਝ ਵੀ ਨਹੀਂ। ਜੇਕਰ ਪਾਣੀ ਮਿਲਦਾ ਹੈ ਤਾਂ ਹੀ ਫਸਲ ਹੁੰਦੀ ਹੈ। ਇਸ ਮੌਕੇ ਪਿੰਡ ਸਿੱਖਵਾਲਾ ਦੇ ਸਰਪੰਚ ਹਰਪਿੰਦਰ ਸਿੰਘ, ਸਰਪੰਚ ਖੁਸ਼ਵੀਰ ਸਿੰਘ ਸਹਿਣਾ ਖੇੜਾ, ਜਗਵਿੰਦਰ ਸਿੰਘ ਕਾਲਾ ਸਰਪੰਚ ਭੀਟੀਵਾਲਾ, ਰਾਜ ਬਹਾਦਰ ਸਰਪੰਚ ਰੋੜਾਂਵਾਲੀ, ਐਕਸੀਅਨ ਨਵਦੀਪ ਸਿੰਘ ਟਿਊਬਵੈੱਲ ਕਾਰਪੋਰੇਸ਼ਨ, ਵਿਭਾਗ ਦੇ ਐੱਸ.ਈ ਰੁਪਿੰਦਰ ਸਿੰਘ, ਐੱਸ.ਡੀ.ਓ ਨਿਖਿਲ ਨਾਗਰਪਾਲ, ਜੇ.ਈ ਦਿਲਪ੍ਰੀਤ ਸਿੰਘ, ਟੋਜੀ ਲੰਬੀ, ਗੁਰਬਾਜ ਸਿੰਘ ਪੀ.ਏ, ਟੋਨੀ ਭੁੱਲਰਵਾਲਾ ਤੋਂ ਇਲਾਵਾ ਕਿਸਾਨ ਹਾਜ਼ਿਰ ਸਨ।

Author : Malout Live