ਗਿੱਦੜਬਾਹਾ ਦੇ ਪਿੰਡ ਭਲਾਈਆਣਾ 'ਚ ਸਕੂਲ ਬੱਸਾਂ ਦੀ ਚੈਕਿੰਗ, 9 ਵਾਹਨਾਂ ਦੇ ਕੱਟੇ ਚਲਾਨ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਗਿੱਦੜਬਾਹਾ ਦੇ ਪਿੰਡ ਭਲਾਈਆਣਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਟਾਸਕ ਫੋਰਸ ਟੀਮ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲ ਬੱਸਾਂ ਅਤੇ ਵੈਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਗਿੱਦੜਬਾਹਾ ਦੇ ਪਿੰਡ ਭਲਾਈਆਣਾ ਵਿਖੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਟਾਸਕ ਫੋਰਸ ਟੀਮ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲ ਬੱਸਾਂ ਅਤੇ ਵੈਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕੁੱਲ 17 ਸਕੂਲ ਬੱਸਾਂ/ਵੈਨਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਨਿਯਮਾਂ ਦੀ ਉਲੰਘਣਾਂ ਕਰਨ ਵਾਲੀਆਂ 9 ਸਕੂਲ ਬੱਸਾਂ/ਵੈਨਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸੱਭ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਅਤੇ ਵਾਹਨ ਡਰਾਈਵਰ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਲਾਜ਼ਮੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਕੂਲ ਵਾਹਨਾਂ ਵਿੱਚ "ਸਕੂਲ ਬੱਸ" ਦੀ ਸਪੱਸ਼ਟ ਨਿਸ਼ਾਨਦੇਹੀ, ਫਸਟ ਏਡ ਬਾਕਸ, ਸੀ.ਸੀ.ਟੀ.ਵੀ ਕੈਮਰਾ, ਅੱਗ ਬੁਝਾਊ ਯੰਤਰ, ਸਪੀਡ ਗਵਰਨਰ, ਐਮਰਜੈਂਸੀ ਐਗਜ਼ਿਟ, ਵੈਧ ਫਿਟਨੈੱਸ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ ਅਤੇ ਲੋੜੀਂਦੇ ਪਰਮਿਟ ਹੋਣਾ ਲਾਜ਼ਮੀ ਹੈ।

ਇਸ ਤੋਂ ਇਲਾਵਾ ਡਰਾਈਵਰ ਕੋਲ ਵੈਧ ਐੱਚ.ਐੱਮ.ਵੀ ਲਾਇਸੈਂਸ, ਘੱਟੋ-ਘੱਟ ਪੰਜ ਸਾਲ ਦਾ ਤਜਰਬਾ, ਪੁਲਿਸ ਵੈਰੀਫਿਕੇਸ਼ਨ ਅਤੇ ਮੈਡੀਕਲ ਫਿਟਨੈੱਸ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਕੂਲ ਬੱਸਾਂ/ਵੈਨਾਂ ਵਿੱਚ ਲੜਕੀਆਂ ਲਈ ਔਰਤ ਅਟੈਡੈਂਟ ਦਾ ਹੋਣਾ ਲਾਜਮੀ ਹੈ ਅਤੇ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਜਾਣ ਅਤੇ ਸਕੂਲ ਤੋਂ ਘਰ ਛੱਡਣ ਦੇ ਪੁਆਂਇੰਟ ਦੀ ਜਗ੍ਹਾ ਸੁਨਿਸਚਿਤ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਕਿਸੇ ਵੀ ਗੈਰ ਨਿਰਧਾਰਿਤ ਪੁਆਂਇੰਟ ਤੇ ਬੱਸ/ਵੈਨ ਤੋਂ ਨਾ ਉਤਾਰਿਆ ਜਾਵੇ ਅਤੇ ਕਿਸੇ ਵੀ ਬੱਚੇ ਨੂੰ ਸੁਪਰਵਿਜਨ ਤੋਂ ਬਿਨ੍ਹਾਂ ਰੋਡ ਕ੍ਰਾਸ ਨਾ ਕਰਵਾਈ ਜਾਵੇ ।ਬੱਚਿਆਂ ਦੀ ਹਾਜ਼ਰੀ ਰਜਿਸਟਰ, ਰੂਟ ਪਲਾਨ ਅਤੇ ਹੋਰ ਸੁਰੱਖਿਆ ਪ੍ਰਬੰਧ ਵੀ ਯਕੀਨੀ ਬਣਾਏ ਜਾਣੇ ਚਾਹੀਦੇ ਹਨ। ਉਨ੍ਹਾਂ ਸਮੂਹ ਸਕੂਲਾਂ ਅਤੇ ਵਾਹਨ ਡਰਾਈਵਰਾਂ ਨੂੰ ਬੱਚਿਆਂ ਦੀ ਸੁਰੱਖਿਆ ਲਈ ਸਾਰੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਬ ਇੰਸਪੈਕਟਰ ਹਰਭਗਵਾਨ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ, ਸੀ.ਐਚ.ਟੀ ਜਸਵਿੰਦਰ ਸਿੰਘ ਅਤੇ ਆਊਟਰੀਚ ਵਰਕਰ ਹੀਨਾ ਵੀ ਹਾਜ਼ਿਰ ਸਨ।

Author : Malout Live