ਚੜ੍ਹਦੀਕਲਾ ਸਮਾਜਸੇਵੀ ਸੰਸਥਾ ਮਲੋਟ ਦੀ ਕਾਰਜਕਾਰਨੀ ਮੈਂਬਰਾਂ ਦੀ ਹੋਈ ਮੀਟਿੰਗ
ਚੜ੍ਹਦੀਕਲਾ ਸਮਾਜਸੇਵੀ ਸੰਸਥਾ ਮਲੋਟ ਦੀ ਕਾਰਜਕਾਰਨੀ ਮੈਂਬਰਾਂ ਦੀ ਮੀਟਿੰਗ ਮੁੱਖ ਸਰਪ੍ਰਸਤ ਡਾ. ਸੁਖਦੇਵ ਸਿੰਘ ਗਿੱਲ ਅਤੇ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਨਰੂਲਾ ਹੋਟਲ ਐਂਡ ਰੈਸਟੋਰੈਂਟ ਜੀ.ਟੀ ਰੋਡ ਮਲੋਟ ਵਿਖੇ ਹੋਈ। ਮੀਟਿੰਗ ਦੌਰਾਨ ਸੰਸਥਾ ਵੱਲੋਂ ਨਗਰ ਕੌਂਸਲ ਦੇ ਐਮ.ਸੀ ਸਾਹਿਬਾਨਾਂ ਦੀ ਚੋਣ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ।
ਮਲੋਟ : ਚੜ੍ਹਦੀਕਲਾ ਸਮਾਜਸੇਵੀ ਸੰਸਥਾ ਮਲੋਟ ਦੀ ਕਾਰਜਕਾਰਨੀ ਮੈਂਬਰਾਂ ਦੀ ਮੀਟਿੰਗ ਮੁੱਖ ਸਰਪ੍ਰਸਤ ਡਾ. ਸੁਖਦੇਵ ਸਿੰਘ ਗਿੱਲ ਅਤੇ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਨਰੂਲਾ ਹੋਟਲ ਐਂਡ ਰੈਸਟੋਰੈਂਟ ਜੀ.ਟੀ ਰੋਡ ਮਲੋਟ ਵਿਖੇ ਹੋਈ। ਮੀਟਿੰਗ ਦੌਰਾਨ ਸੰਸਥਾ ਵੱਲੋਂ ਨਗਰ ਕੌਂਸਲ ਦੇ ਐਮ.ਸੀ ਸਾਹਿਬਾਨਾਂ ਦੀ ਚੋਣ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਵੇਂ ਚੁਣੇ ਗਏ ਸਮੂਹ ਐਮ.ਸੀ ਸਾਹਿਬਾਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਤੋਂ ਮਲੋਟ ਦੇ ਸਰਵਪੱਖੀ ਵਿਕਾਸ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਤਹਿਸੀਲ ਮਲੋਟ ਵਿੱਚ ਕਥਿਤ ਭ੍ਰਿਸ਼ਟਾਚਾਰ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਮੁੱਖ ਸਰਪ੍ਰਸਤ ਡਾ. ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਰਜਿਸਟਰੀਆਂ ਦੌਰਾਨ ਐਨ.ਓ.ਸੀ ਦੇ ਬਹਾਨੇ ਲੋਕਾਂ ਤੋਂ ਕਥਿਤ ਤੌਰ ਤੇ ਭਾਰੀ ਰਕਮ ਦੀ ਮੰਗ ਕੀਤੀ ਜਾਂਦੀ ਹੈ, ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਸਿਵਲ ਹਸਪਤਾਲ ਮਲੋਟ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਦੁਰਘਟਨਾ ਦੇ ਮਾਮਲਿਆਂ ਵਿੱਚ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇਣ ਦੀ ਬਜਾਏ ਕਈ ਵਾਰ ਤੁਰੰਤ ਬਾਹਰਲੇ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਲੋਕਾਂ ਵਿੱਚ ਨਾਰਾਜ਼ਗੀ ਹੈ।
ਸੰਸਥਾ ਨੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਕਿ ਸਾਫ਼ ਪੀਣ ਵਾਲੇ ਪਾਣੀ ਦੀ ਕਮੀ, ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ, ਅਵਾਰਾ ਕੁੱਤਿਆਂ ਅਤੇ ਬੇਸਹਾਰਾ ਪਸ਼ੂਆਂ ਦੀ ਵੱਧ ਰਹੀ ਗਿਣਤੀ, ਹੱਡਾ ਰੋੜੀ ਦੀ ਸਮੱਸਿਆ, ਸਰਕਾਰੀ ਬੱਸ ਅੱਡੇ ਦੀ ਲੋੜ ਅਤੇ ਬਾਜ਼ਾਰਾਂ ਵਿੱਚ ਰੇਹੜੀ-ਫੜੀ ਵਾਲਿਆਂ ਕਾਰਨ ਪੈਦਾ ਹੋ ਰਹੀਆਂ ਮੁਸ਼ਕਿਲਾਂ ਦਾ ਵੀ ਜ਼ਿਕਰ ਕੀਤਾ। ਸੰਸਥਾ ਦੇ ਆਗੂਆਂ ਨੇ ਕਿਹਾ ਕਿ ਮਲੋਟ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਆਉਣ ਦੇ ਬਾਵਜੂਦ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ। ਉਨ੍ਹਾਂ ਐਲਾਨ ਕੀਤਾ ਕਿ ਆਰ.ਟੀ.ਆਈ ਰਾਹੀਂ ਵਿਕਾਸ ਕਾਰਜਾਂ 'ਤੇ ਖਰਚ ਕੀਤੇ ਗਏ ਫੰਡਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਜਨਤਾ ਦੇ ਪੈਸੇ ਦੀ ਦੁਰਵਰਤੋਂ ਨਾ ਹੋ ਸਕੇ। ਇਸ ਮੌਕੇ ਚੇਅਰਮੈਨ ਮਹਿਮਾ ਸਿੰਘ, ਕੈਸ਼ੀਅਰ ਮਾਸਟਰ ਹਰਜਿੰਦਰ ਸਿੰਘ, ਜਨਰਲ ਸਕੱਤਰ ਹਰਭਜਨ ਸਿੰਘ, ਪਰਮਜੀਤ ਸਿੰਘ, ਬਲਦੇਵ ਸਿੰਘ ਸਾਹੀਵਾਲ, ਮਨਜੀਤ ਸਿੰਘ, ਵਿਜੇ ਨਰੂਲਾ, ਬਾਬਾ ਇਕਬਾਲ ਸਿੰਘ, ਡਾ. ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਜਸਵਿੰਦਰ ਸਿੰਘ ਵਾਲੀਆ, ਨਿਰਮਲ ਸਿੰਘ ਅਤੇ ਸੰਸਥਾ ਦੇ ਹੋਰ ਮੈਂਬਰ ਹਾਜ਼ਿਰ ਸਨ।
Author : Malout Live



