ਸਿਟੀ ਵਿਕਾਸ ਮੰਚ ਮਲੋਟ ਵੱਲੋਂ ਦੀ ਹੋਈ ਮੀਟਿੰਗ, ਇੱਕ ਮਹੀਨਾ ਫਿੱਕੀ ਚਾਹ ਪੀਣ ਦਾ ਕੀਤਾ ਐਲਾਨ

ਸਿਟੀ ਵਿਕਾਸ ਮੰਚ ਮਲੋਟ ਦੀ ਮੀਟਿੰਗ ਕਨਵੀਨਰ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਹੋਈ। ਮੀਟਿੰਗ ਦੌਰਾਨ ਲਗਾਤਾਰ ਵੱਧ ਰਹੀ ਮਹਿੰਗਾਈ ਸਮੇਤ ਮਲੋਟ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਡਾ. ਗਿੱਲ ਨੇ ਕਿਹਾ ਕਿ ਖੰਡ ਦਾ ਰੇਟ ਲਗਭਗ 65 ਰੁਪਏ ਅਤੇ ਗੁੜ ਦਾ ਰੇਟ ਕਰੀਬ 90 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।

ਮਲੋਟ : ਸਿਟੀ ਵਿਕਾਸ ਮੰਚ ਮਲੋਟ ਦੀ ਮੀਟਿੰਗ ਕਨਵੀਨਰ ਡਾ. ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਹੋਈ। ਮੀਟਿੰਗ ਦੌਰਾਨ ਲਗਾਤਾਰ ਵੱਧ ਰਹੀ ਮਹਿੰਗਾਈ ਸਮੇਤ ਮਲੋਟ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ। ਡਾ. ਗਿੱਲ ਨੇ ਕਿਹਾ ਕਿ ਖੰਡ ਦਾ ਰੇਟ ਲਗਭਗ 65 ਰੁਪਏ ਅਤੇ ਗੁੜ ਦਾ ਰੇਟ ਕਰੀਬ 90 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਇਸੇ ਤਰ੍ਹਾਂ ਪਿਆਜ਼ 50 ਰੁਪਏ ਅਤੇ ਟਮਾਟਰ 45 ਰੁਪਏ ਪ੍ਰਤੀ ਕਿਲੋ ਹੋਣ ਕਾਰਨ ਮਹਿੰਗਾਈ ਦਾ ਸਭ ਤੋਂ ਵੱਧ ਪ੍ਰਭਾਵ ਆਮ ਅਤੇ ਗਰੀਬ ਵਰਗ ਤੇ ਪੈ ਰਿਹਾ ਹੈ। ਇਸ ਮੌਕੇ ਸਿਟੀ ਵਿਕਾਸ ਮੰਚ ਦੇ ਮੈਂਬਰਾਂ ਵੱਲੋਂ 1 ਮਹੀਨਾ ਫਿੱਕੀ ਚਾਹ ਪੀਣ ਦਾ ਵੀ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਮੁਫ਼ਤ ਸਹੂਲਤਾਂ ਦੇਣ ਦੀ ਗੱਲ ਕਰ ਰਹੀਆਂ ਹਨ, ਜਦਕਿ ਦੂਜੇ ਪਾਸੇ ਮਹਿੰਗਾਈ ਲਗਾਤਾਰ ਵਧ ਰਹੀ ਹੈ। ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਰਾਹਤ ਦੇਣ ਲਈ ਮਹਿੰਗਾਈ ਤੇ ਕਾਬੂ ਪਾਇਆ ਜਾਵੇ।

ਉਨ੍ਹਾਂ ਕਿਹਾ ਕਿ ਲੋਕ ਸਾਫ਼ ਪੀਣ ਵਾਲੇ ਪਾਣੀ ਲਈ ਵੀ ਸੰਤਾਪ ਭੋਗ ਰਹੇ ਹਨ ਅਤੇ ਸੀਵਰੇਜ ਸਿਸਟਮ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸ਼ਹਿਰ ਵਿੱਚ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਲੋਕ ਅੱਜ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਮਲੋਟ ਸ਼ਹਿਰ ਸਰਕਾਰੀ ਬੱਸ ਅੱਡੇ ਦੀ ਸਹੂਲਤ ਤੋਂ ਵਾਂਝਾ ਹੈ। ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਵੀ ਅਜੇ ਤੱਕ ਕੋਈ ਢੁਕਵਾਂ ਹੱਲ ਨਹੀਂ ਹੋਇਆ। ਇਸ ਤੋਂ ਇਲਾਵਾ ਦਾਣਾ ਮੰਡੀ ਦੇ ਦੂਜੇ ਗੇਟ ਦੇ ਸਾਹਮਣੇ ਜੀ.ਟੀ ਰੋਡ ਤੇ ਟ੍ਰੈਫਿਕ ਲਾਈਟਾਂ ਲਗਾਉਣ ਦੀ ਲੋੜ ਹੈ ਕਿਉਂਕਿ ਇੱਥੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ, ਹਲਕਾ ਵਿਧਾਇਕ ਡਾ. ਬਲਜੀਤ ਕੌਰ, ਨਗਰ ਕੌਂਸਲ ਮਲੋਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਲੋਕ ਹਿੱਤ ਨਾਲ ਜੁੜੀਆਂ ਇਨ੍ਹਾਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਇਸ ਮੌਕੇ ਡਾ. ਸੁਖਦੇਵ ਸਿੰਘ ਗਿੱਲ ਤੋਂ ਇਲਾਵਾ ਪ੍ਰਧਾਨ ਸਰੂਪ ਸਿੰਘ, ਕੈਸ਼ੀਅਰ ਦੇਸਰਾਜ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ ਬਰਾੜ, ਮਨਜੀਤ ਸਿੰਘ, ਸੁਖਮੰਦਰ ਸਿੰਘ ਗਿੱਲ, ਬਲਵੰਤ ਸਿੰਘ ਵਕੀਲ, ਹਰਿਮੰਦਰ ਸਿੰਘ ਹਰੀ, ਗੁਰਚਰਨ ਸਿੰਘ ਸੋਨੀ, ਹਰਦਿਆਲ ਸਿੰਘ, ਰਕੇਸ਼ ਕੁਮਾਰ ਜੈਨ, ਦਰਸ਼ਨ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ।

Author : Malout Live