ਕੈਰੋਂ ਰੋਡ ਕੱਟ ਬਣਿਆ ਹਾਦਸਿਆਂ ਦਾ ਕਾਰਨ, ਵੱਡੇ ਹਾਦਸੇ ਦੀ ਉਡੀਕ 'ਚ ਵਿਭਾਗ
ਨਗਰ ਕੌਂਸਲ ਵੱਲੋਂ ਕੈਰੋਂ ਰੋਡ ਕੱਟ ਸਾਹਮਣੇ ਕਰੀਬ ਦੋ ਮਹੀਨੇ ਪਹਿਲਾਂ ਨਾਜਾਇਜ਼ ਕਬਜ਼ਾ ਹਟਾ ਕੇ ਖੋਲ੍ਹਿਆ ਗਿਆ ਰਸਤਾ ਹੁਣ ਲੋਕਾਂ ਲਈ ਸਹੂਲਤ ਦੀ ਬਜਾਏ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਰਸਤਾ ਖੁੱਲ੍ਹਣ ਨਾਲ ਇੱਥੇ ਵਾਹਨਾਂ ਦੀ ਆਵਾਜਾਈ ਕਈ ਗੁਣਾ ਵਧ ਗਈ ਹੈ।
ਮਲੋਟ : ਨਗਰ ਕੌਂਸਲ ਵੱਲੋਂ ਕੈਰੋਂ ਰੋਡ ਕੱਟ ਸਾਹਮਣੇ ਕਰੀਬ ਦੋ ਮਹੀਨੇ ਪਹਿਲਾਂ ਨਾਜਾਇਜ਼ ਕਬਜ਼ਾ ਹਟਾ ਕੇ ਖੋਲ੍ਹਿਆ ਗਿਆ ਰਸਤਾ ਹੁਣ ਲੋਕਾਂ ਲਈ ਸਹੂਲਤ ਦੀ ਬਜਾਏ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਰਸਤਾ ਖੁੱਲ੍ਹਣ ਨਾਲ ਇੱਥੇ ਵਾਹਨਾਂ ਦੀ ਆਵਾਜਾਈ ਕਈ ਗੁਣਾ ਵਧ ਗਈ ਹੈ। ਆਲਮ ਇਹ ਹੈ ਕਿ ਮੁੱਖ ਸੜਕ ਦੇ ਟ੍ਰੈਫਿਕ ਅਤੇ ਕੱਟ 'ਚੋਂ ਨਿਕਲਣ ਵਾਲੇ ਵਾਹਨਾਂ ਦਾ ਅਕਸਰ ਆਹਮੋ-ਸਾਹਮਣਾ ਹੋ ਜਾਂਦਾ ਹੈ, ਜਿਸ ਨਾਲ ਹਾਦਸੇ ਵਰਗੀ ਸਥਿਤੀ ਬਣੀ ਰਹਿੰਦੀ ਹੈ । ਕਾਰਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨ ਬਿਨਾਂ ਕਿਸੇ ਸੰਕੇਤਕ ਦੇ ਇੱਕੋ ਸਮੇਂ ਮੁੱਖ ਸੜਕ 'ਤੇ ਆਉਂਦੇ-ਜਾਂਦੇ ਹਨ। ਭੀੜ-ਭੜੱਕੇ ਵਾਲੇ ਸਮੇਂ 'ਚ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਸਤਾ ਖੋਲ੍ਹਣ ਵੇਲੇ ਟ੍ਰੈਫਿਕ ਪ੍ਰਬੰਧਾਂ ਬਾਰੇ ਕੋਈ ਪਹਿਲਾਂ ਤੋਂ ਤਿਆਰੀ ਨਹੀਂ ਕੀਤੀ ਗਈ। ਨਾ ਹੀ ਇੱਥੇ ਕੋਈ ਟ੍ਰੈਫਿਕ ਲਾਈਟ, ਸਪੀਡ ਬ੍ਰੇਕਰ, ਸਾਈਨ ਬੋਰਡ ਜਾਂ ਪੁਲਿਸ ਕਰਮਚਾਰੀ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਜਦੋਂ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਜੋਨੀ ਗਰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਜਗ੍ਹਾ 'ਤੇ ਟ੍ਰੈਫਿਕ ਲਾਈਟਾਂ ਲਗਾਉਣ ਦੀ ਯੋਜਨਾ ਪਹਿਲਾਂ ਹੀ ਹੈ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ 'ਤੇ ਜਲਦ ਫੈਸਲਾ ਲਿਆ ਜਾਵੇਗਾ । ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਇਸ ਕੱਟ 'ਤੇ ਟ੍ਰੈਫਿਕ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਆਵਾਜਾਈ ਸੁਚਾਰੂ ਹੋ ਸਕੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
Author : Malout Live



