ਪਿੰਡ ਰਹੂੜਿਆਂਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ
ਪਿੰਡ ਰਹੂੜਿਆਂਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਗਸੀਰ ਸਿੰਘ ਨੇ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ, ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਰਹੂੜਿਆਂਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਡਾ. ਹਰਮਨਦੀਪ ਸਿੰਘ ਏ.ਡੀ.ਓ. ਸਰਕਲ ਬਧਾਈ ਨੇ ਕੈਂਪ ਦੌਰਾਨ ਮੰਚ ਦਾ ਸੰਚਾਲਨ ਕੀਤਾ ਅਤੇ ਕਿਸਾਨਾਂ ਨੂੰ ਧਰਤੀ ਮਾਤਾ ਬਚਾਓ ਅਭਿਆਨ ਤਹਿਤ ਮਿੱਟੀ ਪਾਣੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਸਮਾਂ ਮਿੱਟੀ ਅਤੇ ਪਾਣੀ ਪਰਖ ਕਰਵਾਉਣ ਲਈ ਬਿਲਕੁਲ ਢੁੱਕਵਾਂ ਹੈ ਤਾਂ ਜੋ ਰਸਾਇਣਿਕ ਖਾਦਾਂ ਤੇ ਹੋ ਰਹੇ ਖਰਚੇ ਨੂੰ ਘਟਾਇਆ ਜਾ ਸਕੇ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਡਾ. ਗੁਰਵਿੰਦਰ ਸਿੰਘ ਸਹਾਇਕ ਪ੍ਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ ਗੋਨੇਆਣਾ ਨੇ ਸਾਉਣੀ ਦੀਆਂ ਫਸਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਸੰਬੰਧੀ ਆਪਣੇ ਵਿਚਾਰ ਕਿਸਾਨਾਂ ਨਾਲ ਸਾਂਝੇ ਕੀਤੇ। ਕੈਂਪ ਵਿੱਚ ਉਚੇਚੇ ਤੌਰ ਤੇ ਪਹੁੰਚੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਜਗਸੀਰ ਸਿੰਘ ਨੇ ਕਿਸਾਨਾਂ ਨਾਲ ਨਰਮੇਂ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਸੰਬੰਧੀ, ਫਾਰਮਰ ਰਜਿਸਟਰੀ, ਪੰਜਾਬ ਸਰਕਾਰ ਵੱਲੋਂ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਨਰਮੇਂ ਬੀਜ ਤੇ 33 ਪ੍ਰਤੀਸ਼ਤ ਸਬਸਿਡੀ, ਜੰਤਰ ਬੀਜ ਸਬਸਿਡੀ, ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਆਦਿ ਦੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਇਸ ਟਰੇਨਿੰਗ ਦਾ ਸਾਰਾ ਪ੍ਰਬੰਧ ਸ਼੍ਰੀ ਸਵਰਨਜੀਤ ਸਿੰਘ, ਅਸਿਸਟੈਂਟ ਟੈਕਨੋਲੋਜੀ ਮੈਨੇਜਰ (ਆਤਮਾ) ਅਤੇ ਸ੍ਰੀ ਦੀਪਇੰਦਰ ਸਿੰਘ ਸੇਵਾਦਾਰ ਵੱਲੋਂ ਕੀਤਾ ਗਿਆ।
Author : Malout Live



