ਮਲੋਟ ਵਿੱਚ ਸੋਨਾ ਚੋਰੀ ਮਾਮਲੇ ‘ਚ ਪਰਿਵਾਰ ਵੱਲੋਂ ਸੁਨਿਆਰੇ ਦੀ ਗ੍ਰਿਫਤਾਰੀ ਦੀ ਮੰਗ, ਨਹੀਂ ਤਾਂ ਲੱਗੇਗਾ ਥਾਣੇ ਅੱਗੇ ਧਰਨਾ
ਪਿਛਲੇ ਦਿਨੀ ਮਲੋਟ ਵਿਖੇ ਇਕ ਘਰ ਵਿੱਚੋਂ ਨੌਕਰਾਣੀ ਵੱਲੋਂ ਚੋਰੀ ਕੀਤੇ ਸੋਨੇ ਦੇ ਮਾਮਲੇ ਵਿਚ ਨਾਮਜਦ ਸੁਨਿਆਰੇ ਦੀ ਗ੍ਰਿਫਤਾਰੀ ਨੂੰ ਲੈਕੇ ਪਰਿਵਾਰ ਵੱਲੋਂ ਜਿਲ੍ਹਾ ਪੁਲਿਸ ਕਪਤਾਨ ਨੂੰ ਮਿਲ ਕੇ ਮੰਗ ਕੀਤੀ ਗਈ ਹੈ ਕਿ ਮੁਲਜ਼ਮ ਸੁਨਿਆਰੇ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।
ਮਲੋਟ : ਪਿਛਲੇ ਦਿਨੀ ਮਲੋਟ ਵਿਖੇ ਇਕ ਘਰ ਵਿੱਚੋਂ ਨੌਕਰਾਣੀ ਵੱਲੋਂ ਚੋਰੀ ਕੀਤੇ ਸੋਨੇ ਦੇ ਮਾਮਲੇ ਵਿਚ ਨਾਮਜਦ ਸੁਨਿਆਰੇ ਦੀ ਗ੍ਰਿਫਤਾਰੀ ਨੂੰ ਲੈਕੇ ਪਰਿਵਾਰ ਵੱਲੋਂ ਜਿਲ੍ਹਾ ਪੁਲਿਸ ਕਪਤਾਨ ਨੂੰ ਮਿਲ ਕੇ ਮੰਗ ਕੀਤੀ ਗਈ ਹੈ ਕਿ ਮੁਲਜ਼ਮ ਸੁਨਿਆਰੇ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਮਲੋਟ ਵਿਖੇ ਬਲਦੇਵ ਰਾਜ ਨਾਮਕ ਵਿਅਕਤੀ ਦੇ ਘਰੋਂ ਨੌਕਰਾਣੀ ਨੇ 400 ਗ੍ਰਾਮ ਸੋਨਾ ਅਤੇ 50 ਹਜਾਰ ਨਕਦੀ ਚੋਰੀ ਕੀਤੇ ਸਨ। ਲੱਖਾਂ ਦੀ ਕੀਮਤ ਦੇ ਸੋਨੇ ਨੂੰ ਵੇਚਣ ਮੌਕੇ ਨੌਕਰਾਣੀ ਨੇ ਕੁੱਝ ਸਹੇਲੀਆਂ ਦੀ ਮਦਦ ਲਈ ਅਤੇ ਸੁਨਿਆਰੇ ਨੇ ਸਧਾਰਨ ਵਿਅਕਤੀਆਂ ਤੋਂ ਵੱਡੀ ਮਾਤਰਾ ਵਿੱਚ ਸੋਨਾ ਲੈਣ ਤੇ ਸਾਫ਼ ਹੋ ਗਿਆ ਕਿ ਸਾਰਾ ਕੁੱਝ ਮਿਲੀਭੁਗਤ ਨਾਲ ਹੋਇਆ ਹੈ।
ਜਿਸ ਤਹਿਤ ਪੁਲਸ ਨੇ ਨੌਕਰਾਣੀ, ਉਸਦੀਆਂ ਸਹੇਲੀਆਂ, ਉਸਦੇ ਪਤੀ, ਇੱਕ ਪਤੀ-ਪਤਨੀ ਅਤੇ ਮਾਂ ਸਮੇਤ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ। ਬਾਅਦ ਵਿੱਚ ਪੁਲਸ ਨੇ ਸੁਨਿਆਰੇ ਦੀ ਸ਼ਮੂਲੀਅਤ ਕਰਕੇ ਉਸ ਨੂੰ ਵੀ ਨਾਮਜ਼ਦ ਕਰ ਲਿਆ। ਸਿਟੀ ਮਲੋਟ ਪੁਲਸ ਨੇ ਬਾਕੀ ਮੁਲਜ਼ਮਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਸੁਨਿਆਰੇ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਸੰਬੰਧੀ ਬਲਦੇਵ ਰਾਜ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਜਿਲ੍ਹਾ ਪੁਲਸ ਕਪਤਾਨ ਦਫ਼ਤਰ ਜਾ ਕੇ ਬੇਨਤੀ ਕੀਤੀ ਕਿ ਸੁਨਿਆਰੇ ਦੀ ਮੁੱਖ ਭੂਮਿਕਾ ਹੈ, ਇਸ ਲਈ ਉਸ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਪਰਿਵਾਰ ਅਨੁਸਾਰ ਐੱਸ.ਪੀ.ਡੀ ਮਨਮੀਤ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮ ਸੁਨਿਆਰੇ ਸੁਖਵਿੰਦਰ ਸੁੱਖੀ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਧਰ ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਨੇ ਹੋਰ ਢਿੱਲ ਵਰਤੀ ਤਾਂ ਉਹ ਇਸ ਸੰਬੰਧੀ ਥਾਣੇ ਬਾਹਰ ਰੋਸ ਧਰਨਾ ਲਾਉਣਗੇ।
Author : Malout Live



