ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਅਭਿਜੀਤ ਕਪਲਿਸ਼ ਨੇ ਦਫਤਰ ਡਿਪਟੀ ਕਮਿਸ਼ਨਰ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਕੰਮਾਂ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਅਭਿਜੀਤ ਕਪਲਿਸ਼ ਦੀਆਂ ਹਦਾਇਤਾਂ ਤੇ ਡਾ. ਸੰਜੀਵ ਕੁਮਾਰ ਆਰ.ਟੀ.ਓ ਦੀ ਅਗਵਾਈ ਹੇਠ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦਫਤਰ ਡਿਪਟੀ ਕਮਿਸ਼ਨਰ ਵਿਖੇ ਕੀਤੀ ਗਈ। ਉਨ੍ਹਾਂ ਜਿਲ੍ਹੇ ਦੀਆਂ ਨਗਰ ਕੌਸਲਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ਅੰਦਰ ਜਿਨ੍ਹਾਂ ਦੁਕਾਨਦਾਰਾਂ ਨੇ ਨਜਾਇਜ਼ ਤੌਰ ਤੇ ਕਬਜ਼ੇ ਕੀਤੇ ਹਨ, ਉਨ੍ਹਾਂ ਕਬਜਿਆਂ ਨੂੰ ਛੁਡਵਾਉਣ ਲਈ ਮੁਹਿੰਮ ਤੇਜ ਕੀਤੀ ਜਾਵੇ ਅਤੇ ਨਗਰ ਕੌਸਲ ਦੀਆਂ ਹਦੂਦ ਅੰਦਰ ਜੋ ਸਟਰੀਟ ਲਾਈਟਾਂ ਖਰਾਬ ਪਈਆਂ ਹਨ, ਉਨ੍ਹਾਂ ਨੂੰ ਠੀਕ ਕਰਵਾਇਆ ਜਾਵੇ। ਇਸ ਮੌਕੇ ਉਨ੍ਹਾਂ ਮੰਡੀ ਬੋਰਡ ਅਤੇ ਬੀ.ਐਂਡ.ਆਰ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਹੜੀਆਂ ਸੜਕਾਂ ਟੁੱਟੀਆਂ ਹਨ, ਉਨ੍ਹਾਂ ਨੂੰ ਠੀਕ ਕਰਵਾਇਆ ਜਾਵੇ।
ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਹੜੇ ਸਕੂਲ ਮੁੱਖ ਸੜਕਾਂ ਦੇ ਨਜ਼ਦੀਕ ਹਨ, ਉੱਥੇ ਸਾਈਨ ਬੋਰਡ ਅਤੇ ਸਪੀਡ ਬ੍ਰੇਕਰਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਕੂਲੀ ਬੱਚਿਆਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਾ ਪਹੁੰਚੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਸੜਕੀ ਹਾਦਸੇ ਦੇ ਜਖਮੀ ਹਸਪਤਾਲ ਪਹੁੰਚਾਉਣ ਵਿੱਚ ਮੱਦਦ ਕਰਦਾ ਹੈ ਤਾਂ ਇਸ ਨੂੰ ਸਰਕਾਰ ਵੱਲੋਂ ਫਰਿਸ਼ਤੇ ਸਕੀਮ ਤਹਿਤ ਸਨਮਾਨਿਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਸੜਕ ਸੁਰੱਖਿਆਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਪੂਰੀ ਸਾਵਧਾਨੀ ਵਰਤੀ ਜਾਵੇ। ਇਸ ਮੌਕੇ ਸ਼੍ਰੀ ਜਸਪਾਲ ਸਿੰਘ ਐੱਸ.ਡੀ.ਐਮ ਗਿੱਦੜਬਾਹਾ, ਸ਼੍ਰੀ ਸਲਿੰਦਰ ਗੋਇਲ ਏ.ਟੀ.ਓ (ਜੀ), ਡਾ. ਨਰੇਸ਼ ਪਰੂਥੀ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ ਅਤੇ ਸ਼੍ਰੀ ਜਸਪ੍ਰੀਤ ਸਿੰਘ ਛਾਬੜਾ ਤੋਂ ਇਲਾਵਾ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਿਰ ਸਨ।
Author : Malout Live