ਪਿੰਡ ਝੋਰੜ ਮਾਮਲੇ ਦੇ ਵਿੱਚ ਆਰੋਪੀਆਂ ਦੀ ਅਗਾਊਂ ਜਮਾਨਤ ਰੱਦ, ਗ੍ਰਿਫਤਾਰੀ ਦੀ ਕੀਤੀ ਪਰਿਵਾਰ ਨੇ ਮੰਗ
ਮਲੋਟ ਦੇ ਪਿੰਡ ਝੋਰੜ ਵਿਖੇ 6 ਜੂਨ ਦੀ ਦੁਪਹਿਰ ਦੋ ਨੌਜਵਾਨਾਂ ਨੂੰ ਕਥਿਤ ਤੌਰ 'ਤੇ ਘਰੋਂ ਚੁੱਕ ਕੇ ਨਿਰਵਸਤਰ ਕਰਕੇ ਬੇਰਹਿਮੀ ਨਾਲ ਕੁੱਟਮਾਰ ਕਰਨ, ਜਾਤੀ ਸੂਚਕ ਤਰੀਕੇ ਨਾਲ ਜ਼ਲੀਲ ਕਰਨ ਅਤੇ ਖੇਤਾਂ ਵਿੱਚ ਨੰਗੀ ਹਾਲਤ ਵਿੱਚ ਘੜੀਸਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਰੋਪੀਆਂ ਨੂੰ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਦੀਆਂ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਮਲੋਟ : ਮਲੋਟ ਸਬ-ਡਿਵੀਜ਼ਨ ਦੇ ਪਿੰਡ ਝੋਰੜ ਵਿਖੇ 6 ਜੂਨ ਦੀ ਦੁਪਹਿਰ ਦੋ ਨੌਜਵਾਨਾਂ ਨੂੰ ਕਥਿਤ ਤੌਰ 'ਤੇ ਘਰੋਂ ਚੁੱਕ ਕੇ ਨਿਰਵਸਤਰ ਕਰਕੇ ਬੇਰਹਿਮੀ ਨਾਲ ਕੁੱਟਮਾਰ ਕਰਨ, ਜਾਤੀ ਸੂਚਕ ਤਰੀਕੇ ਨਾਲ ਜ਼ਲੀਲ ਕਰਨ ਅਤੇ ਖੇਤਾਂ ਵਿੱਚ ਨੰਗੀ ਹਾਲਤ ਵਿੱਚ ਘੜੀਸਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਆਰੋਪੀਆਂ ਨੂੰ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਦੀਆਂ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਖੇਤਾਂ ਵਿੱਚ ਝੋਨਾ ਲਾ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਫੋਨ ਖੋਹੇ ਜਾਣ ਤੇ ਕਥਿਤ ਤੌਰ ਤੇ ਕੁਝ ਵਿਅਕਤੀਆਂ ਵੱਲੋਂ ਦੋ ਨੌਜਵਾਨਾਂ ਨੂੰ ਉਨ੍ਹਾਂ ਦੇ ਘਰੋਂ ਚੁੱਕ ਕੇ ਖੇਤਾਂ ਵਿੱਚ ਲਿਜਾਇਆ ਗਿਆ ਅਤੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਅਣਮਨੁੱਖੀ ਵਿਹਾਰ ਕੀਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਚਰਚਾ ਵਿੱਚ ਆ ਗਿਆ ਸੀ। ਇਸ ਮਾਮਲੇ ਵਿੱਚ ਗੁਰਪਿੰਦਰ ਪਾਲ ਸਿੰਘ ਉਰਫ ਬੱਗਾ ਦੀ ਮਾਤਾ ਜਸਪਾਲ ਕੌਰ ਦੇ ਬਿਆਨਾਂ 'ਤੇ ਥਾਣਾ ਸਦਰ ਮਲੋਟ ਪੁਲਿਸ ਵੱਲੋਂ ਹਰਦੀਪ ਸਿੰਘ, ਅਵਤਾਰ ਸਿੰਘ, ਰਿੰਪਾ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਬਿੱਲਾ ਸਮੇਤ ਖੇਤਾਂ ਵਿੱਚ ਝੋਨਾ ਲਾ ਰਹੇ ਸੱਤ ਪ੍ਰਵਾਸੀ ਮਜ਼ਦੂਰਾਂ ਸਮੇਤ ਕੁੱਲ 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਮਾਮਲੇ ਦਾ ਨੋਟਿਸ ਲੈਂਦਿਆਂ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁੱਖੀ ਨੂੰ 9 ਜੂਨ ਨੂੰ ਆਪਣੇ ਕੋਲ ਤਲਬ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਸੱਤ ਪ੍ਰਵਾਸੀ ਮਜ਼ਦੂਰਾਂ ਦੀ ਗ੍ਰਿਫਤਾਰੀ ਦਿਖਾਈ ਗਈ ਸੀ। ਦੱਸਿਆ ਜਾਂਦਾ ਹੈ ਕਿ ਪੁਲਿਸ ਜਾਂਚ ਦੇ ਆਧਾਰ 'ਤੇ ਰਿੰਪਾ ਸਿੰਘ ਨੂੰ ਰਾਹਤ ਦਿੰਦਿਆਂ ਉਸਦਾ ਨਾਮ ਮਾਮਲੇ ਵਿੱਚੋਂ ਹਟਾ ਦਿੱਤਾ ਗਿਆ ਸੀ, ਜਦਕਿ ਇੱਕ ਹੋਰ ਆਰੋਪੀ ਮਨਪ੍ਰੀਤ ਸਿੰਘ ਉਰਫ ਬਿੱਲਾ ਦੇ ਵਿਦੇਸ਼ ਜਾਣ ਵਿੱਚ ਸਫਲ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਜਦੋਂ ਪੁਲਿਸ ਮੁੱਖੀ ਵਰੁਣ ਯਾਦਵ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕੋਰਟ ਦੇ ਨੋਟਿਸ ਸਾਨੂੰ ਮਿਲ ਗਏ ਹਨ, ਜਲਦ ਗ੍ਰਿਫਤਾਰੀ ਹੋ ਜਾਵੇਗੀ। ਪੀੜ੍ਹਿਤ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਬਾਕੀ ਆਰੋਪੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਪੀੜ੍ਹਿਤ ਪਰਿਵਾਰ ਨੂੰ ਸੁਰੱਖਿਆ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ।
Author : Malout Live



