ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਸਟਾਫ ਦਾ ਸਮਾਜ ਭਲਾਈ ਦੇ ਖੇਤਰ ਵਿੱਚ ਵੱਡੇ ਯੋਗਦਾਨ ਵਾਸਤੇ ਕੀਤਾ ਗਿਆ ਸਨਮਾਨ ।

ਮਲੋਟ :- ਇਲਾਕੇ ਦੀ ਇਸ ਨਾਮਵਾਰ ਸਹਿ-ਵਿੱਦਿਅਕ ਸੰਸਥਾ ਦੇ ਸਟਾਫ਼ ਨੇ ਅਕਾਦਮਿਕ ਖੇਤਰ ਦੇ ਨਾਲ - ਨਾਲ ਸਮਾਜਿਕ ਅਤੇ ਸਾਹਿਤਕ ਖੇਤਰ ਵਿੱਚ ਵੱਡਮੁੱਲੇ ਯੋਗਦਾਨ ਨਾਲ ਅਮਿੱਟ ਪੈੜਾਂ ਛੱਡੀਆਂ ਹਨ । ਕਰੋਨਾ ਕਾਰਨ ਜਿੱਥੇ ਸਮਾਜ ਵਿੱਚ ਸਹਿਮ ਅਤੇ ਇਕਲਾਪੇ ਦੀ ਸਥਿਤੀ ਉੱਤਪੰਨ ਹੋ ਚੁੱਕੀ ਸੀ ,ਉੱਥੇ ਕਾਲਜ ਦਾ ਸਟਾਫ ਸਮਾਜ ਅਤੇ ਇਲਾਕੇ ਲਈ ਇੱਕ ਮਿਸਾਲ ਬਣ ਕੇ ਉੱਭਰਿਆ ਹੈ । ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਅਗਸਤ 2020 ਵਿੱਚ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਨਵੇਂ ਪ੍ਰਿੰਸੀਪਲ ਨਿਯੁਕਤ ਹੋਏ ਸਨ । ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਦਾ ਮੰਨਣਾ ਹੈ ਕਿ ਇੱਕ ਵਿਦਿਅਕ ਸੰਸਥਾ ਦਾ ਫ਼ਰਜ ਕੇਵਲ ਵਿਦਿਅਕ ਡਿਗਰੀ ਦੇਣਾ ਹੀ ਨਹੀਂ ਹੁੰਦਾ ਸਗੋਂ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਉੱਚਿਤ ਮਾਹੌਲ ਮੁਹੱਈਆ ਕਰਾਉਣਾ ਵੀ ਹੁੰਦਾ ਹੈ । ਇਸ ਮਨੋਰਥ ਦੀ ਪੂਰਤੀ ਲਈ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਸਮੇਂ ਸਮੇਂ ਸਾਹਿਤਕ , ਵਿਦਿਅਕ ਅਤੇ ਸਮਾਜਿਕ ਪ੍ਰੋਗਰਾਮਾਂ ਦਾ ਅਯੋਜਨ ਕਰਦੇ ਹੋਏ ਦਿਖਾਈ ਦਿੰਦੇ ਹਨ । ਇਹਨਾਂ ਦੀ ਪ੍ਰੇਰਕ ਅਗਵਾਈ ਹੇਠ ਸਟਾਫ ਨੇ ਨਵੀਆਂ ਪੈੜ੍ਹਾਂ ਪਾਉਂਦਿਆਂ ਪ੍ਰੋ. ਹਿਰਦੇਪਾਲ ਸਿੰਘ ਮਲੋਟ ਸਾਹਿਤਕ ਹਲਕਿਆਂ ਵਿੱਚ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹਨ । ਹੁਣ ਤੱਕ ਖੋਜ ਖੇਤਰ ਨਾਲ ਸੰਬੰਧਤ ਪੰਜ ਮੌਲਿਕ ਪੁਸਤਕਾਂ ਦੀ ਰਚਨਾ , ਵੱਖ - ਵੱਖ ਭਾਸ਼ਾਵਾਂ ਦੀਆਂ ਤਿੰਨ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਅਤੇ ਤਕਰੀਬਨ 20 ਪੁਸਤਕਾਂ ਵਿੱਚ ਖੋਜ ਪੱਤਰ ਪ੍ਰਕਾਸ਼ਿਤ ਕਰਵਾ ਚੁੱਕੇ ਹਨ ।ਭਾਰਤੀਯ ਸਾਹਿਤ ਅਕਾਦਮੀ ਦੇ ਯੁਵਾ ਪ੍ਰਕਾਸ਼ਨ 2020 ਵਿੱਚ ਆਪ ਦੀ ਖੋਜ ਪੁਸਤਕ "ਦੀਪਕ ਜੈਤੋਈ ਜੀਵਨ ਅਤੇ ਗੀਤ ਕਲਾ" ਪਹਿਲੀਆਂ ਪੰਜ ਪੁਸਤਕਾਂ ਵਿੱਚ ਚੁਣੀ ਗਈ, ਜਿਸ ਨਾਲ ਕਾਲਜ ਅਤੇ ਇਲਾਕੇ ਦਾ ਨਾਂ ਸਾਹਿਤਕ ਖੇਤਰ ਵਿੱਚ ਹੋਰ ਵੀ ਉੱਚਾ ਹੋਇਆ ਹੈ । ਉਥੇ ਹੀ ਪ੍ਰੋ. ਗੁਰਬਿੰਦਰ ਸਿੰਘ ਖੋਜ ਅਤੇ ਕਵਿਤਾ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾ ਰਹੇ ਹਨ । ਭਾਰਤੀ ਸਾਹਿਤ ਅਕਾਦਮੀ ਵੱਲੋਂ ਗੁਰਬਿੰਦਰ ਸਿੰਘ ਦਾ ਪਹਿਲਾਂ ਕਾਵਿ ਸੰਗ੍ਰਹਿ "ਨੈਣ ਮਮੋਲੜੇ" ਛਾਪਿਆ ਗਿਆ ਜੋ ਕਵਿਤਾ ਦੇ ਖੇਤਰ ਵਿੱਚ ਅਹਿਮ ਸਥਾਨ ਰੱਖਦਾ ਹੈ । ਇਸ ਤੋਂ ਇਲਾਵਾ ਲਗਭਗ ਪੰਦਰਾਂ ਖੋਜ ਪੇਪਰ ਪ੍ਰਕਾਸ਼ਿਤ ਕਰਵਾ ਚੁੱਕੇ ਹਨ ।

ਆਪ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਕਰਵਾਏ ਜਾਂਦੇ ਯੁਵਾ ਸਾਹਿਤੀ ਲੜ੍ਹੀ ਤਹਿਤ ਕਵੀ ਦਰਬਾਰਾਂ ਵਿੱਚ ਅਕਸਰ ਸ਼ਮੂਲੀਅਤ ਕਰਕੇ ਕਾਲਜ ਦੀ ਰਾਸ਼ਟਰੀ ਪੱਧਰ ਤੱਕ ਜਾਣ ਪਛਾਣ ਕਰਵਾ ਚੁੱਕੇ ਹਨ । ਇਹਨਾਂ ਦੇ ਉੱਦਮ ਨਾਲ ਮਨਜੀਤ ਸ਼ੂਖਮ ਦੀ ਕਾਵਿ ਪੁਸਤਕ "ਪਟਵੀਜਨੇ" ਕਾਲਜ ਵਿੱਚ ਅਤੇ ਗੀਤਕਾਰ ਨਿਰਮਲ ਦਿਓਲ ਦੀ ਵਾਰਤਕ ਪੁਸਤਕ "ਚਾਰ ਕੁ ਅੱਖਰ" ਵਿਸ਼ਵ ਪੁਸਤਕ ਦਿਵਸ ਮੌਕੇ ਬੱਸ ਅੱਡਾ ਮਲੋਟ ਵਿਖੇ ਕਾਲਜ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਵਿੱਚ ਰਲੀਜ਼ ਕੀਤੀ ਗਈ । ਕਰੋਨਾ ਕਰਕੇ ਸਮਾਜ ਦੀਆਂ ਸਾਰੀਆਂ ਗਤੀਵਿਧੀਆਂ ਤੇ ਪ੍ਰਤੀਬੰਧ ਲੱਗਣ ਕਰਕੇ ਸਮਾਜ ਆਰਥਿਕ ਗਿਰਾਵਟ ਵੱਲ ਲਗਾਤਾਰ ਨਿੱਘਰਦਾ ਜਾ ਰਿਹਾ ਹੈ, ਉਥੇ ਪ੍ਰੋ. ਸੁਖਦੀਪ ਕੌਰ ਅਜਿਹੇ ਮਾਹੌਲ ਵਿਚ ਨਿਮਨ ਵਰਗ ਦੇ ਵਿਦਿਆਰਥੀਆਂ ਲਈ ਇੱਕ ਆਸ ਦੀ ਕਿਰਨ ਬਣ ਕੇ ਉੱਭਰਦੇ ਹਨ । ਉਹਨਾਂ ਨੇ ਲੋੜਵੰਦ ਵਿਦਿਆਰਥੀਆਂ ਨੂੰ ਲੱਭਿਆ ਜੋ ਪੈਸੇ ਦੀ ਘਾਟ ਕਰਕੇ ਆਪਣੀ ਅਗਾਊਂ ਪੜ੍ਹਾਈ ਜਾਰੀ ਰੱਖਣ ਦੇ ਅਸਮਰੱਥ ਸਨ । ਉਹਨਾਂ ਦੀ ਸਹਾਇਤਾ ਲਈ ਕਾਲਜ ਦੀ ਮਨੈਂਜਮੈਂਟ ਅਤੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਉਹਨਾਂ ਦੀ ਮਿਹਨਤ, ਲਗਨ ਅਤੇ ਸਮਾਜ ਭਲਾਈ ਦੀ ਰੁਚੀ ਨੂੰ ਧਿਆਨ ਵਿੱਚ ਰੱਖਦਿਆਂ ਬੱਤੀ ਲੱਖ ਰੁਪਏ ਦੀਆਂ ਫੀਸਾਂ ਲੋੜਵੰਦ ਵਿਦਿਆਰਥੀਆਂ ਦੀਆਂ ਮੁਆਫ ਕੀਤੀਆਂ । ਜ਼ਿਕਰਯੋਗ ਲਾਇਬ੍ਰੇਰੀਅਨ, ਲਾਇਬ੍ਰੇਰੀ ਵਿੱਚ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਲਈ ਜਾਣੇ ਜਾਂਦੇ ਹਨ ਜਦਕਿ ਲਾਇਬ੍ਰੇਰੀਅਨ ਸੁਖਵਿੰਦਰ ਕੌਰ ਨੇ ਆਪਣੇ ਖੇਤਰ ਤੋਂ ਬਾਹਰ ਜਾ ਕੇ ਯੋਗ ਅਤੇ ਪੜ੍ਹਨ ਵਾਲੇ ਵਿਦਿਆਰਥੀਆਂ ਇੱਕ ਸੌ ਪੰਜਾਹ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਮੁਫਤ ਕਿਤਾਬਾਂ ਵੰਡੀਆਂ। ਇਸ ਤੋਂ ਇਲਾਵਾ ਕਾਲਜ ਲਾਇਬ੍ਰੇਰੀ ਵਾਸਤੇ ਦੋ ਸੌ ਪੁਸਤਕਾਂ ਦਾ ਉੱਘੇ ਸਾਹਿਤਕਾਰਾਂ ਤੋਂ ਦਾਨ ਲੈਦਿਆਂ ਕਾਲਜ ਦੇ ਪੁਸਤਕ ਭੰਡਾਰ ਵਿੱਚ ਵਾਧਾ ਕੀਤਾ । ਪ੍ਰੋ. ਰਮਨਦੀਪ ਕੌਰ ਨੇ ਸਿਹਤ ਵਿਭਾਗ ਅਤੇ ਐਨ.ਐਸ.ਐਸ. ਵਲੰਟੀਅਰਾਂ ਦੇ ਸਹਿਯੋਗ ਨਾਲ ਕੋਵਿਡ ਵਰਗੇ ਮਾਹੌਲ ਵਿੱਚ ਪੂਰੇ ਸ਼ਹਿਰ ਵਿੱਚ ਪਲੱਸ ਪੋਲੀਓ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ । ਸਮਾਜ ਵਿੱਚ ਕਰੋਨਾ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਫਲਾਉਣ ਲਈ ਰੋਡ ਰੈਲੀਆਂ ਕੀਤੀਆਂ ਅਤੇ ਰਾਹਗੀਰਾਂ ਨੂੰ ਪੰਜ ਹਜਾਰ ਮਾਸਕ ਵੰਡੇ । ਪ੍ਰੋ. ਗੁਰਜੀਤ ਸਿੰਘ ਨੇ ਸਮਾਜ ਦੀ ਅਰੋਗਤਾ ਵਿੱਚ ਵੱਡਮੁੱਲਾ ਯੋਗਦਾਨ ਪਾਉਂਦਿਆਂ ਸਿਵਲ ਹਸਪਤਾਲ ਮਲੋਟ ਦੇ ਸਹਿਯੋਗ ਨਾਲ ਕਾਲਜ ਦੇ ਵਿਹੜੇ ਵਿੱਚ ਖੂਨ ਦਾਨ ਕੈਂਪ ਦਾ ਅਯੋਜਨ ਕੀਤਾ, ਜਿਸ ਵਿੱਚ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ 22 ਯੂਨਿਟ ਖੂਨ ਦਾਨ ਕੀਤਾ । ਪ੍ਰੋ. ਸ਼ਰਨਜੀਤ ਕੌਰ ਦੁਆਰਾ ਐਨ.ਸੀ.ਸੀ. ਕੈਡਿਟਸ ਅਤੇ ਐਨ.ਸੀ.ਸੀ. ਗਰਲ ਬਟਾਲੀਅਨ ਮਲੋਟ ਦੇ ਸਹਿਯੋਗ ਨਾਲ ਨੁੱਕੜ ਨਾਟਕ "ਸੇਅ ਨੋ ਪਲਾਸਟਿਕ" ਖੇਡਿਆ ਗਿਆ । ਇਸ ਨਾਟਕ ਦੇ ਸਫਲ ਮੰਚਨ ਕਰਕੇ ਇਸ ਨੂੰ ਲੋਕ ਨਾਟਕ ਵਰਗੀ ਪ੍ਰਸਿੱਧੀ ਮਿਲੀ । ਪ੍ਰੋ. ਹਰਵਿੰਦਰ ਕੌਰ ਨੇ ਕਾਲਜ ਵਿਚ ਇਕ ਨਵੀਂ ਮਿਸਾਲ ਕਾਇਮ ਕਰਦਿਆਂ 970 ਬੂਟੇ ਕਾਲਜ ਵਿੱਚ ਲਗਵਾਏ । ਇਸ ਤੋਂ ਬਿਨਾਂ 500 ਵਿਦਿਆਰਥੀਆਂ ਨੂੰ ਆਪੋ ਆਪਣੇ ਘਰਾਂ ਵਿੱਚ ਪ੍ਰੇਰਿਤ ਕਰਕੇ ਪੌਦੇ ਲਗਾਵਾਏ । ਵਾਤਾਵਰਨ ਦੀ ਸਾਂਭ ਸੰਭਾਲ ਵਿੱਚ ਵੱਡਮੁੱਲਾ ਯੋਗਦਾਨ ਪਾਇਆ । ਇਸ ਤਹਿਤ ਪ੍ਰੋ. ਧਰਮਵੀਰ ਨੇ ਇਲਾਕੇ ਦੇ ਪਿੰਡਾਂ ਵਿੱਚ ਕਾਨੂੰਨੀ ਜਾਗਰੂਕਤਾ ਕੈਂਪਾਂ ਦਾ ਅਯੋਜਨ ਕੀਤਾ । ਐਸ.ਸੀ. ਸਮਾਜ ਨੂੰ ਵਿਦਿਆ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਆ । ਪ੍ਰੋ. ਗੁਰਪ੍ਰੀਤ ਸਿੰਘ ਨੇ ਆਪਣੇ ਪੱਧਰ ਤੇ ਆੱਨਲਾਇਨ ਗੇਮ ਤਿਆਰ ਕੀਤੀ ਅਤੇ ਐਨੀਮੇਸ਼ਨ ਡਾਕੂਮੈਂਟਰੀ, ਥ੍ਰੀ ਡੀ ਸਾਫਟਵੇਅਰ ਉੱਪਰ ਸਫਲਤਾ ਪੂਰਵਕ ਕੰਮ ਕਰਦਿਆਂ ਵਿਦਿਆਰਥੀਆਂ ਨੂੰ ਡਿਜ਼ੀਟਲ ਉਦਯੋਗ ਵਿਚ ਆਪਣਾ ਸਥਾਨ ਬਣਾਉਣ ਲਈ ਪ੍ਰੇਰਿਤ ਕੀਤਾ । ਪ੍ਰੋ. ਨਵਪ੍ਰੀਤ ਕੌਰ ਸਮਾਜ ਸ਼ਾਸ਼ਤਰ ਦੇ ਪ੍ਰੋਫੈਸਰ ਹੋਣ ਦੇ ਨਾਲ - ਨਾਲ ਰਾਜਨੀਤਕ ਪਿਛੋਕੜ ਨਾਲ ਸੰਬੰਧਿਤ ਹੋਣ ਕਰਕੇ ਇਸ ਖੇਤਰ ਵਿੱਚ ਡੂੰਘੀ ਜਾਣਕਾਰੀ ਰੱਖਦੇ ਹਨ । ਉਹਨਾਂ ਦਾ ਮੰਨਣਾ ਹੈ ਕਿ ਸਾਫ - ਸੁਥਰੀ ਰਾਜਨੀਤੀ ਅਜੋਕੇ ਦੌਰ ਦੀ ਲੋੜ ਹੈ । ਇਸ ਵੱਲ ਕਦਮ ਵਧਾਉਂਦਿਆ ਸ਼ਲਾਘਾਯੋਗ ਭੂਮਿਕਾ ਨਿਭਾਈ । ਪ੍ਰੋ. ਪਰਮਜੀਤ ਕੌਰ ਸਮਰਪਿਤ ਭਾਵਨਾ ਨਾਲ ਕੰਮ ਕਰਨ ਦੇ ਨਾਲ ਸਮਾਜ ਦੇ ਨਿਮਨ ਵਰਗ ਦੀ ਭਲਾਈ ਲਈ ਹਮੇਸ਼ਾ ਵੱਧ ਚੜ੍ਹ ਕੇ ਕੰਮ ਕਰਦੇ ਰਹੇ ਹਨ । ਕਾਲਜ ਮਨੈਂਜਮੈਂਟ ਕਮੇਟੀ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ , ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀ ਵਾਲਾ , ਪ੍ਰਬੰਧਕੀ ਸਕੱਤਰ ਦਲਜਿੰਦਰ ਸਿੰਘ ਬਿੱਲਾ ਸੰਧੂ , ਸਕੱਤਰ ਪਿਰਤਪਾਲ ਸਿੰਘ ਗਿੱਲ ਦੀ ਸਮੁੱਚੀ ਅਗਵਾਈ ਵਿੱਚ ਸਟਾਫ ਦਾ ਸਨਮਾਨ ਕੀਤਾ ਗਿਆ ਅਤੇ ਚੇਅਰਮੈਨ ਮਨਦੀਪ ਸਿੰਘ ਬਰਾੜ ਨੇ ਪ੍ਰਿੰਸੀਪਲ ਰਜਿੰਦਰ ਸਿੰਘ ਸੇਖੋਂ ਅਤੇ ਸਟਾਫ ਨੂੰ ਭਵਿੱਖ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ।