Punjab

ਲੋਕ ਗੀਤ ਮੁਕਾਬਲਿਆਂ ‘ਚ ’10 ਸਾਲਾ ਬੱਚੀ’ ਪੂਰੇ ਸੂਬੇ ‘ਚੋਂ ਪਹਿਲੇ ਸਥਾਨ ‘ਤੇ

ਮਾਛੀਵਾੜਾ ਸਾਹਿਬ:- ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਾਜ ਪੱਧਰੀ ਸਹਿ ਵਿੱਦਿਅਕ/ਅਕਾਦਮਿਕ ਮੁਕਾਬਲੇ ਕਰਵਾਏ ਗਏ, ਜਿਸ ‘ਚ ਮਾਛੀਵਾੜਾ ਦੀ ਕਰੀਬ 10 ਸਾਲਾ ਬੱਚੀ ਚਰਨਕੰਵਲ ਕੌਰ ਨੇ ਲੋਕ ਗੀਤ ਮੁਕਾਬਲਿਆਂ ‘ਚ ਪਹਿਲਾ ਸਥਾਨ ਪ੍ਰਾਪਤ ਕਰ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ-2 ‘ਚ ਪੰਜਵੀਂ ਦੀ ਵਿਦਿਆਰਥਣ ਚਰਨਕੰਵਲ ਕੌਰ ਨੇ ਇਨ੍ਹਾਂ ਲੋਕ ਗੀਤ ਮੁਕਾਬਲਿਆਂ ‘ਚ ਲੜੀਵਾਰ ਬਲਾਕ, ਜ਼ੋਨ ਤੇ ਜਿਲ੍ਹਾ ਪੱਧਰ ‘ਚ ਪਹਿਲਾ ਸਥਾਨ ਪ੍ਰਾਪਤ ਕਰ ਰਾਜ ਪੱਧਰੀ ਮੁਕਾਬਲਿਆਂ ‘ਚ ਹਿੱਸਾ ਲਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦੇਸ਼ ਭਗਤ ਕਾਲਜ ਬਰੜਵਾਲ ਧੂਰੀ, ਸੰਗਰੂਰ ਵਿਖੇ ਸੂਬਾ ਪੱਧਰੀ ਮੁਕਾਬਲੇ ਕਰਵਾਏ ਗਏ, ਜਿਸ ‘ਚ 10 ਸਾਲਾਂ ਬੱਚੀ ਚਰਨਕੰਵਲ ਕੌਰ ਨੇ ਹੋਰਨਾਂ ਵਿਦਿਆਰਥੀਆਂ ਨੂੰ ਪਛਾੜਦੇ ਹੋਏ ਜਿੱਥੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ, ਉਥੇ ਜੱਜ ਵੀ ਇਸ ਬੱਚੀ ਦੇ ਗੀਤਾਂ ‘ਤੇ ਕਾਇਲ ਹੋ ਗਏ ਅਤੇ ਉਨ੍ਹਾਂ ਜੇਤੂ ਘੋਸ਼ਿਤ ਕਰ ਦਿੱਤਾ। ਇਸ ਮੌਕੇ ਬੱਚੀ ਚਰਨਕੰਵਲ ਕੌਰ ਨੂੰ ਮੈਡਲ ‘ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੂਬਾ ਪੱਧਰੀ ਮੁਕਾਬਲਾ ਜਿੱਤਣ ਵਾਲੀ ਵਿਦਿਆਰਥਣ ਚਰਨਕੰਵਲ ਕੌਰ ਸੰਗੀਤਕ ਪਰਿਵਾਰ ਨਾਲ ਸਬੰਧਿਤ ਹੈ ਅਤੇ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਉਸਦੇ ਦਾਦਾ ਢਾਡੀ ਨਿਰੰਜਨ ਸਿੰਘ ਨੂਰ ਨੇ ਵੀ ਅੱਜ ਤੋਂ 50 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ 500 ਸਾਲਾਂ ਪ੍ਰਕਾਸ਼ ਪੁਰਬ ‘ਤੇ ਉਸ ਸਮੇਂ ਸਰਕਾਰੀ ਸਕੂਲ ‘ਚ ਪੜ੍ਹਦਿਆਂ ਲੋਕ ਗੀਤ ਮੁਕਾਬਲਿਆਂ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।ਜੇਤੂ ਵਿਦਿਆਰਥਣ ਚਰਨਕੰਵਲ ਕੌਰ ਦੇ ਪਿਤਾ ਗੁਰਪ੍ਰੀਤ ਸਿੰਘ ਆਲ ਇੰਡੀਆ ਰੇਡਿਓ ਪ੍ਰਤੀਯੋਗਤਾ ਸਾਰੰਗੀਵਾਦਕ ਦਾ ਪਹਿਲਾ ਸਥਾਨ ਪ੍ਰਾਪਤ ਕਰ ਐਵਾਰਡ ਜਿੱਤਿਆ। ਇਸ ਬੱਚੀ ਦੀ ਭੂਆ ਮਨਦੀਪ ਕੌਰ ਸੁਰ ਸਿਰਤਾਜ ਮੁਕਾਬਲਿਆਂ ‘ਚ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੀ ਹੈ ਅਤੇ ਪ੍ਰਸਿੱਧ ਗਾਇਕਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਚਰਨਕੰਵਲ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਕਪਿਲ ਆਨੰਦ ਤੇ ਸਕੂਲ ਮੁਖੀ ਲਖਵਿੰਦਰ ਸਿੰਘ ਗਰੇਵਾਲ ਨੇ ਵੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਇਸ ਹੋਣਹਾਰ ਵਿਦਿਆਰਥਣ ਨੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰ ਦਿੱਤਾ ਹੈ।

Leave a Reply

Your email address will not be published. Required fields are marked *

Back to top button