ਦਫ਼ਤਰ ਸਿਵਲ ਸਰਜਨ ਵਿਖੇ ਰੇਬੀਜ਼ ਬਿਮਾਰੀ ਸੰਬੰਧੀ ਮੈਡੀਕਲ ਅਫ਼ਸਰਾਂ ਅਤੇ ਫਾਰਮੇਸੀ ਅਫ਼ਸਰਾਂ ਨੂੰ ਦਿੱਤੀ ਗਈ ਟ੍ਰੇਨਿੰਗ
ਮਲੋਟ (ਬਠਿੰਡਾ): ਡਾ. ਬਲਬੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਦੀ ਯੋਗ ਅਗਵਾਈ ਵਿੱਚ ਰਾਸ਼ਟਰੀ ਰੇਬੀਜ਼ ਕੰਟਰੋਲ ਪ੍ਰੋਗਰਾਮ ਅਧੀਨ ਡਾ. ਮਯੰਕਜੋਤ ਸਿੰਘ ਨੋਡਲ ਅਫ਼ਸਰ ਦੀ ਦੇਖ-ਰੇਖ ਵਿੱਚ ਦਫ਼ਤਰ ਸਿਵਲ ਸਰਜਨ ਬਠਿੰਡਾ ਵਿਖੇ ਮੈਡੀਕਲ ਅਫ਼ਸਰਾਂ ਅਤੇ ਫਾਰਮੇਸੀ ਅਫ਼ਸਰਾਂ ਦੀ ਟ੍ਰੇਨਿੰਗ ਕਰਵਾਈ ਗਈ। ਇਸ ਦੌਰਾਨ ਡਾ. ਮਯੰਕਜੋਤ ਸਿੰਘ ਨੇ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੁੱਤੇ ਤੋਂ ਇਲਾਵਾ ਬਿੱਲੀ, ਲੂੰਬੜੀ, ਊਠ, ਨਿਓਲੇ ਆਦਿ ਦੇ ਕੱਟਣ ਨਾਲ ਵੀ ਰੇਬੀਜ਼ ਹੋ ਸਕਦੀ ਹੈ। ਇਹ ਵਾਇਰਸ ਨਾਲ ਫੈਲਣ ਵਾਲਾ ਇੱਕ ਗੰਭੀਰ ਰੋਗ ਹੈ, ਜਿਸ ਨਾਲ ਹਰ ਸਾਲ ਦੇਸ਼ ਵਿੱਚ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਰੇਬੀਜ਼ ਤੋਂ ਬਚਣ ਲਈ ਇੱਕ ਮਾਤਰ ਉਪਾਅ ਟੀਕਾਕਰਣ ਹੀ ਹੈ।
ਉਨ੍ਹਾਂ ਦੱਸਿਆ ਕਿ ਕੁੱਤੇ ਦੇ ਕੱਟਣ ਦੇ ਤੁਰੰਤ ਹੀ 15 ਮਿੰਟ ਤੱਕ ਸਾਬਣ ਨਾਲ ਵਗਦੇ ਪਾਣੀ ਵਿੱਚ ਸਰੀਰ ਨੂੰ ਧੋਵੋ ਅਤੇ ਨੇੜੇ ਦੀ ਸਿਹਤ ਸੰਸਥਾ ਦੇ ਡਾਕਟਰ ਦੀ ਸਲਾਹ ਅਨੁਸਾਰ ਟੈਟਨਸ ਦਾ ਟੀਕਾ, ਐਂਟੀਰੇਬੀਜ਼ ਸੀਰਮ ਅਤੇ ਰੇਬੀਜ਼ ਦੀ ਵੈਕਸੀਨ ਦੀਆਂ ਸੰਪੂਰਨ ਖੁਰਾਕਾਂ ਲਗਵਾਓ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ 2030 ਤੱਕ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਜ਼ੀਰੋ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਰੇਬੀਜ਼ ਦੇ 99% ਮਾਮਲੇ ਸਿਰਫ ਕੁੱਤਿਆਂ ਦੇ ਕੱਟਣ ਕਰਕੇ ਹੁੰਦੇ ਹਨ। ਇਸ ਲਈ ਆਪਣੇ ਘਰਾਂ ਵਿੱਚ ਰੱਖੇ ਪਾਲਤੂ ਕੁੱਤਿਆਂ ਦੇ ਐਂਟੀਰੇਬੀਜ਼ ਵੈਕਸੀਨ ਦੇ ਟੀਕੇ ਹਰ ਸਾਲ ਲਗਵਾਉਣੇ ਚਾਹੀਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਐਂਟੀਰੇਬੀਜ਼ ਦੇ ਟੀਕੇ ਮੁਫ਼ਤ ਲਗਾਏ ਜਾਂਦੇ ਹਨ। ਇਸ ਦੌਰਾਨ ਰੇਬੀਜ਼ ਦੀ ਡੋਜ਼ ਅਤੇ ਰੂਟ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਡੋਜ਼ ਸੰਬੰਧੀ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਮੀਨਾਕਸੀ ਸਿੰਗਲਾ, ਡਾ. ਊਸ਼ਾ ਗੋਇਲ, ਡਾ. ਜਗਰੂਪ ਸਿੰਘ, ਵਿਨੋਦ ਖੁਰਾਣਾ, ਬੂਟਾ ਸਿੰਘ ਆਦਿ ਹਾਜ਼ਿਰ ਸਨ। Author: Malout Live