ਨਰਮੇਂ ਦੀ ਫ਼ਸਲ ਤੇ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਤੁਰੰਤ ਕੀਟਨਾਸ਼ਕ ਦੇ ਛਿੜਕਾਅ ਦੀ ਲੋੜ

ਮਲੋਟ:- ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ 28 ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ 69 ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਹਨ। ਇਨ੍ਹਾਂ ਟੀਮਾਂ ਵੱਲੋਂ ਹਫ਼ਤੇ ਵਿੱਚ ਦੋ ਵਾਰ ਮੰਗਲਵਾਰ ਅਤੇ ਵੀਰਵਾਰ ਸਵੇਰੇ 08:00 ਵਜੇ ਤੋਂ 10:00 ਵਜੇ ਤੱਕ ਫ਼ਸਲ ਦਾ ਸਰਵੇਖਣ ਕੀਤਾ ਜਾਂਦਾ ਹੈ। ਨਰਮੇਂ ਦੀ ਫ਼ਸਲ ਤੇ ਕੀਤੇ ਗਏ ਸਰਵੇਖਣ ਦੇ ਅਧਾਰ ਤੇ ਹੀ ਕਿਸਾਨਾਂ ਨੂੰ ਕੀਟਨਾਸ਼ਕ ਦਵਾਈਆਂ ਦੀ ਸਿ਼ਫਾਰਸ਼ ਕੀਤੀ ਜਾਂਦੀ ਹੈ। ਸ਼੍ਰੀ ਕੁਲਦੀਪ ਸਿੰਘ ਧਾਲੀਵਾਲ, ਖੇਤੀਬਾੜੀ ਮੰਤਰੀ ਪੰਜਾਬ ਅਤੇ ਸ਼੍ਰੀ ਸਰਵਜੀਤ ਸਿੰਘ, ਵਧੀਕ ਮੁੱਖ ਸਕੱਤਰ (ਖੇਤੀਬਾੜੀ) ਪੰਜਾਬ ਵੱਲੋਂ ਨਰਮੇਂ ਦੀ ਫ਼ਸਲ ਤੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਮੀਟਿੰਗ ਵੀ ਕੀਤੀ ਗਈ। ਸ਼੍ਰੀ ਗੁਰਵਿੰਦਰ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਅਤੇ ਇੰਜ. ਜਗਦੀਸ਼ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ(ਇੰਜ:),ਪੰਜਾਬ ਦੀ ਮੌਜ਼ੂਦਗੀ ਵਿੱਚ ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੰਦਰ 28 ਪੈਸਟ ਸਰਵੇਲੈਂਸ ਟੀਮਾਂ ਵੱਲੋਂ ਕੁੱਲ 142 ਖੇਤਾਂ ਦਾ ਸਰਵੇਖਣ ਕੀਤਾ ਗਿਆ, ਜਿਸ ਵਿੱਚ ਖੇਤੀਬਾੜੀ ਵਿਭਾਗ ਦੇ ਨਾਲ-2 ਕੇ.ਵੀ.ਕੇ. ਗੋਨਿਆਣਾ ਦੇ ਸਾਇੰਸਦਾਨ ਵੀ ਮੌਜ਼ੂਦ ਸਨ। ਕੁੱਲ ਦੇਖੇ ਗਏ 142 ਖੇਤਾਂ ਵਿੱਚੋਂ ਸਰਵੇਖਣ ਦੌਰਾਨ 61 ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਆਰਥਿਕ ਕਗਾਰ ਤੋਂ ਵੱਧ ਪਾਇਆ ਗਿਆ ਅਤੇ ਦੇਖੇ ਗਏ ਕੁੱਲ ਖੇਤਾਂ ਵਿੱਚੋਂ ਇੱਕ ਖੇਤ ਵਿੱਚ ਇੱਕ ਗੁਲਾਬੀ ਸੁੰਡੀ ਦੇਖੀ ਗਈ। ਮੌਕੇ ਤੇ ਹੀ ਕਿਸਾਨਾਂ ਨੂੰ ਕੀਟਨਾਸ਼ਕ ਦਵਾਈਆਂ ਦੇ ਸਪਰੇਅ ਦੀ ਸਿ਼ਫਾਰ਼ਸ ਕੀਤੀ ਗਈ।  ਸ਼੍ਰੀ ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਦੱਸਿਆ ਕਿ ਚਿੱਟੀ ਮੱਖੀ ਦੇ ਹਮਲੇ ਨੂੰ ਦੇਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਇੰਸਦਾਨਾਂ ਵੱਲੋਂ ਇੱਕ ਸਪੈਸ਼ਲ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਜਿਸ ਦੇ ਅਨੁਸਾਰ ਕਿਸਾਨ ਨਰਮੇਂ ਦੀ ਫ਼ਸਲ ਤੇ ਚਿੱਟੀ ਮੱਖੀ ਦਾ ਨਿਰੀਖ਼ਣ ਹਰ ਰੋਜ਼ ਸਵੇਰੇ 8:00 ਵਜੇ ਤੋਂ 10:00 ਵਜੇ ਤੱਕ ਕਰਨ। ਜੇਕਰ ਨਰਮੇਂ ਦੀ ਫ਼ਸਲ ਉੱਪਰ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ ਪ੍ਰਤੀ ਪੱਤਾ 6 ਤੋਂ ਵੱਧ ਹੋ ਜਾਵੇ ਤਾਂ ਸਪਰੇਅ ਦੀ ਜ਼ਰੂਰਤ ਹੈ।

ਜੇ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ 6 ਤੋਂ 8 ਪ੍ਰਤੀ ਪੱਤਾ ਹੋ ਜਾਵੇ ਤਾਂ ਈਥੀਆਨ 50 ਈ.ਸੀ. 800 ਮਿ:ਲੀ: ਜਾਂ ਡਾਇਨੋਟੈਫੂਰਾਨ 20 ਐੱਸ.ਜੀ.(ਓਸ਼ੀਨ) 60 ਗ੍ਰਾਮ ਪ੍ਰਤੀ ਏਕੜ ਕੀਤੀ ਜਾਵੇ ਅਤੇ ਇਸ ਤੋਂ ਬਾਅਦ ਦੂਜੀ ਸਪਰੇਅ 10 ਦਿਨਾਂ ਬਾਅਦ ਚਿੱਟੀ ਮੱਖੀ ਦੇ ਬੱਚਿਆਂ ਦੀ ਰੋਕਥਾਮ ਲਈ ਪਾਈਰੀਪਰੋਕਸੀਫਿਨ 10 ਈ.ਸੀ.(ਲੈਨੋ) 500 ਮਿ:ਲੀ: ਪ੍ਰਤੀ ਏਕੜ ਕੀਤੀ ਜਾਵੇ। ਜੇਕਰ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ 10 ਤੋਂ 20 ਪ੍ਰਤੀ ਪੱਤਾ ਹੋ ਜਾਵੇ ਤਾਂ ਅਫਿਡੋਪਾਇਰੋਪਿਨ 50 ਡੀ.ਸੀ.(ਸਫ਼ੀਨਾ) 400 ਮਿ:ਲੀ. ਪ੍ਰਤੀ ਏਕੜ ਕੀਤੀ ਜਾਵੇ ਅਤੇ ਇਸ ਤੋਂ ਬਾਅਦ ਦੂਜੀ ਸਪਰੇਅ 7 ਦਿਨਾਂ ਬਾਅਦ ਚਿੱਟੀ ਮੱਖੀ ਦੇ ਬੱਚਿਆਂ ਦੀ ਰੋਕਥਾਮ ਲਈ ਪਾਈਰੀਪਰੋਕਸੀਫਿਨ 10 ਈ.ਸੀ.(ਲੈਨੋ) 500 ਮਿ:ਲੀ: ਪ੍ਰਤੀ ਏਕੜ ਕੀਤੀ ਜਾਵੇ। ਜੇਕਰ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ ਬਹੁਤ ਜਿ਼ਆਦਾ ਜਾਂ ਅਣਗਿਣਤ ਹੋ ਜਾਵੇ ਤਾਂ ਡਾਇਆਫੈਨਥੂਯੂਰੋਨ 50 ਡਬਲਯੂ.ਪੀ.(ਪੋਲੋ, ਰੂਬੀ, ਕਰੇਜ਼, ਲੂਡੋ, ਸ਼ੋਕੂ) 200 ਗ੍ਰਾਮ ਪ੍ਰਤੀ ਏਕੜ ਕੀਤੀ ਜਾਵੇ ਅਤੇ ਇਸ ਤੋਂ ਬਾਅਦ ਦੂਜੀ ਸਪਰੇਅ 5 ਦਿਨਾਂ ਬਾਅਦ ਚਿੱਟੀ ਮੱਖੀ ਦੇ ਬੱਚਿਆਂ ਦੀ ਰੋਕਥਾਮ ਲਈ ਪਾਈਰੀਪਰੋਕਸੀਫਿਨ 10 ਈ.ਸੀ.(ਲੈਨੋ) 500 ਮਿ:ਲੀ: ਪ੍ਰਤੀ ਏਕੜ ਕੀਤੀ ਜਾਵੇ। ਇਸ ਸਮੇਂ ਨਰਮੇਂ ਦੀ ਫ਼ਸਲ ਨੂੰ ਸੋਕਾ ਨਾ ਲੱਗਣ ਦਿੱਤਾ ਜਾਵੇ ਕਿਉਂਕਿ ਔੜ ਵਿੱਚ ਚਿੱਟੀ ਮੱਖੀ ਅਤੇ ਭੂਰੀ ਜੂੰ ਦਾ ਹਮਲਾ ਵੱਧ ਜਾਂਦਾ ਹੈ। ਨਰਮੇਂ ਦੀ ਫ਼ਸਲ ਨੂੰ ਸੋਕੇ ਜਾਂ ਲੰਮੀ ਔੜ ਤੋਂ ਬਾਅਦ ਜਦੋਂ ਪਾਣੀ ਲਾਇਆ ਜਾਂਦਾ ਹੈ ਜਾਂ ਭਾਰੀ ਬਾਰਿਸ਼ ਹੋ ਜਾਂਦੀ ਹੈ ਤਾਂ ਪੱਤੇ ਅਚਾਨਕ ਮੁਰਝਾ ਜ਼ਾਂਦੇ ਹਨ, ਇਹ ਪੈਰਾਵਿਲਟ ਬਿਮਾਰੀ ਦੀਆਂ ਨਿਸ਼ਾਨੀਆਂ ਹਨ। ਇਸ ਦੀ ਰੋਕਥਾਮ ਲਈ ਕੋਬਾਲਟ ਕਲੋਰਾਈਡ ਸੰਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਪਾਸੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਕਿਸੇ ਕਿਸਮ ਦੀ ਮੁਸ਼ਕਿਲ ਜਾਂ ਹੋਰ ਜਾਣਕਾਰੀ ਲਈ ਸ਼੍ਰੀ ਜਗਸੀਰ ਸਿੰਘ 94179-78084 ਬਲਾਕ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਪਰਮਿੰਦਰ ਸਿੰਘ ਧੰਜੂ 98780-20311, ਬਲਾਕ ਖੇਤੀਬਾੜੀ ਅਫ਼ਸਰ, ਮਲੋਟ, ਸ਼੍ਰੀ ਭੁਪਿੰਦਰ ਕੁਮਾਰ 94174-24701 ਬਲਾਕ ਖੇਤੀਬਾੜੀ ਅਫ਼ਸਰ ਗਿੱਦੜਬਾਹਾ ਅਤੇ ਸ਼੍ਰੀ ਅਮਰ ਸਿੰਘ 98721-27100 ਬਲਾਕ ਖੇਤੀਬਾੜੀ ਅਫ਼ਸਰ ਲੰਬੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।  

Author: Malout Live