ਗਰਭ ਦੌਰਾਨ ਮਾਂ ਦੀ ਮੌਤ ਦਰ ਘੱਟ ਕਰਨ ਸੰਬੰਧੀ ਕੀਤੀ ਗਈ ਮੀਟਿੰਗ- ਡਾ. ਤੇਜਵੰਤ ਸਿੰਘ ਢਿੱਲੋਂ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜੱਚਾ-ਬੱਚਾ ਸਿਹਤ ਸਹੂਲਤਾਂ ਸੰਬੰਧੀ ਉਪਰਾਲਿਆਂ ਤਹਿਤ ਸਿਹਤ ਵਿਭਾਗ ਬਠਿੰਡਾ ਵੱਲੋਂ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਦੀ ਅਗਵਾਈ ਹੇਠ ਪ੍ਰਸੂਤਾ ਦੌਰਾਨ ਮਾਂ ਦੀ ਮੌਤ ਦਰ ਘੱਟ ਕਰਨ ਸੰਬੰਧੀ ਸਿਵਲ ਸਰਜਨ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਮਾਂ ਅਤੇ ਬੱਚਿਆਂ ਦੀ ਮੌਤ ਦਰ ਨੂੰ ਕੰਟਰੋਲ ਕਰਨ ਦੇ ਟੀਚੇ ਨੂੰ ਲੈ ਕੇ ਸਿਹਤ ਵਿਭਾਗ ਸਿਹਤ ਸੇਵਾਵਾਂ ਦੇਣ ਦੇ ਨਾਲ-ਨਾਲ ਸਿਹਤ ਸਟਾਫ਼ ਨੂੰ ਵੱਖ-ਵੱਖ ਟ੍ਰੇਨਿੰਗਾਂ ਦੇ ਕੇ ਟ੍ਰੇਂਡ ਕਰ ਰਿਹਾ ਹੈ।
ਜਿਸ ਦੇ ਤਹਿਤ ਦਫ਼ਤਰ ਸਿਵਲ ਸਰਜਨ ਬਠਿੰਡਾ ਵਿਖੇ ਬੱਚਿਆਂ ਦੀਆਂ ਮੌਤਾਂ ਨੂੰ ਕੰਟਰੋਲ ਕਰਨ ਅਤੇ ਮੌਤ ਦਾ ਕਾਰਣ ਜਾਣਨ ਸੰਬੰਧੀ ਸਮੂਹ ਗਾਇਨੋਕੋਲੋਜਿਸਟ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਬੱਚਿਆਂ ਦੀ ਮੌਤ ਦਰ ਨੂੰ ਕੰਟਰੋਲ ਕਰਨ ਲਈ ਗਰਭਵਤੀ ਮਾਵਾਂ ਅਤੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਸੰਬੰਧੀ ਵਿਚਾਰ ਮਸ਼ਵਰੇ ਕੀਤੇ ਗਏ। ਸਿਹਤ ਸੰਸਥਾਵਾਂ ਵਿੱਚ ਮਾਹਿਰਾਂ ਦੁਆਰਾ ਸੁਰੱਖਿਅਤ ਜਣੇਪੇ ਕੀਤੇ ਜਾ ਰਹੇ ਹਨ, ਬੱਚਿਆਂ ਦਾ ਸੰਪੂਰਨ ਟੀਕਾਕਰਣ ਕੀਤਾ ਜਾ ਰਿਹਾ ਹੈ, ਇੱਕ ਸਾਲ ਤੱਕ ਦੇ ਬੱਚਿਆਂ ਦਾ ਹਰੇਕ ਤਰ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। Author : Malout Live