ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਗਤੀਵਿਧੀਆਂ

ਮਲੋਟ (ਗਿੱਦੜਬਾਹਾ): ਡਾ. ਭੁਪਿੰਦਰ ਕੁਮਾਰ ਸਹਾਇਕ ਕਪਾਹ ਵਿਸਥਾਰ ਅਫਸਰ ਗਿੱਦੜਬਾਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਗਿੱਦੜਵਾਹਾ ਵੱਲੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤਾਂ ਵਿੱਚ ਹੀ ਵਾਹੁਣ ਅਤੇ ਉਸ ਦਾ ਸੁਚੱਜਾ ਪ੍ਰਬੰਧ ਕਰਨ ਬਾਬਤ ਪਿੰਡਾਂ ਵਿੱਚ ਕਲਸਟਰ ਬਣਾ ਕੇ ਕਿਸਾਨ ਜਾਗਰੂਕਤਾ ਕੈਂਪ ਲਗਾਉਣ ਉਪਰੰਤ ਹੁਣ ਸਕੂਲਾਂ ਅਤੇ ਕਾਲਜਾਂ ਦੇ ਸਟਾਫ ਅਤੇ ਬੱਚਿਆਂ ਰਾਹੀਂ ਉਹਨਾਂ ਦੇ ਮਾਪਿਆਂ ਅਤੇ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਬਣਾਉਣ, ਲੇਖ ਲਿਖਣ, ਕਵਿਤਾਵਾਂ, ਭਾਸ਼ਣ ਅਤੇ ਸਕਿੱਟਾਂ ਆਦਿ ਦੇ ਪ੍ਰੋਗਰਾਮ ਕਰਵਾਏ ਜਾ ਰਹੇ। ਇਸ ਕੜੀ ਤਹਿਤ ਸਰਕਾਰੀ ਹਾਈ ਸਕੂਲ ਪਿੰਡ ਭਾਰੂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਭੂੰਦੜ ਵਿਖੇ ਇਹ ਪ੍ਰੋਗਰਾਮ ਕਰਵਾਏ ਗਏ। ਇਹਨਾਂ ਵਿੱਚ ਸਮੂਹ ਸਟਾਫ ਅਤੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਬਹੁਤ ਹੀ ਸ਼ਲਾਘਾਯੋਗ ਪੋਸਟਰ ਬਣਾਏ ਅਤੇ ਲੇਖ ਲਿਖੇ। ਪਰਾਲੀ ਨਾ ਸਾੜਨ ਦੇ ਸੰਬੰਧ ਵਿੱਚ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।

ਬੱਚਿਆਂ ਵੱਲੋਂ ਭਾਸ਼ਣ ਵੀ ਦਿੱਤੇ ਗਏ ਅਤੇ ਬਹੁਤ ਹੀ ਮਨੋਰੰਜਕ ਅਤੇ ਗਿਆਨਵਰਧਕ ਨਾਟਕ ਵੀ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ। ਸਕੂਲ ਦੇ ਬੱਚਿਆਂ ਅਤੇ ਸਟਾਫ ਨੂੰ ਪਰਾਲੀ ਪ੍ਰਬੰਧਨ ਤੇ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਲਿਟਰੇਚਰ ਵੀ ਵੰਡਿਆ ਗਿਆ। ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਨੇ ਅੱਗੇ ਕਿਹਾ ਕਿ ਮੇਰੇ ਦਫਤਰ ਦੇ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਸਰਕਾਰੀ ਕਾਲਜ ਹੁਸਨਰ (ਗਿੱਦੜਬਾਹਾ) ਵਿਖੇ ਵੀ ਬੱਚਿਆਂ ਅਤੇ ਸਟਾਫ ਨੂੰ ਸਮਝਦਾਰੀ ਅਪਣਾਓ ਪਰਾਲੀ ਨਾ ਜਲਾਓ ਦੇ ਮੰਤਵ ਨੂੰ ਪੂਰਾ ਕਰਨ ਲਈ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਸਕੂਲਾਂ ਅਤੇ ਕਾਲਜ ਦੇ ਬੱਚਿਆਂ ਅਤੇ ਸਟਾਫ ਨੂੰ ਪਰਾਲੀ ਪ੍ਰਬੰਧਨ ਨਾਲ ਸੰਬੰਧਿਤ ਮਸ਼ੀਨਾਂ ਦੀ ਉਪਲੱਬਧਤਾ ਅਤੇ ਉਨ੍ਹਾਂ ਦੀ ਸੁਚੱਜੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਸਮੂਹ ਸਟਾਫ ਮੈਂਬਰ ਅਤੇ ਬੱਚਿਆਂ ਨੇ ਵਿਸ਼ਵਾਸ ਦਵਾਇਆ ਕਿ ਉਹ ਇਸ ਕੰਮ ਵਿੱਚ ਉਹਨਾਂ ਦਾ ਸਹਿਯੋਗ ਕਰਦੇ ਹੋਏ ਪਿੰਡਾਂ ਵਿੱਚ ਪ੍ਰਚਾਰ ਕਰਨਗੇ ਅਤੇ ਆਪਣੇ ਖੇਤਾਂ ਵਿੱਚ ਵੀ ਅੱਗ ਨਹੀਂ ਲਾਉਣਗੇ। Author: Malout Live