ਗਰਮੀ ਵਿੱਚ ਲੂ ਤੋਂ ਬਚਾਅ ਲਈ ਜ਼ਿਆਦਾ ਤਰਲ ਪਦਾਰਥ ਪੀਓ: ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ:- ਗਰਮੀ ਦੇ ਵੱਧ ਰਹੇ ਪ੍ਰਕੋਪ ਨੂੰ ਵੇਖਦਿਆਂ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਲੋਕਾਂ ਨੂੰ ਗਰਮੀ ਤੇ ਲੂ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ  ਤੇ ਲੋੜੀਂਦੇ ਉਪਾਅ ਕਰਨ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਇਨ੍ਹਾਂ  ਦਿਨਾਂ ਵਿੱਚ ਤਾਪਮਾਨ ਤਕਰੀਬਨ 42 ਡਿਗਰੀ ਸੈਲਸੀਅਸ ਚੱਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸਦੇ ਹੋਰ ਵਧਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਅਗਲੇ ਦੋ ਤਿੰਨ ਮਹੀਨਿਆ ਦੌਰਾਨ ਮੌਸਮ ਆਮ ਤੌਰ ਤੇ ਕਾਫੀ ਗਰਮ ਹੁੰਦਾ ਹੈ, ਇਸ ਲਈ ਗਰਮੀ ਦਾ ਬਚਾਅ ਜਰੂਰੀ ਹੈ। ਉਹਨਾਂ ਦੱਸਿਆ ਕਿ ਤਿੱਖੀ ਗਰਮੀ ਦੇ ਦਿਨਾਂ ਵਿੱਚ ਬੱਚਿਆਂ ਤੇ ਬਜ਼ੁਰਗਾਂ ਦੀ ਵਧੇਰੇ  ਸੰਭਾਲ ਦੀ ਲੋੜ ਹੁੰਦੀ ਹੈ। ਲੂ ਦੇ ਲੱਛਣਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਾ.ਸਿੰਘ ਨੇ ਦੱਸਿਆ ਕਿ ਗਰਮੀ ਕਾਰਨ ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਣ ਹੋਣਾ, ਸਿਰ ਦਰਦ ਤੇ ਉਲਟੀਆਂ ਲੱਗਣੀਆਂ, ਗਰਮੀ ਦੇ ਬਾਵਜੁੂਦ ਪਸੀਨਾ ਘੱਟ ਆਉਣਾ, ਚਮੜੀ ਲਾਲ ਹੋਣਾ, ਗਰਮ ਤੇ ਖੁਸ਼ਕ ਚਮੜੀ, ਮਾਸ਼ਪੇਸ਼ੀਆਂ ਵਿੱਚ ਕਮਜ਼ੋਰੀ ਆਦਿ ਇਸ ਦੇ ਲੱਛਣ  ਹੋ ਸਕਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਅਤੇ ਹੋਰ ਤਰਲ ਪਦਾਰਥਾਂ ਜਿਵੇਂ ਕਿ ਲੱਸੀ, ਨਿੰਬੂ ਪਾਣੀ, ਫਰੈਸ਼ ਜੂਸ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੋ। ਬਾਹਰ ਦਾ ਖਾਣਾ  ਜਾਂ ਫਾਸਟ ਫੂਡ ਤੋਂ ਪ੍ਰਹੇਜ਼ ਕੀਤਾ ਜਾਵੇ। ਸਰੀਰ ਨੂੰ ਠੰਢਾ ਰੱਖੋ ਤੇ ਜ਼ਿਆਦਾ ਪਾਣੀ ਪੀਓ, ਹਲਕੇ ਰੰਗ ਦੇ ਕੱਪੜੇ ਪਾਉ, ਬਾਹਰ ਜਾਣ ਤੇ ਐਨਕ ਲਾਓ ਤੇ ਬਾਹਰ ਜਾਣ ਲੱਗਿਆਂ ਸਿਰ ਢੱਕ ਕੇ ਰੱਖੋ, ਜੇਕਰ ਬਾਹਰ ਹੋ ਤਾਂ ਬੈਠਣ ਲਈ ਠੰਢੀ ਥਾਂ ਲੱਭੋ, ਜਿਵੇਂ ਰੁੱਖ ਜਾਂ ਹੋਰ ਛਾਂ-ਦਾਰ ਥਾਂ, ਆਪਣੇ ਘਰ ਨੂੰ ਠੰਢਾ ਰੱਖੋ। ਦਿਨ ਵੇਲੇ ਤਾਕੀਆਂ ਤੇ ਦਰਵਾਜ਼ੇ ਬੰਦ ਰੱਖੋ।