ਅਨਾਜ ਮੰਡੀ ਮਜ਼ਦੂਰ ਸੰਘ ਦੇ ਸੂਬਾ ਵਾਇਸ ਪ੍ਰਧਾਨ ਵੱਲੋਂ 25% ਮਜ਼ਦੂਰੀ ਦੇ ਵਾਧੇ ਦੀਆਂ ਰੇਟ ਲਿਸਟਾਂ ਮਾਰਕਿਟ ਕਮੇਟੀਆਂ ਨੂੰ ਜਾਰੀ ਕਰਨ ਸੰਬੰਧੀ ਕੀਤਾ ਗਿਆ ਪ੍ਰੈੱਸ ਨੋਟ ਜਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਅਨਾਜ਼ ਮੰਡੀ ਮਜ਼ਦੂਰ ਸੰਘ ਦੇ ਸੂਬਾ ਵਾਇਸ ਪ੍ਰਧਾਨ ਸੁਦੇਸ਼ ਪਾਲ ਸਿੰਘ ਅਤੇ ਲਛਮਣ ਕੁਮਾਰ ਬੋਸ ਪ੍ਰਧਾਨ ਮੰਡੀ ਮਜ਼ਦੂਰ ਯੂਨੀਅਨ ਮਲੋਟ ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਾਨਯੋਗ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਕਿ ਕੁੱਝ ਦਿਨਾਂ ਵਿੱਚ ਦਾਣਾ ਮੰਡੀ ਮਜ਼ਦੂਰਾਂ ਦੇ ਆੜਤ ਦੀਆਂ ਦੁਕਾਨਾਂ ਉੱਤੇ ਹਿਸਾਬ ਹੋਣੇ ਸ਼ੁਰੂ ਹੋ ਜਾਣਗੇ। ਆਪ ਜੀ ਵੱਲੋਂ 7 ਮਹੀਨੇ ਪਹਿਲਾਂ 25% ਮਜ਼ਦੂਰੀ ਦਾ ਵਾਧਾ ਕੀਤਾ ਗਿਆ ਸੀ ਜੋ ਹੁਣ ਤੱਕ ਪੰਜਾਬ ਦੀਆਂ ਲਗਭਗ 1800 ਮੰਡੀਆਂ/ਖਰੀਦ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਲਗਭਗ 10 ਲੱਖ ਮਜ਼ਦੂਰਾਂ ਵਿੱਚੋਂ ਕਿਸੇ ਨੂੰ ਨਹੀਂ ਮਿਲਿਆ, ਜਿਸ ਦਾ ਮਜ਼ਦੂਰਾਂ ਵਿੱਚ ਕਾਫ਼ੀ ਰੋਸ ਹੈ। ਜਿਸ ਦੇ ਸੰਬੰਧ ਵਿੱਚ 31 ਅਕਤੂਬਰ ਤੋਂ ਮਲੋਟ ਦੀ ਦਾਣਾ ਮੰਡੀ ਤੋਂ ਮਜ਼ਦੂਰਾਂ ਵੱਲੋਂ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਗਏ, ਜਿਸ ਦਾ ਅੱਜ 15ਵਾਂ ਦਿਨ ਹੈ।
ਉਨ੍ਹਾਂ ਕਿਹਾ ਕਿ 25% ਮਜ਼ਦੂਰੀ ਦੇ ਵਾਧੇ ਦੀਆਂ ਰੇਟ ਲਿਸਟਾਂ ਮਾਰਕਿਟ ਕਮੇਟੀਆਂ ਨੂੰ ਜਲਦ ਜਾਰੀ ਕੀਤੀਆ ਜਾਣ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਤੱਕ ਰੋਸ ਮੁਜ਼ਾਹਰਿਆਂ ਵਿੱਚ ਮਾਨਯੋਗ ਮੁੱਖ ਮੰਤਰੀ ਖਿਲਾਫ ਜਾਂ ਕਿਸੇ ਵੀ ਮਾਨਯੋਗ ਕੈਬਨਿਟ ਮੰਤਰੀ ਖਿਲਾਫ਼ ਕੋਈ ਵੀ ਨਾਅਰੇਬਾਜ਼ੀ ਜਾਂ ਕੋਈ ਮੁਰਦਾਬਾਦ ਦੇ ਨਾਅਰੇ ਨਹੀਂ ਲਗਾਏ ਅਤੇ ਨਾ ਹੀ ਕਦੇ ਮਜ਼ਦੂਰੀ ਬਾਬਤ ਨਾਅਰੇ ਲਾਵਾਂਗੇ। ਉਨ੍ਹਾਂ ਕਿਹਾ ਕਿ ਅਗਰ ਰੇਟ ਲਿਸਟਾਂ ਜਾਰੀ ਨਹੀਂ ਹੋਈਆਂ ਤਾਂ ਆਉਣ ਵਾਲੀ 22 ਨਵੰਬਰ ਤੋਂ ਧਰਨੇ ਲੱਗਣੇ ਸ਼ੁਰੂ ਹੋ ਜਾਣਗੇ, ਜੋ ਰੋਜ਼ਾਨਾ ਲੱਗਿਆ ਕਰਨਗੇ। ਇਸ ਮੌਕੇ ਅੱਜ ਦੇ ਰੋਸ ਮੁਜ਼ਾਹਰਿਆਂ ਵਿੱਚ ਕੁੰਦਨ ਲਾਲ ਡਾਬਲਾ ਸਾਬਕਾ ਮੈਂਬਰ ਮਾਰਕੀਟ ਕਮੇਟੀ ਮਲੋਟ, ਰਮੇਸ਼ ਕੁਮਾਰ, ਅਮਰ ਸਿੰਘ ਬਾਗੜੀ, ਵੇਗ ਰਾਜ, ਸੁਖਦੇਵ ਸਿੰਘ ਅਤੇ ਹਰਦੀਪ ਸਿੰਘ ਗਰੇਵਾਲ ਆਦਿ ਹਾਜ਼ਿਰ ਸਨ। Author: Malout Live