ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਉਦੇਕਰਨ ਦੇ ਅਗਾਂਹਵਧੂ ਕਿਸਾਨ ਗੁਰਚਰਨ ਸਿੰਘ ਦੂਸਰਿਆਂ ਲਈ ਬਣਿਆ ਰਾਹ ਦਸੇਰਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਮੁਕਤਸਰ ਸਾਹਿਬ ਬਲਾਕ ਦੇ ਕਿਸਾਨ ਗੁਰਚਰਨ ਸਿੰਘ ਪੁੱਤਰ ਸ਼੍ਰੀ ਘੀਲਾ ਸਿੰਘ ਪਿੰਡ ਉਦੇਕਰਨ ਪਿਛਲੇ ਕਈ ਸਾਲਾਂ ਤੋਂ ਪਰਾਲੀ ਦਾ ਪ੍ਰਬੰਧਨ ਆਪਣੇ ਪੱਧਰ ਤੇ ਕਰਦਾ ਆ ਰਿਹਾ ਹੈ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ। ਝੋਨੇ ਅਤੇ ਬਾਸਮਤੀ ਦੀ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਕਿਸਾਨ ਗੁਰਚਰਨ ਸਿੰਘ ਅਨੁਸਾਰ ਉਸ ਨੇ ਇਸ ਵਾਰ 14 ਏਕੜ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਸੀ ਅਤੇ ਇਸ ਝੋਨੇ ਦੀ ਕਟਾਈ ਬਿਨ੍ਹਾਂ ਐੱਸ.ਐੱਮ.ਐੱਸ ਕੰਬਾਇਨ ਨਾਲ ਕੀਤੀ ਹੈ ਅਤੇ ਪਰਾਲੀ ਦਾ ਨਿਪਟਾਰਾ ਉਸ ਨੇ ਮਸ਼ੀਨੀ ਕਟਰ ਕਮ ਸਪਰੈਡਰ, ਮਲਚਰ, ਐੱਮ.ਬੀ.ਹਲ ਅਤੇ ਦੋ ਵਾਰ ਰੋਟਾਵੇਟਰ ਦੀ ਵਰਤੋਂ ਕਰਨ ਤੋਂ ਬਾਅਦ ਕਣਕ ਦੀ ਬਿਜਾਈ ਕਰ ਰਿਹਾ ਹੈ।
ਇਸ ਤਰ੍ਹਾਂ ਕਣਕ ਦੀ ਬਿਜਾਈ ਕਰਨ ਨਾਲ ਗੁਰਚਰਨ ਸਿੰਘ ਪਰਾਲੀ ਅਤੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਪ੍ਰਬੰਧਨ ਆਪਣੇ ਹੀ ਖੇਤਾਂ ਵਿੱਚ ਕਰ ਰਿਹਾ ਹੈ ਅਤੇ ਕਣਕ ਲਈ ਉਸਨੂੰ ਯੂਰੀਆਂ ਵਗੈਰਾ ਖਾਦਾਂ ਦੀ ਵੀ ਘੱਟ ਵਰਤੋ ਕਰਨੀ ਪੈਂਦੀ ਹੈ। ਕਿਸਾਨ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਦੂਸਰੇ ਕਿਸਾਨਾਂ ਨੂੰ ਵੀ ਪਰਾਲੀ ਦਾ ਨਿਪਟਾਰਾ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਕਰਨਾ ਚਾਹੀਦਾ ਹੈ। ਸ਼੍ਰੀ ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਸ਼੍ਰੀ ਜੋਬਨਦੀਪ ਸਿੰਘ ਏ.ਡੀ.ਓ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਗੁਰਚਰਨ ਸਿੰਘ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਅਤੇ ਇਸਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਬਜਾਏ ਇਸ ਦਾ ਨਿਪਟਾਰਾ ਆਪਣੇ ਖੇਤਾਂ ਵਿੱਚ ਹੀ ਕਰ ਲੈਣਾ ਚਾਹੀਦਾ ਹੈ। Author: Malout Live