ਡੈਪੋ ਪ੍ਰੋਜੈਕਟ ਦੀ ਸਮੀਖਿਆ ਲਈ ਐਸ.ਡੀ.ਐਮ ਨੇ ਕੀਤੀ ਬੈਠਕ
ਗਿੱਦੜਬਾਹਾ:- ਪੰਜਾਬ ਸਰਕਾਰ ਦੇ ਨਸ਼ਿਆਂ ਦੀ ਰੋਕਥਾਮ ਲਈ ਸ਼ੁਰੂ ਕੀਤੇ ਸਮਾਜਿਕ ਭਾਗੀਦਾਰੀ ਵਾਲੇ ਡੈਪੋ ਪ੍ਰੋਜੈਕਟ ਦੀ ਸਮੀਖਿਆ ਲਈ ਗਿੱਦੜਬਾਹਾ ਸਬ ਡਵੀਜ਼ਨ ਮਿਸ਼ਨ ਟੀਮ ਦੀ ਬੈਠਕ ਐਸ.ਡੀ.ਐਮ. ਸ੍ਰੀ ਓਮ ਪ੍ਰਕਾਸ਼ ਪੀਸੀਐਸ ਦੀ ਪ੍ਰਧਾਨਗੀ ਹੇਠ ਹੈ। ਬੈਠਕ ਦੌਰਾਨ ਆਉਣ ਵਾਲੇ ਸਮੇਂ ਵਿਚ ਕੀਤੀਆਂ ਜਾਣ ਵਾਲੀਆਂ ਜਾਗਰੂਕਤਾ ਗਤੀਵਿਧੀਆਂ ਦੀ ਯੋਜਨਾਬੰਦੀ ਕਰਨ ਦੇ ਨਾਲ ਨਾਲ ਪਿੱਛਲੇ ਸਮੇਂ ਵਿਚ ਹੋਏ ਕਾਰਜਾਂ ਦੀ ਸਮੀਖਿਆ ਵੀ ਕੀਤੀ ਗਈ।
ਬੈਠਕ ਦੌਰਾਨ ਐਸ.ਡੀ.ਐਮ. ਸ੍ਰੀ ਓਮ ਪ੍ਰਕਾਸ਼ ਨੇ ਪੁਲਿਸ ਵਿਭਾਗ ਨੂੰ ਕਿਹਾ ਕਿ ਉਹ ਪਿੰਡਾਂ ਅਤੇ ਵਾਰਡਾਂ ਵਿਚ ਸਮਾਂ ਸਾਰਣੀ ਬਣਾ ਕੇ ਜਾਗਰੂਕਤਾ ਲਈ ਕੈਂਪ ਲਗਾਉਣ। ਉਨਾਂ ਨੇ ਸਿਵਲ ਹਸਪਤਾਲ ਗਿੱਦੜਬਾਹਾ ਅਤੇ ਦੋਦਾ ਦੇ ਡਾਕਟਰਾਂ ਨੂੰ ਕਿਹਾ ਕਿ ਓਟ ਕਲੀਨਿਕਾਂ ਵਿਚ ਡੈਪੋ ਵੱਲੋਂ ਜਾਂ ਜੀਓਜੀ ਵੱਲੋਂ ਪ੍ਰੇਰਿਤ ਕਰਕੇ ਲਿਆਂਦੇ ਗਏ ਮਰੀਜਾਂ ਸਬੰਧੀ ਸੂਚਨਾ ਦਿੱਤੀ ਜਾਵੇ। ਇਸੇ ਤਰਾਂ ਉਨਾਂ ਨੇ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਕਾਲਜਾਂ ਅਤੇ ਸਕੂਲਾਂ ਵਿਚ ਸਡਿਊਲ ਅਨੁਸਾਰ ਜਾਗਰੁਕਤਾ ਗਤੀਵਿਧੀਆਂ ਕੀਤੀਆਂ ਜਾਣ ਤਾਂ ਜੋ ਸਾਡੀ ਅਗਲੀ ਪੀੜੀ ਨੂੰ ਨਸ਼ੇ ਦੀ ਦਲਦਲ ਵਿਚ ਜਾਣ ਤੋਂ ਰੋਕਿਆ ਜਾ ਸਕੇ। ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਪਿੰਡਾਂ ਵਿਚ ਜਾਗੋ ਅਤੇ ਹੋਰ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਵੇ। ਉਨਾਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿਚ ਹੋਣ ਵਾਲੇ ਖੇਡ ਮੇਲਿਆਂ ਦੌਰਾਨ ਪਹੁੰਚ ਕਰਕੇ ਲੋਕਾਂ ਨੂੰ ਡੈਪੋ ਪ੍ਰੋਗਰਾਮ ਅਤੇ ਨਸ਼ਿਆਂ ਤੋਂ ਪੀੜਤਾਂ ਦੇ ਇਲਾਜ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੁਲਤਾਂ ਸਬੰਧੀ ਜਾਣਕਾਰੀ ਦਿੱਤੀ ਜਾਵੇ। ਉਨਾਂ ਨੇ ਕਾਰਜ ਸਾਧਕ ਅਫ਼ਸਰ ਨੂੰ ਸ਼ਹਿਰ ਵਿਚ ਚੇਤਨਾ ਮੁਹਿੰਮ ਤੇਜ ਕਰਨ ਲਈ ਕਿਹਾ। ਬੈਠਕ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।