ਨਰਕ ਭਰਿਆ ਜੀਵਨ ਜੀਅ ਰਹੇ ਹਨ ਸਬ ਤਹਿਸੀਲ ਦੇ ਲੋਕ
ਸੰਗਤ ਮੰਡੀ :- ਸੰਗਤ ਮੰਡੀ ’ਚ ਸੀਵਰੇਜ ਦੀ ਸਮੱਸਿਆ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਮੁੱਖ ਬਾਜ਼ਾਰ ਸਮੇਤ ਮੰਡੀ ਦੀਆਂ ਕਈ ਮੁੱਖ ਗਲੀਆਂ ’ਚ ਹਰ ਸਮੇਂ ਸੀਵਰੇਜ ਦਾ ਪਾਣੀ ਲੀਕੇਜ ਹੋ ਰਿਹਾ ਹੈ। ਮੰਡੀ ’ਚ ਸਬ ਤਹਿਸੀਲ, ਸ਼ਹੀਦ ਭਗਤ ਸਿੰਘ ਪਾਰਕ ਅਤੇ ਮੰਦਰ ਨੂੰ ਜਾਣ ਵਾਲੀ ਮੁੱਖ ਗਲੀ ਦਾ ਵੀ ਇਹੋ ਹਾਲ ਹੈ। ਗੰਦੇ ਪਾਣੀ ਕਾਰਣ ਮੁਹੱਲਾ ਵਾਸੀਆਂ ’ਚ ਸੀਵਰੇਜ ਵਿਭਾਗ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਬ ਤਹਿਸੀਲ ਨੂੰ ਬਲਾਕ ਦੇ ਦਰਜਨਾਂ ਪਿੰਡ ਲੱਗਦੇ ਹਨ, ਜਿਥੇ ਹਰ ਸਮੇਂ ਕੰਮ ਕਰਵਾਉਣ ਆਉਣ ਵਾਲੇ ਕਿਸਾਨਾਂ ਅਤੇ ਆਮ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ, ਜਿਹਡ਼ੇ ਵਿਅਕਤੀ ਸਬ ਤਹਿਸੀਲ ਆਉਂਦੇ ਹਨ ਉਨ੍ਹਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀ ਸਡ਼ਕ ’ਚੋਂ ਲੰਘ ਕੇ ਆਉਣਾ ਪੈਂਦਾ ਹੈ। ਹੁਣ ਨੌਬਤ ਇਥੋਂ ਤੱਕ ਆ ਗਈ ਹੈ ਕਿ ਸਬ ਤਹਿਸੀਲ ਦੇ ਬਿਲਕੁੱਲ ਮੁੱਖ ਗੇਟ ਤੱਕ ਸੀਵਰੇਜ ਦਾ ਗੰਦਾ ਪਾਣੀ ਪਹੁੰਚ ਗਿਆ ਹੈ। ਇਥੇ ਇਹ ਸਮੱਸਿਆ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਹੈ, ਮੰਡੀ ਵਾਸੀਆਂ ਵੱਲੋਂ ਸੀਵਰੇਜ ਦੀ ਲੀਕੇਜ ਬੰਦ ਕਰਵਾਉਣ ਲਈ ਹੇਠਲੇ ਅਧਿਕਾਰੀਆਂ ਤੋਂ ਲੈ ਕੇ ਉੱਚ ਦਰਜੇ ਦੇ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਪਰ ਸਮੱਸਿਆ ਦਾ ਕਿਸੇ ਨੇ ਵੀ ਹੱਲ ਨਹੀਂ ਕੀਤਾ, ਮਜਬੂਰੀਵੱਸ ਮੰਡੀ ਵਾਸੀਆਂ ਵੱਲੋਂ ਇਸ ਸਮੱਸਿਆ ਦਾ ਹੱਲ ਕਰਨ ਲਈ ਆਪਣੇ ਕੋਲੋਂ ਪੈਸੇ ਖਰਚ ਕਰ ਕੇ ਸੀਵਰੇਜ ਦੇ ਢੱਕਣਾਂ ਨੂੰ ਉੱਚਾ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ, ਉਨ੍ਹਾਂ ਵੱਲੋਂ ਦੋ ਤਿੰਨ ਢੱਕਣਾਂ ਨੂੰ ਉੱਚਾ ਵੀ ਚੁੱਕ ਦਿੱਤਾ ਗਿਆ ਪਰ ਵਿਭਾਗ ਵਲੋਂ ਮੰਡੀ ਵਾਸੀਆਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ। ਸੰਗਤ ਮੰਡੀ ’ਚ ਕਰੋਡ਼ਾਂ ਦੀ ਲਾਗਤ ਨਾਲ ਸੀਵਰੇਜ ਸਿਸਟਮ ਪਾਇਆ ਗਿਆ ਹੈ। ਉਸ ਸਮੇਂ ਤੋਂ ਮੰਡੀ ਵਾਸੀ ਸਹੂਲਤ ਦੀ ਥਾਂ ’ਤੇ ਸਮੱਸਿਆ ਨਾਲ ਲਡ਼ ਰਹੇ ਹਨ, ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਸੀਵਰੇਜ ਪਾਉਣਾ ’ਤੇ ਕਰੋਡ਼ਾਂ ਲਾ ਕੇ ਵੀ ਫਾਇਦਾ ਇਕ ਪੈਸੇ ਦਾ ਨਹੀਂ ਹੋਇਆ।